ਚੰਡੀਗੜ੍ਹ, 21 ਦਸੰਬਰ, 2016 : ਭਾਰਤੀ ਜਨਤਾ ਪਾਰਟੀ ਐਸ.ਸੀ. ਮੋਰਚਾ ਦੇ ਜਲੰਧਰ ਦੀ ਬੂਟਾ ਮੰਡੀ ਵਿਖੇ ਅੱਜ ਹੋਏ ਐਸ.ਸੀ. ਮੋਰਚਾ ਵਰਕਰ ਸੰਮੇਲਨ ਦੌਰਾਨ ਜੁਟੇ ਭਾਰੀ ਇਕੱਠ ਨੂੰ ਸੰਬੋਧਿਤ ਕਰਦਿਆਂ ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਰਾਜ ਮੰਤਰੀ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਨੂੰ ਭਾਜਪਾ ਨੇ ਹੀ ਸਹੀ ਅਰਥਾਂ ਵਿਚ ਪਹਿਚਾਣਿਆਂ ਹੈ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਦੀ ਜੀਵਨ ਯਾਤਰਾ ਨਾਲ ਜੁੜੇ ਪੰਚ ਤੀਰਥ ਵਿਕਸਿਤ ਕਰਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਮਾਣ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਡਾ. ਅੰਬੇਡਕਰ ਦੇ ਜਨਮ ਸਥਾਨ ਮਹੂ, ਲੰਡਨ ਵਿਚ ਜਿਥੇ ਉਨ੍ਹਾਂ ਸਿੱਖਿਆ ਹਾਸਲ ਕੀਤੀ, ਨਾਗਪੁਰ ਵਿਚ ਦੀਕਸ਼ਾ ਭੂਮੀ, ਦਿੱਲੀ ਵਿਚ ਮਹਾ ਪ੍ਰੀਨਿਰਵਾਨ ਸਥਲ ਅਤੇ ਮੁੰਬਈ ਵਿਚ ਚੈਤਿਯ ਭੂਮੀ ਵਿਕਸਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਟਲ ਬਿਹਾਰੀ ਵਾਜਪਾਈ ਸਰਕਾਰ ਦੌਰਾਨ ਡਾ. ਅੰਬੇਡਕਰ ਦੇ ਜਨਮ ਅਸਥਾਨ ਵਿਖੇ ਸਮਾਰਕ ਬਣਾਇਆ ਅਤੇ ਸਿੱਖਿਆ ਤੇ ਸੰਸਕਾਰ ਵਾਲੀ ਭੂਮੀ ਨੂੰ ਸੰਭਾਲਣ ਦਾ ਕੰਮ ਸ਼ੁਰੂ ਕੀਤਾ, ਲੇਕਿਨ ਬਾਅਦ ਦੀਆਂ ਸਰਕਾਰਾਂ ਨੇ ਇਸਨੂੰ ਵਿਸਾਰ ਦਿੱਤਾ ਗਿਆ ਪਰੰਤੂ ਹੁਣ ਇੰਨ੍ਹਾਂ ਯਾਦਾਂ ਨੂੰ ਸੰਭਾਲਣ ਦਾ ਕੰਮ ਮੌਜੂਦਾ ਕੇਂਦਰ ਸਰਕਾਰ ਨੇ ਕੀਤਾ ਹੈ।
ਵਿਜੇ ਸਾਂਪਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਦਲਿਤ ਭਾਈਚਾਰੇ ਨੂੰ ਨੌਕਰੀ ਮੰਗਣ ਲਈ ਦਰ-ਦਰ ਭਟਕਣ ਦੀ ਜਗ੍ਹਾ ਨੌਕਰੀ ਦੇਣ ਵਾਲਾ ਬਣਾਉਣ ਵਾਸਤੇ ਐਸਸੀ/ਐਸਟੀ ਹੱਬ, ਜ਼ੀਰੋ ਡਿਫੈਕਟ ਤੇ ਜ਼ੀਰੋ ਇਫੈਕਟ ਅਤੇ ਵੈਂਚਰ ਕੈਪੀਟਲ ਫੰਡ ਸਕੀਮਾਂ ਚਲਾਈਆਂ ਹਨ, ਜਿਸ ਤਹਿਤ 15 ਕਰੋੜ ਰੁਪਏ ਤੱਕ ਲੋਨ ਮਿਲੇਗਾ ਅਤੇ ਅਨੁਸੂਚਿਤ ਜਾਤੀ ਸਮਾਜ ਦੇ ਲੋਕ ਆਪਣੀ ਸਨਅਤ ਸਥਾਪਿਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਉੱਜਵਲਾ ਯੋਜਨਾ ਤਹਿਤ ਗਰੀਬ ਤੇ ਲੋੜਵੰਦ ਮਹਿਲਾਵਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਦਿੱਤੇ ਜਾ ਰਹੇ ਹਨ।
ਕੇਂਦਰੀ ਵਿੱਤ ਰਾਜ ਮੰਤਰੀ ਅਰਜੁਨ ਮੇਘਵਾਲ ਨੇ ਕਾਂਗਰਸ ਪਾਰਟੀ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਕਾਂਗਰਸੀ ਆਗੂ ਡਾ. ਅੰਬੇਡਕਰ ਨੂੰ ਪਸੰਦ ਨਹੀਂ ਕਰਦੇ ਸਨ, ਜਦਕਿ ਬਾਬਾ ਸਾਹਿਬ ਖ਼ੁਦ ਆਪਣੀ ਯੋਗਤਾ ਨਾਲ ਹੀ ਅੱਗੇ ਵਧੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰਾਂ ਨੇ ਸਮਾਜਿਕ ਤੇ ਆਰਥਿਕ ਸਮਾਨਤਾ ਲਿਆਉਣ ਦਾ ਕੰਮ ਨਹੀਂ ਕੀਤਾ, ਬਦਕਿ ਅਨੁਸੂਚਿਤ ਜਾਤੀ ਸਮਾਜ ਦਾ ਇਹ ਸੁਪਨਾ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਪੂਰਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਟੈਂਡਅੱਪ ਇੰਡੀਆ ਤਹਿਤ 10 ਲੱਖ ਤੋਂ 1 ਕਰੋੜ ਦਾ ਲੋਨ ਮਿਲੇਗਾ ਤਾਂ ਅਨੁਸੂਚਿਤ ਸਮਾਜ ਦਾ ਉਦਮੀ ਰੁਜਗਾਰ ਦੇਣ ਵਾਲਾ ਬਣੇਗਾ ਜਦਕਿ ਵੈਚਰ ਕੈਪੀਟਲ ਫੰਡ ਤਹਿਤ ਘੱਟੋ ਘੱਟ 50 ਲੱਖ ਤੇ ਵੱਧ ਤੋਂ ਵੱਧ 15 ਕਰੋੜ ਲੋਨ ਸਰਕਾਰ ਵਲੋਂ ਦਿੱਤਾ ਜਾ ਰਿਹਾ ਹੈ। ਸ੍ਰੀ ਅਰਜੁਨ ਮੇਘਵਾਲ ਨੇ ਦਾਅਵਾ ਕੀਤਾ ਕਿ ਨੋਟਬੰਦੀ ਦਾ ਸਭ ਤੋਂ ਵੱਡਾ ਫਾਇਦਾ ਅਨੁਸੂਚਿਤ ਜਾਤੀ ਸਮਾਜ ਨੂੰ ਹੋਣ ਜਾ ਰਿਹਾ ਹੈ, ਜਿਸ ਨਾਲ ਸਮਾਜਿਕ ਤੇ ਆਰਥਿਕ ਸਮਾਨਤਾ ਦਾ ਪੱਧਰ ਵਧੇਗਾ ਅਤੇ ਅਮੀਰ ਤੇ ਗਰੀਬ ਵਿਚਲੀ ਖਾਈ ਘਟੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਖੁਦ ਬੈਂਕਾਂ ਅੱਗੇ ਲਾਈਨਾਂ 'ਚ ਖੜ੍ਹ ਕੇ ਵੇਖਿਆ ਕਿ ਲੋਕ ਕੁਝ ਪ੍ਰੇਸ਼ਾਨੀ ਦੇ ਬਾਵਜੂਦ ਵੀ ਇਸ ਫੈਸਲੇ ਨੂੰ ਸਮਰਥਨ ਦੇ ਰਹੇ ਸਨ।
ਪਾਰਲੀਮੈਂਟ ਮੈਂਬਰ ਤੇ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਵਿਨੋਦ ਸੋਨਕਰ ਨੇ ਕਿਹਾ ਕਿ ਨੋਟਬੰਦੀ ਦਾ ਫੈਸਲਾ ਲੈਣ ਦੀ ਸਲਾਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵੀ ਦਿੱਤੀ ਗਈ ਸੀ, ਲੇਕਿਨ ਸੱਤਾ ਖੁਸਣ ਦੇ ਡਰੋਂ ਉਸਨੇ ਕੁਝ ਨਹੀਂ ਕੀਤਾ, ਪਰੰਤੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਹਸ ਵਿਖਾਉਂਦਿਆਂ ਇਹ ਨਿਰਣਾ ਲਿਆ ਹੈ, ਜਿਸ ਤੋਂ ਬਾਅਦ ਕਾਲਾਧਨ ਰੱਖਣ ਤੇ ਭਰਿਸ਼ਟਾਚਾਰ ਕਰਨ ਵਾਲਿਆਂ ਦੀ ਨੀਂਦ ਉੱਡ ਗਈ ਹੈ। ਉਨ੍ਹਾਂ ਚੰਡੀਗੜ੍ਹ ਦੇ ਲੋਕਾਂ ਨੂੰ ਜਿੱਤ ਦੀ ਵਧਾਈ ਦਿੰਦਿਆਂ ਕਿਹਾ ਕਿ ਨੋਟਬੰਦੀ ਤੋਂ ਬਾਅਦ ਗੁਜਰਾਤ, ਮਹਾਰਾਸ਼ਟਰ, ਰਾਜਸਥਾਨ ਅਤੇ ਚੰਡੀਗੜ੍ਹ ਦੀ ਜਨਤਾ ਨੇ ਭਾਜਪਾ ਦੀਆਂ ਨੀਤੀਆਂ 'ਤੇ ਮੋਹਰ ਲਾਉਂਦਿਆਂ ਵੱਡਾ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਨਾ ਦਲਿਤਾਂ ਦੀ ਚਿੰਤਾ ਹੈ ਤੇ ਨਾ ਉਨ੍ਹਾਂ ਦੇ ਪੁਰਖਿਆਂ ਦੀ, ਬਲਕਿ ਸਿਰਫ਼ ਵੋਟ ਬੈਂਕ ਦੀ ਚਿੰਤਾ ਹੈ। ਬਹੁਜਨ ਸਮਾਜ ਪਾਰਟੀ ਵੀ ਦਲਿਤਾਂ ਦੀ ਨੁਮਾਇੰਦਾ ਹੋਣ ਦਾ ਦਾਅਵਾ ਕਰਦੀ ਸੀ, ਪਰੰਤੂ ਪਾਰਲੀਮੈਂਟ ਚੋਣਾਂ ਵਿਚ ਦੇਸ਼ ਦੇ ਅਨੁਸੂਚਿਤ ਸਮਾਜ ਨੇ ਬਸਪਾ ਨੂੰ ਵੀ ਜ਼ੀਰੋ ਕਰ ਦਿੱਤਾ ਹੈ। ਉਨ੍ਹਾਂ ਮੋਰਚਾ ਦੇ ਵਰਕਰਾਂ ਨੂੰ ਕਿਹਾ ਕਿ ਉਹ ਕੇਜਰੀਵਾਲ ਨੂੰ ਪੰਜਾਬ ਆਉਣ 'ਤੇ ਸਵਾਲ ਕਰਨ ਕਿ ਅਨੁਸੂਚਿਤ ਸਮਾਜ ਨਾਲ ਕੀਤੇ ਵਾਅਦਿਆਂ ਵਿਚੋਂ ਕਿਹੜਾ ਪੂਰਾ ਕੀਤਾ ਹੈ ਅਤੇ ਕੇਜਰੀਵਾਲ ਦਾ ਜਬਰਦਸਤ ਵਿਰੋਧ ਕੀਤਾ ਜਾਵੇ। ਉਨ੍ਹਾਂ ਸੱਦਾ ਦਿੱਤਾ ਕਿ ਪੰਜਾਬ ਦਾ ਅਨੁਸੂਚਿਤ ਸਮਾਜ ਇਕਜੁਟ ਹੋ ਕੇ ਭਾਜਪਾ-ਅਕਾਲੀ ਦਲ ਗੱਠਜੋੜ ਨੂੰ ਭਰਪੂਰ ਸਮਰਥਨ ਦੇਵੇ।
ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਤੇ ਐਮ.ਪੀ. ਦੁਸ਼ਅੰਤ ਗੌਤਮ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਨੇ ਸਮਾਜ ਵਿਚ ਆਰਥਿਕ ਸਮਾਨਤਾ ਲਿਆਉਣ ਲਈ ਹਰ ਦਸ ਸਾਲ ਬਾਅਦ ਕਰੰਸੀ ਬਦਲ ਦੇਣ ਦੀ ਗੱਲ ਆਖੀ ਸੀ, ਜਿਸ ਤੋਂ ਪ੍ਰੇਰਿਤ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਹਸੀ ਫੈਸਲਾ ਲਿਆ ਹੈ ਅਤੇ ਦੇਸ਼ ਦੇ ਦਲਿਤਾਂ ਨੂੰ ਚਿੰਤਾ ਮੁਕਤ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਜਿਹੋ ਜਿਹਾ ਭਾਰਤ ਵੇਖਣਾ ਚਾਹੁੰਦੇ ਸਨ, ਉਹ ਕਾਂਗਰਸ ਨੇ ਬਣਨ ਨਹੀਂ ਦਿੱਤਾ। ਇਥੋਂ ਤੱਕ ਕਿ ਕਾਂਗਰਸ ਪਾਰਟੀ ਦੇ ਰਾਜ ਵਿਚ ਬਾਬਾ ਸਾਹਿਬ ਦੀ ਦਿੱਲੀ ਵਿਚ ਸਮਾਧੀ ਵੀ ਬਣਨ ਨਹੀਂ ਦਿੱਤੀ ਗਈ, ਜਦਕਿ ਸ੍ਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਡਾ. ਅੰਬੇਡਕਰ ਦੀ ਸਮਾਧੀ ਬਣਵਾਈ ਹੈ। ਉਨ੍ਹਾਂ ਪੰਜਾਬ ਦੀ ਭਾਜਪਾ-ਅਕਾਲੀ ਦਲ ਗੱਠਜੋੜ ਸਰਕਾਰ ਵਲੋਂ ਸੂਬੇ ਦੇ ਗਰੀਬ ਤੇ ਪਛੜੇ ਵਰਗਾਂ ਲਈ ਕੀਤੇ ਕੰਮਾਂ ਦੀ ਪ੍ਰਸ਼ੰਸਾ ਕਰਦਿਆਂ ਅੰਮ੍ਰਿਤਸਰ ਦੇ ਰਾਮ ਤੀਰਥ ਵਿਖੇ ਭਗਵਾਨ ਵਾਲਮੀਕਿ ਜੀ ਦੇ ਆਲੌਕਿਕ ਤੀਰਥ ਸਥਲ ਦੇ ਨਿਰਮਾਣ ਤੇ ਨਵੀਨੀਕਰਨ ਅਤੇ ਖੁਰਾਲਗੜ੍ਹ ਵਿਖੇ ਗੁਰੂ ਰਵੀਦਾਸ ਜੀ ਮੰਦਿਰ ਦੇ ਨਿਰਮਾਣ ਕਰਨ ਲਈ ਸਰਕਾਰ ਦਾ ਧੰਨਵਾਦ ਕੀਤਾ।
ਇਸ ਮੌਕੇ ਭਾਜਪਾ ਦੇ ਸੂਬਾ ਜਥੇਬੰਦਕ ਜਨਰਲ ਸਕੱਤਰ ਦਿਨੇਸ਼ ਕੁਮਾਰ, ਕੈਬਨਿਟ ਮੰਤਰੀ ਭਗਤ ਚੁੰਨੀ ਲਾਲ, ਭਾਜਪਾ ਐਸ. ਸੀ. ਮੋਰਚਾ ਪੰਜਾਬ ਦੇ ਪ੍ਰਧਾਨ ਮਨਜੀਤ ਬਾਲੀ, ਵਿਧਾਇਕ ਮਨੋਰੰਜਨ ਕਾਲੀਆ, ਕੇ.ਡੀ. ਭੰਡਾਰੀ, ਸੋਮ ਪ੍ਰਕਾਸ਼, ਭਾਜਪਾ ਦੇ ਸੂਬਾ ਜਨਰਲ ਸਕੱਤਰ ਕੇਵਲ ਕੁਮਾਰ, ਜੀਵਨ ਕੁਮਾਰ, ਪ੍ਰਸਿੱਧ ਸੂਫ਼ੀ ਕਲਾਕਾਰ ਤੇ ਭਾਜਪਾ ਆਗੂ ਹੰਸ ਰਾਜ ਹੰਸ, ਮੋਰਚਾ ਦੇ ਸੂਬਾ ਜਨਰਲ ਸਕੱਤਰ ਸ਼ੀਤਲ ਅੰਗੁਰਾਲ, ਸਕੱਤਰ ਦੀਪਕ ਤੇਲੂ, ਚੇਅਰਮੈਨ ਕੀਮਤੀ ਭਗਤ, ਸੋਸ਼ਲ ਮੀਡੀਆ ਸੈਲ ਦੇ ਕਨਵੀਨਰ ਅਮਿਤ ਤਨੇਜਾ, ਮਹਿੰਦਰ ਭਗਤ, ਸੋਨੂੰ ਦਿਨਕਰ, ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਸ਼ਿਵਬੀਰ ਸਿੰਘ ਰਾਜਨ, ਜਨਰਲ ਸਕੱਤਰ ਆਸ਼ੂ ਸਾਂਪਲਾ, ਰੋਬਿਨ ਸਾਂਪਲਾ, ਜਿਲ੍ਹਾ ਜਲੰਧਰ ਦੇ ਭਾਜਪਾ ਪ੍ਰਧਾਨ ਰਮੇਸ਼ ਸ਼ਰਮਾ, ਮੀਤ ਪ੍ਰਧਾਨ ਸੁਭਾਸ਼ ਭਗਤ, ਮੀਡੀਆ ਸੈਲ ਦੇ ਸੂਬਾ ਕਨਵੀਨਰ ਜਨਾਰਧਨ ਸ਼ਰਮਾ, ਸਹਾਇਕ ਮੀਡੀਆ ਕਨਵੀਨਰ ਭਗਤ ਮਨੋਹਰ ਲਾਲ, ਚਮਨ ਲਾਲ ਬੰਟੀ, ਮੋਹਿਤ ਭਾਰਦਵਾਜ, ਰਾਜਨ ਅੰਗੁਰਾਲ ਤੇ ਹੋਰ ਮੌਜੂਦ ਸਨ।