ਚੰਡੀਗੜ੍ਹ, 24 ਦਸੰਬਰ, 2016 : ਡਿਪਟੀ ਸੀ ਐੱਮ ਸੁਖਬੀਰ ਸਿੰਘ ਬਾਦਲ ਵਿਰੁੱਧ ਵਿੱਢੀ 'ਸੁਖਬੀਰ ਦੀ ਗੱਪ, ਆਪ ਦਾ ਸੱਚ' ਮੁਹਿੰਮ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਖਿਲਾਫ 'ਕੈਪਟਨ ਦਾ ਧੋਖਾ' ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਿਸ ਰਾਹੀਂ 2002 ਤੋਂ 2007 ਤੱਕ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਅਤੇ ਪੰਜਾਬੀਆਂ ਨਾਲ ਕੀਤੇ ਗਏ ਧੋਖੇ ਘਰ-ਘਰ ਪਹੁੰਚਾਏ ਜਾਣਗੇ।
ਸ਼ਨੀਵਾਰ ਨੂੰ ਇੱਥੇ ਪਾਰਟੀ ਦੇ ਸੀਨੀਅਰ ਆਗੂ ਅਤੇ ਦਾਖਾ ਤੋਂ ਉਮੀਦਵਾਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਕਿਹਾ ਕਿ 2002 ਤੋਂ 2007 ਦੇ ਆਪਣੇ ਕਾਰਜਕਾਲ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੱਖਾਂ ਨੌਜਵਾਨਾਂ ਨੂੰ ਬੋਰੋਜਗਾਰ ਰੱਖ ਕੇ ਹੁਣ ਨੌਜਵਾਨਾਂ ਨੂੰ ਫਿਰ ਰੋਜਗਾਰ ਮੁਹੱਈਆ ਕਰਵਾਉਣ ਦੇ ਝੂਠੇ ਵਾਅਦੇ ਕਰ ਰਹੇ ਹਨ।
ਕੈਪਟਨ ਅਮਰਿੰਦਰ ਸਰਕਾਰ ਵੱਲੋਂ 2002 ਵਿੱਚ ਜਾਰੀ ਨੋਟੀਫਿਕੇਸ਼ਨ ਦਾ ਹਵਾਲਾ ਦਿੰਦਿਆਂ ਫੂਲਕਾ ਨੇ ਕਿਹਾ ਕਿ ਅਹੁਦਾ ਸੰਭਾਲਣ ਤੋਂ ਥੋੜਾ ਸਮਾਂ ਬਾਅਦ ਹੀ ਮਾਰਚ ਮਹੀਨੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕੈਬਿਨੇਟ ਦੀ ਮੀਟਿੰਗ ਸੱਦੀ ਅਤੇ ਅਪ੍ਰੈਲ ਮਹੀਨੇ ਤੋਂ ਸੂਬੇ ਵਿੱਚ ਨਵੀਆਂ ਭਰਤੀਆਂ ਉਤੇ ਰੋਕ ਲਗਾ ਦਿੱਤੀ।
ਫੂਲਕਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਲੋਕਾਂ ਨੂੰ ਅਜਿਹੀ ਸਰਕਾਰ ਦੇਣ ਦਾ ਦਾਅਵਾ ਕਰ ਰਹੇ ਹਨ, ਜਿਹੜੀ ਹਰੇਕ ਪਰਿਵਾਰ ਨੂੰ ਇੱਕ ਨੌਕਰੀ ਦੇਵੇਗੀ, ਜਦੋਂ ਕਿ ਇਸੇ ਕੈਪਟਨ ਨੂੰ ਮੁੱਖ ਮੰਤਰੀ ਬਣਨ ਤੋਂ ਬਾਅਦ ਇੱਕ ਮਹੀਨਾ ਵੀ ਸਬਰ ਨਾ ਹੋਇਆ ਅਤੇ ਉਸਨੇ ਨੌਕਰੀਆਂ ਉਤੇ ਰੋਕ ਲਗਾ ਦਿੱਤੀ ਸੀ। ਉਨਾਂ ਕਿਹਾ ਕਿ ਪੀਪੀਐਸਸੀ ਅਤੇ ਐਸਐਸਬੀ ਵੱਲੋਂ ਸਰਕਾਰੀ ਨੌਕਰੀਆਂ ਲਈ ਲਿਖਤੀ ਟੈਸਟ ਅਤੇ ਇੰਟਰਵਿਊ ਲਈ ਜਾਂਦੀ ਸੀ ਅਤੇ ਨੌਕਰੀਆਂ ਦੀ ਪ੍ਰਕਿਰਿਆ ਲਗਭਗ ਮੁਕੰਮਲ ਹੋ ਚੁੱਕੀ ਸੀ, ਪਰ ਐਨ ਮੌਕੇ ਨੌਕਰੀਆਂ ਉਤੇ ਪਾਬੰਦੀ ਲੱਗਣ ਕਾਰਨ ਲੱਖਾਂ ਨੌਜਵਾਨ ਨੌਕਰੀ ਤੋਂ ਵਾਂਝੇ ਰਹਿ ਗਏ।
ਉਨਾਂ ਕਿਹਾ ਕਿ ਮਹਾਰਾਜਾ ਸਾਹਿਬ ਵੱਲੋਂ ਜਾਰੀ ਹੁਕਮ ਵਿੱਚ ਸਪਸ਼ਟ ਤੌਰ 'ਤੇ ਲਿਖਿਆ ਗਿਆ ਸੀ ਕਿ ਕੈਬਿਨੇਟ ਦੀ ਸਹਿਮਤੀ ਤੋਂ ਬਿਨਾਂ ਅੱਗੇ ਤੋਂ ਕੋਈ ਭਰਤੀ ਨਹੀਂ ਕੀਤੀ ਜਾ ਸਕਦੀ। ਇਸ ਲਈ ਜੇਕਰ ਕਿਸੇ ਵਿਭਾਗ ਨੇ ਇੱਕ ਕਲਰਕ ਦੀ ਵੀ ਭਰਤੀ ਕਰਨੀ ਹੁੰਦੀ ਸੀ, ਤਾਂ ਇਹ ਮਹਾਰਾਜਾ ਸਾਹਿਬ ਦੇ ਹੁਕਮ ਤੋਂ ਬਿਨਾਂ ਨਹੀਂ ਹੋ ਸਕਦੀ ਸੀ। ਫੂਲਕਾ ਨੇ ਕਿਹਾ ਕਿ ਬਹੁਤ ਸਾਰੇ ਯੋਗ ਨੌਜਵਾਨ ਨੌਕਰੀ ਲਈ ਆਪਣੇ ਨਿਯੁਕਤੀ ਪੱਤਰਾਂ ਨੂੰ ਉਡੀਕਦੇ ਰਹੇ, ਪਰ ਕੈਪਟਨ ਅਮਰਿੰਦਰ ਨੇ ਨੌਜਵਾਨ ਵਿਰੋਧੀ ਨੀਤੀ ਅਪਣਾਉਣ ਨੂੰ ਤਰਜੀਹ ਦਿੱਤੀ। ਉਨਾਂ ਕਿਹਾ ਕਿ ਨੌਕਰੀਆਂ ਉਤੇ ਪਾਬੰਦੀ ਤਾਂ ਲੱਗੀ ਹੀ ਸੀ, ਨਾਲ ਹੀ ਤਰੱਕੀਆਂ ਵੀ ਮਹਾਰਾਜ ਸਾਹਿਬ ਦੇ ਹੁਕਮ ਤੋਂ ਬਿਨਾਂ ਨਹੀਂ ਹੋ ਸਕਦੀਆਂ ਸਨ।
ਫੂਲਕਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਕਿਸ ਆਧਾਰ ਉਤੇ ਲੋਕਾਂ ਨਾਲ ਝੂਠੇ ਵਾਅਦੇ ਕਰ ਰਹੇ ਹਨ, ਜਦਕਿ ਉਨਾਂ ਦੇ ਝੂਠ ਦਾ ਪਹਿਲਾਂ ਹੀ ਪਰਦਾਫਾਸ਼ ਹੋ ਚੁੱਕਿਆ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੇ ਝੂਠ ਦੀਆਂ ਪੋਲਾਂ ਖੋਲਦੀ ਰਹੇਗੀ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਕੈਪਟਨ ਦੇ ਝੂਠ ਅਤੇ ਆਮ ਆਦਮੀ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਵਾਅਦਿਆਂ ਦੀ ਜਾਣਕਾਰੀ ਦੇਣ ਲਈ ਘਰ-ਘਰ ਜਾ ਕੇ ਪ੍ਰਚਾਰ ਕਰੇਗੀ।
'ਸੁਖਬੀਰ ਦੀ ਗੱਪ, ਆਪ ਦਾ ਸੱਚ' ਮੁਹਿੰਮ ਬਾਰੇ ਗੱਲ ਕਰਦਿਆਂ ਫੂਲਕਾ ਨੇ ਕਿਹਾ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰੋਜੈਕਟਾਂ ਬਾਰੇ ਬਿਨਾਂ ਸੋਚੇ ਸਮਝੇ ਲੰਬੀਆਂ-ਲੰਬੀਆਂ ਗੱਪਾਂ ਛੱਡ ਜਾਂਦੇ ਹਨ ਅਤੇ ਇਹ ਉਨਾਂ ਦੀ ਆਦਤ ਬਣ ਗਈ ਹੈ।
ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਵੱਲੋਂ ਮਿਲ ਰਹੇ ਵੱਡੇ ਹੁੰਗਾਰੇ ਕਾਰਨ ਪੰਜਾਬ ਸਰਕਾਰ, ਖਾਸਕਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਕਾਸ ਦਾ ਝੂਠਾ ਦਾਅਵਾ ਕਰਕੇ ਲੋਕਾਂ ਦਾ ਧਿਆਨ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਆਪਣੀਆਂ ਗਲਤੀਆਂ ਨੂੰ ਸਹੀ ਸਾਬਿਤ ਕਰਨ ਲਈ ਉਪ ਮੁੱਖ ਮੰਤਰੀ ਵੱਲੋਂ ਪੰਜਾਬ ਵਿੱਚ ਵੱਖ-ਵੱਖ ਥਾਵਾਂ ਉਤੇ ਮੈਗਾ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਜਾ ਰਹੇ ਹਨ, ਜਦਕਿ ਜਮੀਨੀ ਪੱਧਰ ਉਤੇ ਇਨਾਂ ਪ੍ਰੋਜੈਕਟਾਂ ਦਾ ਕੋਈ ਨਿਸ਼ਾਨ ਵਿਖਾਈ ਨਹੀਂ ਦਿੰਦਾ।
ਫੂਲਕਾ ਨੇ ਕਿਹਾ ਕਿ ਇਨਾਂ ਪ੍ਰੋਜੈਕਟਾਂ ਦਾ ਸਰਕਾਰੀ ਰਿਕਾਰਡ ਵਿੱਚ ਕੋਈ ਜਿਕਰ ਨਹੀਂ ਹੈ। ਜੰਗਲਾਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸੜਕਾਂ ਨੂੰ ਚੌੜਾ ਕਰਨ ਲਈ ਦਰਖਤਾਂ ਨੂੰ ਕੱਟਣ ਬਾਰੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਅਤੇ ਸੁਖਬੀਰ ਦੇ ਝੂਠੇ ਦਾਅਵੇ ਨੂੰ ਉਜਾਗਰ ਕਰਨ ਲਈ ਇਹੀ ਤੱਥ ਕਾਫੀ ਹੈ।
ਉਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਜਿਆਦਾਤਰ ਗੱਪੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਅਤੇ ਉਨਾਂ ਵੱਲੋਂ ਸਟੇਜਾਂ ਉਤੇ ਫੜਾਂ ਮਾਰਨ ਤੋਂ ਪਹਿਲਾਂ ਅਸਲ ਸਥਿੱਤੀ ਬਾਰੇ ਜਰਾ ਵੀ ਸੋਚਿਆ ਨਹੀਂ ਜਾਂਦਾ। ਉਨਾਂ ਦਾ ਡ੍ਰੀਮ ਪ੍ਰੋਜੈਕਟ ਪਾਣੀ ਵਾਲੀ ਬੱਸ ਆਪਣੇ ਉਦਘਾਟਨ ਤੋਂ ਮਗਰੋਂ ਜਿੰਦਰੇ ਅੰਦਰ ਖੜੀ ਹੈ। ਫੂਲਕਾ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਸੁਪਨੇ ਨੇ ਕਿਸਾਨਾਂ ਦਾ ਭਾਰੀ ਨੁਕਸਾਨ ਕੀਤਾ ਕਿਉਂਕਿ ਬੱਸ ਨੂੰ ਚਲਾਉਣ ਲਈ ਵਾਧੂ ਪਾਣੀ ਛੱਡਣਾ ਪਿਆ ਸੀ।
ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਅਕਾਲੀ-ਭਾਜਪਾ ਸਰਕਾਰ ਵੱਲੋਂ ਅਹਿਮ ਬਿਲਾਂ ਨੂੰ ਪਾਸ ਕਰਨ ਨੂੰ ਲੋਕਾਂ ਨਾਲ ਧੋਖਾ ਕਰਾਰ ਦਿੰਦਿਆਂ ਫੂਲਕਾ ਨੇ ਕਿਹਾ ਕਿ ਪੰਜਾਬ ਦੇ ਲੋਕ ਇਸ ਧੋਖੇ ਦਾ ਜਵਾਬ ਇਨਾਂ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਦੇਣਗੇ। ਉਨਾਂ ਕਿਹਾ ਕਿ ਬਿਲਾਂ ਨੂੰ ਪਾਸ ਕਰਨ ਦਾ ਸਮਾਂ ਸਾਫ ਜਾਹਿਰ ਕਰਦਾ ਹੈ ਕਿ ਇਹ ਲੋਕਾਂ ਨੂੰ ਮੂਰਖ ਬਣਾਉਣ ਤੋਂ ਸਿਵਾਏ ਕੁੱਝ ਵੀ ਨਹੀਂ। ਫੂਲਕਾ ਨੇ ਕਿਹਾ ਕਿ ਇਸਦੇ ਜ਼ਰੀਏ ਅਕਾਲੀ-ਭਾਜਪਾ ਸਰਕਾਰ ਆਪਣੇ 10 ਸਾਲ ਦੇ ਕੁਸਾਸ਼ਨ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੀ ਹੈ।
ਫੂਲਕਾ ਨੇ ਕਿਹਾ ਕਿ ਜੇਕਰ ਅਕਾਲੀ-ਭਾਜਪਾ ਸਰਕਾਰ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਸਚਮੁੱਚ ਹੀ ਗੰਭੀਰ ਸੀ, ਤਾਂ ਉਨਾਂ ਨੇ ਆਪਣੇ ਕਾਰਜਕਾਲ ਦੇ ਸ਼ੁਰੂ ਵਿੱਚ ਅਜਿਹੇ ਬਿਲ ਕਿਓਂ ਪਾਸ ਨਹੀਂ ਕੀਤੇ, ਹੁਣ ਕਿਓਂ, ਜਦੋਂ ਕਿ ਉਨਾਂ ਨੂੰ ਪਤਾ ਹੈ ਕਿ ਇਹ ਲਾਗੂ ਨਹੀਂ ਹੋ ਸਕਦੇ।