ਚੰਡੀਗੜ੍ਹ, 22 ਦਸੰਬਰ, 2016 : ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ 25 ਦਸੰਬਰ ਨੂੰ ਫਾਜ਼ਿਲਕਾ 'ਚ ਇਕ ਵੱਡਾ ਕਿਸਾਨ ਸੰਮੇਲਨ ਆਯੋਜਿਤ ਕਰਨ ਜਾ ਰਿਹਾ ਹੈ। ਭਾਜਪਾ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੰਮੇਲਨ ਵਿਚ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ, ਕੇਂਦਰੀ ਰਾਜ ਮੰਤਰੀ ਸ੍ਰੀ ਸੰਜੀਵ ਬਾਲਿਆਨ, ਕੇਂਦਰੀ ਰਾਜ ਮੰਤਰੀ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਵਿਜੇ ਸਾਂਪਲਾ, ਭਾਜਪਾ ਕਿਸਾਨ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਬਰਿੰਦਰ ਸਿੰਘ ਮਸਤ ਅਤੇ ਭਾਜਪਾ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਸ. ਸੁਖਪਾਲ ਸਿੰਘ ਨੰਨੂ ਤੋਂ ਇਲਾਵਾ ਕਈ ਸੂਬਾਈ ਆਗੂ ਸ਼ਾਮਲ ਹੋਣਗੇ। ਸ੍ਰੀ ਜੋਸ਼ੀ ਨੇ ਦੱਸਿਆ ਕਿ ਭਾਜਪਾ ਕਿਸਾਨ ਮੋਰਚਾ ਦਾ ਇਹ ਸੰਮੇਲਨ ਫਾਜ਼ਿਲਕਾ ਦੇ ਐਮ.ਐਲ. ਸਟੇਡੀਅਮ ਵਿਖੇ ਹੋਵੇਗਾ, ਜਿਸ ਵਿਚ ਪੰਜਾਬ ਭਰ ਤੋਂ ਕਿਸਾਨ ਅਤੇ ਮੋਰਚਾ ਦੇ ਬੂਥ ਪੱਧਰ ਦੇ ਵਰਕਰ ਕਾਫ਼ਲਿਆਂ ਦੇ ਰੂਪ ਵਿਚ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਮੀਟਿੰਗਾਂ ਕਰਕੇ ਮੋਰਚੇ ਨਾਲ ਸਬੰਧਤ ਕਿਸਾਨ ਆਗੂਆਂ ਤੇ ਵਰਕਰਾਂ ਨੂੰ ਕੇਂਦਰ ਤੇ ਪੰਜਾਬ ਦੀ ਗੱਠਜੋੜ ਸਰਕਾਰ ਦੀਆਂ ਉਪਲੱਬਧੀਆਂ ਬਾਰੇ ਜਨਤਾ ਨੂੰ ਜਾਗਰੂਕ ਕਰਨ ਅਤੇ ਬੂਥ ਪੱਧਰ 'ਤੇ ਸਰਗਰਮ ਹੋਣ ਬਾਰੇ ਕਿਹਾ ਗਿਆ ਹੈ। ਭਾਰਤੀ ਜਨਤਾ ਪਾਰਟੀ ਦੇ ਘੱਟ ਗਿਣਤੀ ਮੋਰਚਾ ਦਾ ਸੰਮੇਲਨ 27 ਦਸੰਬਰ ਨੂੰ ਮੁਕੇਰੀਆਂ ਵਿਚ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਭਾਜਪਾ ਦੇ ਕੌਮੀਂ ਬੁਲਾਰੇ ਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਸ਼ਾਹ ਨਵਾਜ ਹੁਸੈਨ ਸ਼ਾਮਲ ਹੋਣਗੇ।