ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਤੇ ਜ਼ਿਲ੍ਹਾ ਪੁਲਿਸ ਮੁਖੀ ਸ. ਗੁਰਪੀ੍ਰਤ ਸਿੰਘ ਭੁੱਲਰ, ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਾਹਮਣੇ 26 ਦਸੰਬਰ ਨੂੰ ਹੋਣ ਵਾਲੀ ਰਾਜ ਪੱਧਰੀ ਸ਼ਹੀਦੀ ਕਾਨਫਰੰਸ ਦੇ ਪ੍ਰਬੰਧਾਂ ਦਾ ਜਾਇਜਾ ਲੈਂਦੇ ਹੋਏ।
ਫ਼ਤਹਿਗੜ੍ਹ ਸਾਹਿਬ, 24 ਦਸੰਬਰ, 2016 : ਸ਼ਹੀਦੀ ਜੋੜ ਮੇਲ ਦੌਰਾਨ ਦੇਸ਼ ਅਤੇ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਪੁੱਜਣ ਵਾਲ਼ੇ ਸ਼ਰਧਾਲੂਆਂ ਦੀ ਸੁਵਿਧਾ ਨੂੰ ਧਿਆਨ 'ਚ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਤਾਂ ਜੋ ਸੰਗਤਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾਂ ਪਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਜ਼ਿਲ੍ਹਾ ਪੁਲਿਸ ਮੁਖੀ ਸ. ਗੁਰਪ੍ਰੀਤ ਸਿੰਘ ਭੁੱਲਰ ਦੇ ਨਾਲ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਾਹਮਣੇ 26 ਦਸੰਬਰ ਨੂੰ ਹੋਣ ਵਾਲੀ ਰਾਜ ਪੱਧਰ ਸ਼ਹੀਦੀ ਕਾਨਫਰੰਸ ਦੇ ਪ੍ਰਬੰਧਾਂ ਦਾ ਜਾਇਜਾ ਲੈਂਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਸ਼ਹੀਦੀ ਜੋੜ ਮੇਲ ਦੀ ਪਵਿੱਤਰਤਾ ਨੂੰ ਵੇਖਦੇ ਹੋਏ ਫ਼ਤਹਿਗੜ੍ਹ ਸਾਹਿਬ ਨੂੰ 5 ਜੋਨਾਂ ਵਿੱਚ ਵੰਡਿਆ ਗਿਆ ਹੈ ਅਤੇ ਸ਼ਰਧਾਲੂਆਂ ਦੀ ਸਹੂਲਤ ਲਈ 20 ਮੁਫਤ ਪਾਰਕਿੰਗ ਸਥਾਨ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜੋੜ ਮੇਲ ਦੌਰਾਨ ਸੰਗਤਾਂ ਦੀ ਸਹੂਲਤ ਲਈ ਮੈਡੀਕਲ ਟੀਮਾਂ ਸੂਚਨਾਂ ਕੇਂਦਰਾਂ ਦੇ ਨਾਲ ਅਤੇ ਮੋਬਾਇਲ ਮੈਡੀਕਲ ਟੀਮਾਂ ਵੀ ਜੋੜ ਮੇਲ ਦੌਰਾਨ ਮੈਡੀਕਲ ਸਹੂਲਤਾਂ ਲਈ ਤਿਆਰ ਰਹਿਣਗੀਆਂ। ਉੁਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤ ਲਈ 400 ਆਰਜੀ ਪਖਾਨਿਆਂ ਦਾ ਪ੍ਰਬੰਧ ਕੀਤਾ ਗਿਆ ਹੈ।
ਸ. ਸੰਘਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 25 ਦਸੰਬਰ ਤੋਂ ਜ਼ਿਲ੍ਹੇ ਦੇ ਵਿਕਾਸ ਨੂੰ ਦਰਸਾਉਂਦੀ ਇਕ ਵਿਸ਼ਾਲ ਪ੍ਰਦਰਸ਼ਨੀ ਲਗਾਈ ਜਾਵੇਗੀ ਅਤੇ ਬਾਬਾ ਮੋਤੀ ਰਾਮ ਮਹਿਰਾ ਗੇਟ, ਪਿੰਡ ਅੱਤੇਵਾਲੀ ਤੇ ਮੰਡੋਫ਼ਲ ਅਤੇ ਮੇਨ ਬਸ ਸਟੈਂਡ ਸਰਹਿੰਦ ਮੰਡੀ ਤੋਂ ਬਜੁਰਗਾਂ, ਅੰਗਹੀਣਾਂ, ਔਰਤਾਂ ਅਤੇ ਬੱਚਿਆਂ ਲਈ 25 ਮੁਫਤ ਵਿਸ਼ੇਸ ਬੱਸਾਂ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੱਕ ਚੱਲਣਗੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੋੜ ਮੇਲ ਦੌਰਾਨ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਅਤੇ ਮੈਡੀਕਲ ਸਹੂਲਤ ਲਈ ਪ੍ਰਸ਼ਾਸਨ ਵੱਲੋਂ ਬਣਾਏ ਗਏ ਸੂਚਨਾਂ ਤੇ ਮੈਡੀਕਲ ਸਹਾਇਤਾ ਕੇਂਦਰਾਂ ਵਿੱਚੋਂ ਸੈਂਟਰਲ ਕੰਟਰੋਲ ਰੂਮ ਦੇ ਟੈਲੀਫੋਨ ਫੋਨ ਨੰ: 01763-233935, ਗੁ: ਸ੍ਰੀ ਜੋਤੀ ਸਰੂਪ ਦੇ ਸਾਹਮਣੇ ਫੋਨ ਨੰ: 01763-233936, ਜੋਤੀ ਸਰੂਪ ਮੋੜ, ਗੋਪੀ ਹਵੇਲੀ ਫੋਨ ਨੰ: 01763-233937, ਪੁਲਿਸ ਟਰੇਨਿੰਗ ਸਕੂਲ ਬਸੀ ਪਠਾਣਾਂ ਰੋਡ 'ਤੇ ਫੋਨ ਨੰ: 01763-233938, ਗੁ: ਸ੍ਰੀ ਫਤਹਿਗੜ੍ਹ ਸਾਹਿਬ ਦੇ ਸਾਹਮਣੇ ਫੋਨ ਨੰ: 01763-233939, ਚੁੰਗੀ ਨੰਬਰ 4 ਸਰਹਿੰਦ ਫੋਨ ਨੰ: 01763-233940 ਅਤੇ ਚੁੰਗੀ ਨੰਬਰ 4 'ਤੇ 01763-224966 'ਤੇ ਸੰਪਰਕ ਕੀਤਾ ਜਾ ਸਕਦਾ ਹੈ।