ਮਜੀਠਾ ਵਿਖੇ 4 ਕਰੋੜ ਦੀ ਲਾਗਤ ਨਾਲ ਉੱਸਾਰੇ ਗਏ ਸਬ-ਡਿਵੀਜਨ ਕੰਪਲੈਕਸ ਦਾ ਉਦਘਾਟਨ ਕਰ ਦੇ ਹੋਏ ਸ: ਬਿਕਰਮ ਸਿੰਘ ਮਜੀਠੀਆ ਤੇ ਹੋਰ।
ਮਜੀਠਾ, 23 ਦਸੰਬਰ, 2016 : ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਲੋਕਾਂ ਨੂੰ ਅਪੀਲ ਕਰਦਿਆਂ ਤਰੱਕੀ ਅਤੇ ਖੁਸ਼ਹਾਲੀ ਦੀ ਰਫ਼ਤਾਰ ਨੂੰ ਬਣਾਈ ਰਖਣ ਲਈ 2017 ਦੀਆ ਚੋਣਾਂ 'ਚ ਧੜੇਬੰਦੀ ਤੋਂ ਉੱਪਰ ਉੱਠ ਕੇ ਚੋਣ ਨਿਸ਼ਾਨ ਤਕੜੀ 'ਤੇ ਹੱਥ ਰੱਖਣ ਸੱਦਾ ਦਿੱਤਾ।
ਮਜੀਠਾ ਨੂੰ ਸਬਡਵੀਜ਼ਨ ਬਣਾਉਣ ਲਈ ਲੋਕਾਂ ਦੀ 50 ਸਾਲਾਂ ਦੀ ਮੰਗ ਪੂਰੀ ਕਰਾਉਣ ਉਪਰੰਤ ਸ: ਮਜੀਠੀਆ ਅਜ ਮਜੀਠਾ ਵਿਖੇ 4 ਕਰੋੜ ਦੀ ਲਾਗਤ ਨਾਲ ਉੱਸਾਰੇ ਗਏ ਸਬ-ਡਿਵੀਜਨ ਕੰਪਲੈਕਸ ਦਾ ਉਦਘਾਟਨ ਕਰਨ ਆਏ ਸਨ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਦੇਸ਼ ਭਰ 'ਚ ਲੋਕਾਂ ਨੇ ਕਾਂਗਰਸ ਦਾ ਅਜਿਹਾ ਧਮਾਕਾ ਪਾ ਦਿੱਤਾ ਕਿ ਅੱਜ ਉਸ ਤੋਂ ਵਿਰੋਧੀ ਧਿਰ ਦਾ ਆਗੂ ਵੀ ਨਹੀਂ ਬਣਾ ਸਕਿਆ , ਜਿਸ ਕਾਰਨ ਅੱਜ ਆਈ ਸੀ ਯੂ 'ਚ ਲੇਟੀ ਕਾਂਗਰਸ ਨੂੰ ਕੋਈ ਹੋਸ਼ ਨਹੀਂ ਰਹੀ।ਕੇਜਰੀਵਾਲ ਵੱਲੋਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਬਾਰੇ ਪੁੱਛੇ ਜਾਣ 'ਤੇ ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਅਤੇ ਕੇਜਰੀਵਾਲ ਸਤਾ ਹਥਿਆਉਣ ਲਈ ਤਰਲੋਮੱਛੀ ਹਨ ਜਿਸ ਲਈ ਉਹ ਹਰ ਪ੍ਰਕਾਰ ਦਾ ਸ਼ੋਸ਼ਾ ਛੱਡਣ 'ਚ ਇੱਕ ਦੂਜੇ ਤੋਂ ਅੱਗੇ ਲੰਘ ਰਹੇ ਹਨ। ਉਹਨਾਂ ਕਿਹਾ ਕਿ ਦਿੱਲੀ 'ਚ ਤਾਂ ਕੇਜਰੀਵਾਲ ਨੇ ਕਿਸੇ ਕਿਸਾਨ ਦਾ ਕਰਜ਼ਾ ਕੀ ਮੁਆਫ਼ ਕਰਨਾ ਕਿਸਾਨਾਂ ਦੀਆਂ ਮੋਟਰਾਂ ਦੇ ਬਿਲ ਤੱਕ ਲਏ ਜਾ ਰਹੇ ਹਨ। ਦਿੱਲੀ 'ਚ ਦਲਿਤ ਵਜ਼ੀਰ ਨੂੰ ਬਾਹਰ ਦਾ ਰਸਤਾ ਦਿਖਾ ਚੁੱਕੇ ਕੇਜਰੀਵਾਲ ਪੰਜਾਬ ਵਿੱਚ ਦਲਿਤ ਨੂੰ ਉਪ ਮੁੱਖ ਮੰਤਰੀ ਦਾ ਸੁਪਨਾ ਦਿਖਾ ਕੇ ਦਲਿਤ ਵਰਗ ਨੂੰ ਵਰਚਾਉਣਾ ਚਾਹੁੰਦਾ ਹੈ। ਜਦ ਕਿ ਸਭ ਨੂੰ ਪਤਾ ਹੈ ਕਿ ਉਸ ਨੇ ਪੰਜਾਬ ਦੇ ਦਲਿਤ ਆਗੂ ਜੋ ਸੰਸਦ ਮੈਂਬਰ ਬਣਿਆ ਉਸ ਨੂੰ ਵੀ ਪਾਰਟੀ ਤੋਂ ਬਾਹਰ ਕੱਢ ਮਾਰਿਆ। ਐੱਸ ਵਾਈ ਐੱਲ ਮੁੱਦੇ 'ਤੇ ਪੰਜਾਬ ਦੀ ਪਿੱਠ 'ਚ ਛੁਰਾ ਮਾਰਨ ਵਾਲੇ 'ਤੇ ਉਸ ਦੇ ਆਪਣੇ ਬੱਚੇ ਵੀ ਵਿਸ਼ਵਾਸ ਨਹੀਂ ਕਰ ਰਹੇ ਉਹ ਪੰਜਾਬੀਆਂ ਦਾ ਵਿਸ਼ਵਾਸ ਜਿੱਤ ਪਾਵੇਗਾ ਇਸ ਗਲ ਹੀ ਅਣਹੋਣੀ ਹੈ। ਇਸ ਮੌਕੇ ਠਾਠਾਂ ਮਾਰ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਉਹਨਾਂ ਨੂੰ ਕੋਈ ਇਸ਼ਕ ਹੈ ਤਾਂ ਇਹੀ ਕਿ ਉਹ ਹਲਕਾ ਮਜੀਠਾ ਨੂੰ ਹੋਰ ਸੁੰਦਰ ਅਤੇ ਤਰੱਕੀ 'ਚ ਹੋਰ ਅੱਗੇ ਲੈ ਜਾਣਾ ਚਾਹੁੰਦਾ ਹੈ, ਜੇ ਇਸ ਵਾਰ ਵੀ ਤੁਸਾਂ ਰਚਵਾ ਸਹਿਯੋਗ ਦਿੱਤਾ ਤਾਂ ਮਜੀਠਾ ਹਲਕਾ ਵਿਕਾਸ ਪੱਖੋਂ ਪਹਿਲੇ ਨੰਬਰ 'ਤੇ ਲਿਆ ਦਿਵਾਂਗਾ। ਉਹਨਾਂ ਕਿਹਾ ਕਿ ਵਿਰੋਧੀਆਂ ਕੋਲ ਵਿਕਾਸ ਲਈ ਕੋਈ ਏਜੰਡਾ ਨਹੀਂ ਸਿਵਾਏ ਦੂਸ਼ਣਬਾਜ਼ੀ ਦੇ। ਉਹਨਾਂ ਕੇਜਰੀਵਾਲ 'ਤੇ ਨਿਸ਼ਾਨਾ ਸਾਧ ਦਿਆਂ ਕਿਹਾ ਕਿ ਇੱਕ ਗਿਟਕ ਜਿਹਾ ਬੰਦਾ ਮਾਝਾ ਕੀ ਫ਼ਤਿਹ ਕਰ ਪਾਏਗਾ ਜਿਸ ਨੂੰ ਸਿਕੰਦਰ ਅਤੇ ਅਬਦਾਲੀ, ਗ਼ਜ਼ਨਵੀ ਜਿਹੇ ਧਾੜਵੀ ਵੀ ਫ਼ਤਿਹ ਨਹੀਂ ਕਰ ਪਾਏ। ਉਹਨਾਂ ਕਿਹਾ ਕਿ ਮਝੈਲ ਅਜਿਹੇ ਚੂਹੇ ਜਿਹੇ ਨੂੰ ਸਬਕ ਸਿਖਾ ਕੇ ਜ਼ਰੂਰ ਖੁੱਡ 'ਚ ਵਾੜ ਦੇਣਗੇ।
ਕੈਪਟਨ ਅਮਰਿੰਦਰ ਸਿੰਘ ਦੇ ਸਮਾਰਟ ਫੋਨ ਵੰਡਣ 'ਤੇ ਵਿਅੰਗ ਕਸਦਿਆਂ ਸ: ਮਜੀਠੀਆ ਨੇ ਕਿਹਾ ਕਿ ਜਿਸ ਨੇ ਕਦੀ ''ਟਿਕੂ'' ਅਤੇ ''ਬੀਬੀ ਜੀ'' ਦਾ ਹਾਲ ਨਵੀਂ ਪੁੱਛਿਆ ਉਸ ਤੋਂ ਕਿਸੇ ਹੋਰ ਦੀ ਸਾਰ ਲੈਣ ਬਾਰੇ ਸੋਚਿਆ ਨਹੀਂ ਜਾ ਸਕਦਾ, ਸਿਵਾਏ ਬਾਡਰ ਪਾਰ ਦੇ ਲੋਕਾਂ ਦੇ।ਉਹਨਾਂ ਕਿਹਾ ਕਿ ਪਿਛਲੀ ਵਾਰ ਜਦ ਸਤਾ ਮਿਲੀ ਸੀ ਤਾਂ ਕੈਪਟਨ ਨੇ ਹਰੇਕ ਵਰਗ ਨੂੰ ਮਿਲਦੀਆਂ ਸਹੂਲਤਾਂ ਬੰਦ ਕਰਾਦਿਤੀਆਂ, ਕਿਸਾਨਾਂ ਨੂੰ ਮੋਟਰਾਂ ਦੇ ਬਿਲ ਅਦਾ ਕਰਨੇ ਪਏ। ਉਹਨਾਂ ਕੈਪਟਨ ਨੂੰ ਸਵਾਲ ਕੀਤਾ ਕਿ ਜੇ ਤੁਸੀਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰ ਹੀ ਦੇਣੇ ਹਨ ਫਿਰ ਪ੍ਰਧਾਨ ਮੰਤਰੀ ਸ੍ਰੀ ਮੋਦੀ ਕੋਲ ਕੀ ਲੈਣ ਗਏ ਸਨ? ਸ: ਮਜੀਠੀਆ ਨੇ ਚੋਣਾਂ 'ਚ ਲੋਕ ਸਭਾ ਵਾਲੀ ਗਲਤੀ ਨਾ ਦੁਹਰਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸ੍ਰੀ ਅਰੁਣ ਜੇਤਲੀ ਨੂੰ ਨਾ ਜਿਤਾ ਕੇ ਅੰਮ੍ਰਿਤਸਰ ਦੇ ਲੋਕਾਂ ਨੇ ਭਾਰੀ ਭੁੱਲ ਕੀਤੀ ਹੈ, ਜਿਸ ਦਾ ਖ਼ਮਿਆਜ਼ਾ ਅੱਜ ਸਭ ਭੁਗਤ ਰਹੇ ਹਨ ਤੇ ਜਿਸ ਨੂੰ ਜਿਤਾ ਕੇ ਭੇਜਿਆ ਉਸ ਨੇ ਕਦੀ ਸਾਡੀ ਵਕਾਲਤ ਨਹੀਂ ਕੀਤੀ ਸਗੋਂ ਅੱਜ ਸਾਡੇ ਨਾਲ ਧੋਖਾ ਕਰ ਕੇ ਭਜ ਨਿਕਲਿਆ।
ਸ: ਮਜੀਠੀਆ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਸੁਖਬੀਰ ਸਿੰਘ ਬਾਦਲ ਹੀ ਅਜਿਹੇ ਹਨ ਜਿਨ੍ਹਾਂ ਨੇ ਗੁਰਧਾਮਾਂ ਦੀ ਸੇਵਾ ਸੰਭਾਲ ਅਤੇ ਸੁੰਦਰੀ ਕਰਨ ਵਲ ਧਿਆਨ ਦਿੱਤਾ। ਸ੍ਰੀ ਦਰਬਾਰ ਸਾਹਿਬ ਪਲਾਜ਼ਾ ਤੇ ਇਤਿਹਾਸਕ ਰਸਤਾ ਦੇ ਸੁੰਦਰੀ ਕਰਨ ਹੋਵੇ ਜਾਂ ਭਗਵਾਨ ਬਾਲਮੀਕ ਸਥਲ ਰਾਮ ਤੀਰਥ ਜਾਂ ਦੁਰਗਿਆਣਾ ਮੰਦਰ ਤੋਂ ਇਲਾਵਾ ਵਿਰਸੇ ਦੀ ਸੰਭਾਲ ਲਈ ਯਾਦਗਾਰਾਂ ਉੱਸਾਰੀਆਂ ਗਈਆਂ। ਉਹਨਾਂ ਕਿਹਾ ਕਿ ਸੜਕੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 36 ਹਜ਼ਾਰ ਕਰੋੜ ਖਰਚੇ ਗਏ, ਬਿਜਲੀ ਸਰਪਲੱਸ ਹੀ ਨਹੀਂ ਅੱਜ ਪੰਜਾਬ ਸਭ ਤੋਂ ਸਸਤੀ ਬਿਜਲੀ ਦੇਣ ਵਾਲਾ ਸੂਬਾ ਬਣਿਆ। ਸਭ ਵਰਗਾਂ ਦੀਆਂ ਸਹੂਲਤਾਂ ਅਤੇ ਸਮੱਸਿਆਵਾਂ ਦੇ ਹਲ ਲਈ ਵੱਖ ਵੱਖ ਵੈੱਲਫੇਅਰ ਬੋਰਡ ਬਣਾਏ ਗਏ।
ਇਸ ਮੌਕੇ ਮੇਜਰ ਸ਼ਿਵੀ, ਐਸ ਡੀਐਮ ਦਮਨਜੀਤ ਸਿੰਘ ਮਾਨ, ਹਰਭੁਪਿੰਦਰ ਸਿੰਘ ਸ਼ਾਹ, ਤਰੁਨ ਅਬਰੋਲ, ਰਣਜੀਤ ਸਿੰਘ ਵਰਿਆਮ ਨੰਗਲ, ਜੋਧ ਸਿੰਘ ਸਮਰਾ, ਭਗਵੰਤ ਸਿੰਘ ਸਿਆਲਕਾ, ਸਰਬਜੀਤ ਸਿੰਘ ਸਪਾਰੀਵਿੰਡ, ਬਲਬੀਰ ਚੰਦੀ, ਦੁਰਗਾ ਦਾਸ, ਰਜੇਸ਼ ਲਾਟੀ ਸ਼ਾਹ, ਅਮਨਦੀਪ ਗਿੱਲ, ਮਨਪ੍ਰੀਤ ਉੱਪਲ, ਹਰਕੀਰਤ ਸ਼ਹੀਦ, ਪੱਪੂ ਜੈਂਤੀਪੁਰ, ਪੱਪੂ ਕੋਟਲਾ, ਮੇਜਰ ਕਲੇਰ, ਸੁਖਵਿੰਦਰ ਸਿੰਘ ਗੋਲਡੀ, ਗੁਰਜਿੰਦਰ ਢਪਈਆਂ, ਰਾਕੇਸ਼ ਪਰਾਸ਼ਰ, ਗਗਨਦੀਪ ਸਿੰਘ ਭਕਨਾ, ਗੁਰਵੇਲ ਸਿੰਘ ਅਲਕੜੇ, ਤੇਜਿੰਦਰ ਪਾਲ ਸਿੰਘ ਬੈਂਸ ਤਹਿਸੀਲਦਾਰ, ਲਛਮਨ ਗਿੱਲ, ਪ੍ਰਭਦਿਆਲ ਪੰਨਵਾਂ, ਬੱਬੀ ਭੰਗਵਾਂ, ਸਾਬਾ ਹਮਜ਼ਾ, ਕੁੰਦਨ ਵਡਾਲਾ, ਹਰਭਜਨ ਉਦੋਕੇ, ਸਰਵਨ ਸਿੰਘ ਰਾਮਦਿਵਾਲੀ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।
ਮਜੀਠੀਆ ਨੇ ਭਗਵੰਤ ਮਾਨ ਦੀ ਟੋਲ ਪਲਾਜ਼ਾ ਕਾਂਡ ਬਾਰੇ ਖੋਲ੍ਹਿਆ ਰਾਜ।
ਇਸ ਮੌਕੇ ਪੱਤਰਕਾਰ ਵੱਲੋਂ ਭਗਵੰਤ ਮਾਨ ਨੂੰ ਇੱਕ ਟੋਲ ਪਲਾਜ਼ਾ 'ਤੇ ਸ਼ਰਾਬੀ ਹਾਲਤ ਵਿੱਚ ਕੁੱਟ ਕੁੱਟ ਕੇ ਬਿਠਾਈ ਰੱਖਣ ਬਾਰੇ ਪੁੱਛੇ ਜਾਣ 'ਤੇ ਸ: ਮਜੀਠੀਆ ਨੇ ਮੋੜਵੇਂ ਅੰਦਾਜ਼ ਵਿੱਚ ਕਿਹਾ ਕਿ ਖੁਦਾ ਨਾ ਖਾਸਤਾ ਜੇ ਤੁਸੀਂ ਵੀ ਅਜਿਹੇ ਕਿਸੇ ਮੁਸੀਬਤ ਵਿੱਚ ਫਸੇ ਹੋਵੋਗੇ ਤਾਂ ਮੇਰਾ ਫਰਜ਼ ਹੈ ਮੈ ਤੁਹਾਨੂੰ ਬਚਾਵਾਂ। ਉਹਨਾਂ ਮਾਨ ਬਾਰੇ ਉਕਤ ਕਾਂਡ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਸਭ ਜਾਣ ਦੇ ਹਨ ਕਿ ਮਾਨ ਸਾਹਿਬ ਦੀ ਕਦੀ ਕਦੀ ਸੁਰਤ ਵਿਗੜ ਜਾਂਦੀ ਹੈ, ਡੇਰਾ ਬੱਸੀ ਦੇ ਟੋਲ ਪਲਾਜ਼ਾ 'ਤੇ ਸ਼ਾਇਦ ਵਧ ਖਾਦੀ ਪੀਤੀ 'ਚ ਟੋਲ ਪਲਾਜ਼ਾ ਵਾਲਿਆਂ ਨਾਲ ਉਹ ਉਲਝ ਪਏ ਤਾਂ ਟੋਲ ਵਾਲਿਆਂ ਨੇ ਬੁਰੀ ਤਰਾਂ ਕੁਟਾਪਾ ਚਾੜ'ਤਾ। ਮਾਨ ਨੇ ਇਸ ਨੂੰ ਆਪਣੀ ਹੱਤਕ ਸਮਝਦਿਆਂ ਇੱਜ਼ਤ ਦਾ ਸਵਾਲ ਬਣਾ ਲਿਆ ਤਾਂ ਉਸ ਵਕਤ ਮੈ ( ਮਜੀਠੀਆ) ਮੁਹਾਲੀ ਦੇ ਐੱਸ ਐੱਸ ਪੀ ਨੂੰ ਭੇਜ ਕੇ ਮਸਲਾ ਸੁਲਝਾਇਆ। ਸ: ਮਜੀਠੀਆ ਨੇ ਕਿਹਾ ਕਿ ਅੱਜ ਭਗਵੰਤ ਮਾਨ ਮਜੀਠੇ ਆਏ ਹਨ ਪਰ ਸੋਫ਼ੀ ਹੀ ਹੋਣ ਸਹੀ ਅਤੇ ਆਰਾਮ ਨਾਲ ਵਾਪਸ ਚਲੇ ਜਾਣ ਮਝੈਲਾਂ ਨਾਲ ਨਾ ਕਦੇ ਉਲਝ ਜਾਣ।