ਨਵੀਂ ਦਿੱਲੀ, 21 ਦਸੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ ਵਿਖੇ ਇਕ ਈ.ਜੀ.ਐਸ ਅਧਿਆਪਕ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ 'ਤੇ ਡੂੰਘਾ ਦੁੱਖ ਪ੍ਰਗਟਾਉਂਦਿਆਂ, ਅੰਦੋਲਨਕਾਰੀ ਅਧਿਆਪਕਾਂ ਨੂੰ ਅਜਿਹੇ ਕਦਮ ਚੁੱਕਣ ਲਈ ਮਜ਼ਬੂਤ ਕਰਨ ਵਾਸਤੇ ਬਾਦਲ ਸਰਕਾਰ ਦੀ ਪੂਰੀ ਤਰ੍ਹਾਂ ਉਦਾਸੀਨਤਾ ਤੇ ਗੈਰ ਮਨੁੱਖੀ ਰਵੱਈਏ ਨੂੰ ਦੋਸ਼ੀ ਠਹਿਰਾਇਆ ਹੈ।
ਇਸ ਲੜੀ ਹੇਠ ਐਜੁਕੇਸ਼ਨ ਗਰੰਟੀ ਸਕੀਮ (ਈ.ਜੀ.ਐਸ) ਅਧਿਆਪਕਾਂ ਦੇ ਪ੍ਰਦਰਸ਼ਨ ਦੌਰਾਨ ਸਿਮਰਜੀਤ ਸਿੰਘ ਵੱਲੋਂ ਖੁਦ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਦੀ ਘਟਨਾ, ਦੋ ਦਿਨ ਪਹਿਲਾਂ ਇਕ ਪ੍ਰੇਸ਼ਾਨ ਕਿਸਾਨ ਵੱਲੋਂ ਸੰਗਰੂਰ ਵਿਖੇ ਸੂਬੇ ਦੇ ਵਿੱਤ ਮੰਤਰੀ ਦੇ ਘਰ ਸਾਹਮਣੇ ਜਹਿਰ ਖਾਣ ਤੋਂ ਬਾਅਦ ਸਾਹਮਣੇ ਆਈ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਘਟਨਾਵਾਂ ਬਾਦਲਾਂ ਦੇ ਪੰਜਾਬ ਦੇ ਆਮ ਲੋਕਾਂ ਪ੍ਰਤੀ ਕਠੋਰ ਰਵੱਈਏ ਨੂੰ ਦਰਸਾਉਂਦੀਆਂ ਹਨ, ਜਿਹੜੀ ਅਕਾਲੀ ਸਰਕਾਰ ਲਗਾਤਾਰ ਅੰਦੋਲਨਕਾਰੀ ਅਧਿਆਪਕਾਂ ਦੀਆਂ ਲੰਬੇ ਵਕਤ ਤੋਂ ਚੱਲੀਆਂ ਆ ਰਹੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਕੇ ਹਾਲਾਤਾਂ ਨੂੰ ਬਿਗਾੜ ਰਹੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲ ਸਰਕਾਰ ਦੇ ਉਦਾਸੀਨ ਰਵੱਈਏ ਕਾਰਨ ਸੂਬੇ ਦੇ ਵੱਖ ਵੱਖ ਵਰਗਾਂ ਨਾਲ ਸਬੰਧਤ ਅਧਿਆਪਕ ਬੀਤੇ ਕਈ ਸਾਲਾਂ ਤੋਂ ਅੰਦੋਲਨ ਕਰ ਰਹੇ ਹਨ, ਲੇਕਿਨ ਅਥਾਰਿਟੀਜ਼ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ 'ਤੇ ਧਿਆਨ ਦੇਣ 'ਚ ਨਾਕਾਮ ਰਹੀਆਂ ਹਨ।
ਈ.ਜੀ.ਐਸ ਅਧਿਆਪਕਾਂ ਨੂੰ ਸਰਕਾਰ ਵੱਲੋਂ 2014 ਲੋਕ ਸਭਾ ਚੋਣਾਂ ਤੋਂ ਪਹਿਲਾਂ ਨਿਯੁਕਤ ਕੀਤਾ ਗਿਆ ਸੀ, ਜਿਹੜੇ ਆਪਣੀਆਂ ਨੌਕਰੀਆਂ ਨੂੰ ਰੈਗੁਲਰ ਕੀਤੇ ਜਾਣ ਦੀ ਮੰਗ ਕਰ ਰਹੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸੂਬਾ ਸਰਕਾਰ ਈ.ਜੀ.ਐਸ ਸਮੇਤ ਈ.ਟੀ.ਟੀ ਅਧਿਆਪਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ 'ਚ ਨਾਕਾਮ ਰਹੀ ਹੈ, ਜਿਹੜੇ ਰਾਖਵੀਆਂ ਟੀਚਿੰਗ ਪੋਸਟਾਂ ਨੂੰ ਭਰਨ ਪ੍ਰਤੀ ਆਪਣੀਆਂ ਮੰਗਾਂ ਬਾਰੇ ਬਾਦਲਾਂ ਦੇ ਉਦਾਸੀਨ ਰਵੱਈਏ ਖਿਲਾਫ ਰੋਸ ਪ੍ਰਗਟਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਉਲਟ ਬਾਦਲ ਅੰਦੋਲਨਕਾਰੀ ਈ.ਟੀ.ਟੀ ਅਧਿਆਪਕਾਂ ਨੂੰ ਪੂਰੀ ਤਰ੍ਹਾਂ ਨਜਰਅੰਦਾਜ ਕਰ ਰਹੇ ਹਨ, ਜਿਨ੍ਹਾਂ 'ਚੋਂ ਕਈ ਆਪਣਾ ਰੋਸ ਪ੍ਰਗਟਾਉਣ ਵਾਸਤੇ ਪਾਣੀਆਂ ਦੀਆਂ ਟੈਂਕੀਆਂ 'ਤੇ ਚੜ੍ਹ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਬੀਤੇ ਦਿਨੀਂ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕੇ ਲੰਬੀ 'ਚ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਈ.ਟੀ.ਟੀ ਅਧਿਆਪਕਾਂ 'ਤੇ ਅਸਲਿਅਤ 'ਚ ਪੁਲਿਸ ਵੱਲੋਂ ਬਾਦਲ ਸਰਕਾਰ ਦੇ ਇਸ਼ਾਰੇ 'ਤੇ ਲਾਠੀਚਾਰਜ਼ ਕੀਤਾ ਗਿਆ ਸੀ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਕੁਝ ਦਿਨ ਪਹਿਲਾਂ ਈ.ਟੀ.ਟੀ ਅਧਿਆਪਕਾਂ ਦੇ ਅੰਦੋਲਨ ਨੂੰ ਲੈ ਕੇ ਸਿੱਖਿਆ ਵਿਭਾਗ ਦੇ ਅਫਸਰਾਂ 'ਤੇ ਖੂਬ ਵਰ੍ਹਿਆ ਹੈ। ਜਿਸ 'ਤੇ ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਧਿਆਪਕਾਂ ਨੂੰ ਪ੍ਰਦਰਸ਼ਨ ਵਾਸਤੇ ਉਤਰਨ ਤੋਂ ਰੋਕਣ ਲਈ ਤੁਰੰਤ ਕਦਮ ਚੁੱਕਣ ਲਈ ਕਿਹਾ ਹੈ।
ਉਨ੍ਹਾਂ ਨੇ ਮੁੱਖ ਮੰਤਰੀ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਹਾਲਾਤਾਂ ਦੇ ਹੱਥੋਂ ਨਿਕਲੇ ਜਾਣ ਦੇ ਉਲਟ, ਪੰਜਾਬ ਦੇ ਅਧਿਆਪਕ ਸਰਕਾਰ ਵੱਲੋਂ ਬੇਹਤਰ ਵਤੀਰੇ ਦੀ ਉਮੀਦ ਰੱਖਦੇ ਹਨ।