ਕਲੱਕਤੇ ਤੋਂ ਪੂਰਬੀ ਸਿੱਖਾਂ ਦੀਆਂ ਸਮੱਸਿਆਵਾਂ ਸੰਬੰਧੀ ਮਿਲਣ ਆਏ ਵਫਦ ਨਾਲ ਮੀਟਿੰਗ ਉਪਰੰਤ ਤਸਵੀਰ ਸਾਂਝੀ ਕਰਦੇ ਹੋਏ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ
ਪਟਿਆਲਾ, 24 ਦਸੰਬਰ, 2016 : ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਰਹਿੰਦੇ ਸਿੱਖਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਇਕ ਵਫਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਮਿਲਣ ਲਈ ਪੁੱਜਿਆ। ਪੱਛਮੀ ਬੰਗਾਲ ਦੇ ਕਲਕੱਤੇ ਤੋਂ ਆਏ ਵਫਦ ਨੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਦੱਸਿਆ ਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਅੰਦਰ ਬਹੁਤ ਸਾਰੇ ਸਿੱਖ ਗੁਰਮਰਿਆਦਾ ਨਾਲ ਜੁੜੇ ਹੋਏ ਹਨ ਪਰ ਸਿੱਖਾਂ ਦੇ ਬੱਚੇ ਗੁਰਮਰਿਆਦਾ ਤੋਂ ਵਾਂਝੇ ਰਹਿ ਰਹੇ ਹਨ। ਜਿਸ ਦਾ ਕਾਰਨ ਬਾਹਰਲੇ ਰਾਜਾਂ ਵਿਚ ਪੰਜਾਬੀ ਭਾਸ਼ਾ ਨਾ ਹੋਣਾ ਹੈ। ਸਿੱਖਾਂ ਦੇ ਬੱਚਿਆਂ ਨੂੰ ਪੰਜਾਬੀ ਨਾ ਆਉਣ ਕਾਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਬਾਰੇ ਗਿਆਨ ਤੋਂ ਵਾਂਝੇ ਰਹਿ ਰਹੇ ਹਨ। ਵਫਦ ਨੇ ਪੰਜਾਬ ਤੋਂ ਬਾਹਰਲੇ ਰਾਜਾਂ ਵਿਚ ਵਸੇ ਸਿੱਖ ਪਰਿਵਾਰਾਂ ਦੇ ਆਰਥਿਕ ਜੀਵਨ ਬਾਰੇ ਵੀ ਦੱਸਿਆ। ਵਫਦ ਨੇ ਪ੍ਰੋ. ਬਡੂੰਗਰ ਨੂੰ ਜਾਣੂੰ ਕਰਵਾਇਆ ਕਿ ਪੂਰਬੀ ਸਿੱਖਾਂ ਦੀ ਆਰਥਿਕ ਸਥਿਤੀ ਕਮਜੋਰ ਹੈ। ਜਿਸ ਨਾਲ ਉਹ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਉਪਰਾਲਾ ਕਰਨ ਵਿਚ ਮੁਸ਼ਕਲਾਂ ਆ ਰਹੀਆਂ ਹਨ। ਇਹਨਾਂ ਸਮੱਸਿਆਵਾਂ 'ਤੇ ਗੋਰ ਕਰਦੇ ਹੋਏ ਵਫਦ ਨੂੰ ਪ੍ਰੋ. ਬਡੂੰਗਰ ਨੇ ਪੂਰੀ ਰਿਪੋਰਟ ਤਿਆਰ ਕਰਨ ਲਈ ਕਿਹਾ ਅਤੇ ਵਫਦ ਨੂੰ ਵਿਸਵਾਸ਼ ਦਿਵਾਇਆ ਕਿ ਪੰਜਾਬ ਤੋਂ ਬਾਹਰ ਵੱਸਦੇ ਸਿੱਖਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਜਲਦੀ ਹੱਲ ਕਰਵਾਇਆ ਜਾਵੇਗਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਦੇਸ਼-ਵਿਦੇਸ਼ ਵਿਚ ਕਮੇਟੀਆਂ ਗਠਿਤ ਕੀਤੀਆਂ ਜਾਣਗੀਆਂ ਤਾਂ ਕਿ ਸਿੱਖਾਂ ਦੀਆਂ ਪ੍ਰੇਸ਼ਾਨੀਆਂ ਨੂੰ ਹੱਲ ਕੀਤਾ ਜਾ ਸਕੇ। ਇਸ ਮੌਕੇ ਸ੍ਰ. ਜਗਮੋਹਨ ਸਿੰਘ ਗਿੱਲ ਜਨਰਲ ਸਕੱਤਰ ਸਿੱਖ ਮਿਸ਼ਨ ਪੂਰਬੀ ਭਾਰਤ, ਪ੍ਰੋ. ਸੂਲੇਮਾਨ ਖੁਰਸ਼ਿਦ ਆਲੀਆ ਯੂਨੀਵਰਸਿਟੀ ਕਲਕੱਤਾ, ਡਾ. ਪਰਮਜੀਤ ਸਿੰਘ ਸਰੋਆ, ਡਾ. ਪਰਮਵੀਰ ਸਿੰਘ ਸਿੱਖ ਵਿਸ਼ਵ ਕੋਸ਼ ਵਿਭਾਗ, ਚੇਅਰਮੈਨ ਨਰਦੇਵ ਸਿੰਘ ਆਕੜੀ ਆਦਿ ਹਾਜ਼ਰ ਸਨ।