ਅੰਮ੍ਰਿਤਸਰ, 21 ਦਸੰਬਰ, 2016 : ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਅਤੇ ਭੀੜ-ਖਿੱਚੂ ਸਟਾਰ ਪ੍ਰਚਾਰਕ ਭਗਵੰਤ ਮਾਨ ਮਜੀਠਾ ਹਲਕੇ ਤੋਂ ਆਪ ਦੇ ਉਮੀਦਵਾਰ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਕੱਲ੍ਹ 23 ਦਸੰਬਰ ਸ਼ੁੱਕਰਵਾਰ ਨੂੰ ਹਲਕੇ ਦੇ ਚਾਰ ਪ੍ਰਮੁਖ ਕਸਬਿਆਂ ਮਜੀਠਾ, ਚਵਿੰਡਾ ਦੇਵੀ, ਨਾਗ ਕਲਾਂ ਅਤੇ ਜੈਂਤੀਪੁਰ ਵਿਖੇ ਚਾਰ ਪ੍ਰੋਗਰਾਮ ਕਰ ਕੇ ਆਪ ਦੀ ਚੋਣ ਮੁਹਿੰਮ ਭਖਾਉਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਪ੍ਰਗਟ ਸਿੰਘ ਚੋਗਾਵਾਂ ਅਤੇ ਸੁਖਦੀਪ ਸਿੱਧੂ ਨੇ ਦੱਸਿਆ ਕਿ ਪਾਰਟੀ ਦੇ ਸਟਾਰ ਪ੍ਰਚਾਰਕ ਭਗਵੰਤ ਮਾਨ 23 ਦਸੰਬਰ ਸ਼ੁੱਕਰਵਾਰ ਵਾਲੇ ਦਿਨ ਸਵੇਰੇ 9.30 ਵਜੇ ਮਜੀਠਾ ਕਸਬੇ 'ਚ ਘਰੋ-ਘਰੀ ਸੰਪਰਕ, ਦੁਪਹਿਰ 1.00 ਵਜੇ ਹਲਕੇ ਦੇ ਵੱਡੇ ਪਿੰਡ ਨਾਗ ਕਲਾਂ 'ਚ ਜਨ-ਸਭਾ ਨੂੰ ਸੰਬੋਧਨ, ਬਾਅਦ ਦੁਪਹਿਰ 3.00 ਵਜੇ ਕਸਬਾ ਚਵਿੰਡਾ ਦੇਵੀ ਵਿਖੇ ਜਨ-ਸਭਾ ਨੂੰ ਸੰਬੋਧਨ ਅਤੇ ਸ਼ਾਮ 4.30 ਵਜੇ ਕਸਬਾ ਜੈਂਤੀਪੁਰ ਵਿਖੇ ਘਰੋ-ਘਰੀ ਸੰਪਰਕ ਕਰਨਗੇ। ਆਪ ਆਗੂਆਂ ਨੇ ਕਿਹਾ ਕਿ ਮਜੀਠਾ ਹਲਕੇ ਵਿੱਚ ਲੋਕਾਂ ਨੂੰ ਖੌਫ਼ ਅਤੇ ਦਬਾਅ ਦੇ ਮਾਹੌਲ ਵਿੱਚੋਂ ਕੇਵਲ ਆਮ ਆਦਮੀ ਪਾਰਟੀ ਹੀ ਕੱਢ ਸਕਦੀ ਹੈ ਜੋ ਨਿਧੜਕ ਹੋ ਕੇ ਸੱਤਾਧਾਰੀ ਵਜ਼ੀਰ ਦੇ ਦਹਿਸ਼ਤੀ-ਰਾਜ ਖਿਲਾਫ਼ ਮੈਦਾਨ 'ਚ ਨਿੱਤਰੀ ਹੈ। ਆਪ ਆਗੂਆਂ ਨੇ ਮਜੀਠਾ ਹਲਕੇ ਦੇ ਸਮੂਹ ਸੂਝਵਾਨ ਅਤੇ ਖ਼ਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਭ੍ਰਿਸ਼ਟ ਨਿਜ਼ਾਮ, ਨਸ਼ਿਆਂ, ਬੇਰੁਜ਼ਗਾਰੀ ਅਤੇ ਦਹਿਸ਼ਤੀ ਰਾਜ-ਪ੍ਰਬੰਧ ਤੋਂ ਮੁਕਤੀ ਪਾਉਣ ਲਈ ਭਗਵੰਤ ਮਾਨ ਦੀਆਂ ਜਨ-ਸਭਾਵਾਂ ਵਿੱਚ ਹੁੰਮ-ਹੁੰਮਾ ਕੇ ਪੁੱਜਣ ਅਤੇ ਆਮ ਆਦਮੀ ਪਾਰਟੀ ਦਾ ਡਟ ਕੇ ਸਾਥ ਦੇਣ। ਇਸ ਮੌਕੇ 'ਤੇ ਉਹਨਾਂ ਦੇ ਨਾਲ ਜ਼ੋਨ ਆਬਜ਼ਰਵਰ ਰਾਹੁਲ ਸ਼ੁਕਲਾ, ਜਸਕਰਨ ਬੰਦੇਸ਼ਾ, ਰਾਜਵਿੰਦਰ ਸਿੰਘ ਨਾਗ ਕਲਾਂ, ਲਖਵਿੰਦਰ ਸਿੰਘ ਬੇਗੇਵਾਲ, ਸਤਨਾਮ ਜੱਜ, ਪ੍ਰਿੰਸ ਮਨਵਿੰਦਰ ਚੋਗਾਵਾਂ ਅਤੇ ਵਿਭਵ ਸਿਨਹਾ ਵੀ ਮੌਜੂਦ ਸਨ।