ਚੰਡੀਗੜ੍ਹ, 24 ਦਸੰਬਰ, 2016 : ਪੰਜਾਬ ਦੇ ਡਿਪਟੀ ਸੀ ਐੱਮ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਕਾਂਗਰਸ ਕਮੇਟੀ ਦੇ ਉਪ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸੀਬੀਆ ਅਤੇ ਉਸ ਦੇ ਸਮਰੱਥਕਾਂ ਦਾ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ 'ਤੇ ਸਵਾਗਤ ਕਰਦਿਆਂ ਐਲਾਨ ਕੀਤਾ ਕਿ ਸੀਬੀਆ ਬਰਨਾਲਾ ਤੋਂ ਅਕਾਲੀ-ਭਾਜਪਾ ਉਮੀਦਵਾਰ ਦੇ ਰੂਪ ਵਿਚ ਚੋਣ ਲੜਣਗੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਦੀ ਡੁੱਬ ਰਹੀ ਬੇੜੀ ਨੂੰ ਹੁਣ ਕੋਈ ਨਹੀਂ ਬਚਾ ਸਕਦਾ ਅਤੇ ਸੀਬੀਆ ਦੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਜਾਣ ਨਾਲ ਇਹ ਗੱਲ ਪੂਰੀ ਤਰ੍ਹਾਂ ਸਿੱਧ ਹੋ ਗਈ ਹੈ ਕਿ ਕਾਂਗਰਸ ਵਿਚ ਇਮਾਨਦਾਰ ਅਤੇ ਸਮਰਪਿਤ ਆਗੂਆਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਨਾਲ ਚਾਪਲੂਸਾਂ ਨਾਲ ਭਰੀ ਪਈ ਹੈ ਜਿੱਥੇ ਕਿ ਧੜੇਬੰਦੀ ਸਿਖਰਾਂ 'ਤੇ ਹੈ ਕਾਂਗਰਸ ਵਿਚ ਟਿਕਟਾਂ ਦੀ ਵਿਕਰੀ ਕੀਤੀ ਜਾ ਰਹੀ ਹੈ। ਉੱਪ ਮੁੱਖ ਮੰਤਰੀ ਨੇ ਕਿਹਾ ਕਿ ਸੁਰਿੰਦਰਪਾਲ ਸਿੰਘ ਸੀਬੀਆ ਨੇ ਬਰਨਾਲਾ ਅਤੇ ਸੰਗਰੂਰ ਜ਼ਿਲ੍ਹਿਆਂ ਵਿਚ ਬਹੁਤ ਡਟਵਾਂ ਤੇ ਜ਼ੋਰਦਾਰ ਕੰਮ ਕੀਤਾ ਹੈ ਅਤੇ ਹੇਠਲੇ ਪੱਧਰ ਤੱਕ ਉਨ੍ਹਾਂ ਦਾ ਲੋਕਾਂ ਨਾਲ ਰਾਬਤਾ ਹੈ ਜਿਸ ਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਭਰਵਾਂ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਸੀਬੀਆ ਵੱਲੋਂ ਅਕਾਲੀ ਦਲ ਵਿਚ ਆ ਜਾਣ ਨਾਲ ਮਾਲਵਾ ਖੇਤਰ ਅਤੇ ਖਾਸ ਤੌਰ 'ਤੇ ਸੰਗਰੂਰ-ਬਰਨਾਲਾ ਜ਼ਿਲ੍ਹਿਆਂ ਵਿਚ ਕਾਂਗਰਸ ਦੇ ਪੱਲੇ ਹੁਣ ਕੱਖ ਵੀ ਨਹੀਂ ਰਹਿਣਾ। ਉਨ੍ਹਾਂ ਕਿਹਾ ਕਿ ਸੰਗਰੂਰ-ਬਰਨਾਲਾ ਵਿਧਾਨ ਸਭਾ ਹਲਕਿਆਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਨੂੰ ਸੁਨਾਮ, ਭਦੌੜ ਅਤੇ ਮਹਿਲ ਕਲਾਂ ਹਲਕਿਆਂ ਵਿਚ ਵੀ ਵੱਡਾ ਜਨ ਸਮੱਰਥਨ ਮਿਲੇਗਾ।
ਕਾਂਗਰਸ ਨੂੰ ਧੜਿਆਂ ਦੀ ਪਾਰਟੀ ਦੱਸਦਿਆਂ ਉੱਪ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤਾਂ ਕਾਂਗਰਸ ਵਿਚ ਅਜਿਹੀ ਨੌਬਤ ਆ ਗਈ ਹੈ ਕਿ ਹਰ ਕੋਈ ਖੁਦ ਨੂੰ ਮੁੱਖ ਮੰਤਰੀ ਦੇ ਰੂਪ ਵਿਚ ਪੇਸ਼ ਕਰ ਰਿਹਾ ਹੈ ਅਤੇ ਕੋਈ ਵੀ ਕਾਂਗਰਸੀ ਆਗੂ ਨਹੀਂ ਚਾਹੁੰਦਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ।ਰਾਹੁਲ ਗਾਂਧੀ ਉੱਤੇ ਵਿਅੰਗ ਕੱਸਦਿਆਂ ਸ. ਬਾਦਲ ਨੇ ਕਿਹਾ ਕਿ ਰਾਹੁਲ ਇਕ ਅਜਿਹੀ ਬੰਦੂਕ ਹੈ ਜੋ ਪੁੱਠੇ ਪਾਸੇ ਨੂੰ ਚੱਲਦੀ ਹੈ ਅਤੇ ਉਹ ਖੁਦ ਹੀ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਪੁੱਟਣ 'ਤੇ ਲੱਗਿਆ ਹੋਇਆ ਹੈ। ਇਕ ਹੋਰ ਤਨਜ਼ ਕੱਸਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਪੈਂਤੜੇਬਾਜ਼ੀ ਲਈ ਰੱਖਿਆ ਗਿਆ ਪ੍ਰਸ਼ਾਂਤ ਕਿਸ਼ੋਰ (ਪੀ.ਕੇ) ਕਾਂਗਰਸ ਵਿਚ ਇਕੋ ਇਕ ਅਜਿਹੀ ਅਥਾਰਟੀ ਹੈ ਜਿਸ ਦੀ ਕਾਂਗਰਸੀ ਆਗੂਆਂ ਨਾਲੋਂ ਵੀ ਜ਼ਿਆਦਾ ਚੱਲਦੀ ਹੈ ਅਤੇ ਟਿਕਟਾਂ ਦਾ ਅੰਤਿਮ ਫੈਸਲਾ ਉਹ ਹੀ ਕਰਦਾ ਹੈ ਜਦਕਿ ਪੰਜਾਬ ਦੇ ਕਾਂਗਰਸੀ ਆਗੂਆਂ ਨਾਲ ਉਸ ਦੇ ਰੱਫੜ ਦੀਆਂ ਖਬਰਾਂ ਰੋਜ਼ਾਨਾ ਨਸ਼ਰ ਹੋ ਰਹੀਆਂ ਹਨ।
ਸ. ਬਾਦਲ ਨੇ ਇਸ ਮੌਕੇ ਸੀਬੀਆ ਨੂੰ ਲੋਕ ਆਗੂ ਦੱਸਦਿਆਂ ਕਿਹਾ ਕਿ ਹੁਣ ਪਾਰਟੀ ਪਹਿਲਾਂ ਨਾਲੋਂ ਵੀ ਜ਼ਿਆਦਾ ਮਜ਼ਬੂਤ ਹੋ ਗਈ ਹੈ। ਇਸ ਮੌਕੇ ਸੁਰਿੰਦਰਪਾਲ ਸਿੰਘ ਸੀਬੀਆ ਨੇ ਜਿੱਥੇ ਉੱਪ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ ਪੱਖੀ ਤੇ ਵਿਕਾਸਮੁਖੀ ਨੀਤੀਆਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪਾਰਟੀ ਉਨ੍ਹਾਂ ਨੂੰ ਜੋ ਵੀ ਸੇਵਾ ਲਾਵੇਗੀ ਉਹ ਖਿੜੇ ਮੱਥੇ ਅਤੇ ਪੂਰੀ ਤਨਦੇਹੀ ਨਾਲ ਸਵੀਕਾਰ ਕਰਨਗੇ। ਇਸ ਮੌਕੇ ਸੀਬੀਆ ਨਾਲ ਸ਼ਾਮਲ ਹੋਏ ਪਰਮਜੀਤ ਸਿੰਘ ਮਾਨ ਸਕੱਤਰ ਪੰਜਾਬ ਕਾਂਗਰਸ ਤੇ ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ, ਸੰਦੀਪ ਬਾਂਸਲ ਸਕੱਤਰ ਪੰਜਾਬ ਕਾਂਗਰਸ, ਜਗਮੇਲ ਸਿੰਘ ਜੱਗੀ ਜਨਰਲ ਸਕੱਤਰ ਜਿਲਾ ਕਾਂਗਰਸ ਕਮੇਟੀ ਸੰਗਰੂਰ, ਰਛਪਾਲ ਸਿੰਘ ਟਿੱਪੂ ਬਲਾਕ ਕਾਂਗਰਸ ਉਪ ਪ੍ਰਧਾਨ ਸੰਗਰੂਰ, ਰਜਿੰਦਰਪਾਲ ਸਿੰਘ ਟਰੇਡ ਯੂਨੀਅਨ ਲੀਡਰ ਅਤੇ ਹੋਰ ਸਮੱਰਥਕਾਂ ਨੂੰ ਉੱਪ ਮੁੱਖ ਮੰਤਰੀ ਨੇ ਸਿਰੋਪਾਓ ਦੇ ਕੇ ਪਾਰਟੀ ਵਿਚ ਸਵਾਗਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਉੱਪ ਮੁੱਖ ਮੰਤਰੀ ਦੇ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਤੇ ਓਐਸਡੀ ਚਰਨਜੀਤ ਸਿੰਘ ਬਰਾੜ ਤੋਂ ਇਲਾਵਾ ਮੀਡੀਆ ਸਲਾਹਕਾਰ ਜੰਗਵੀਰ ਸਿੰਘ ਵੀ ਹਾਜ਼ਰ ਸਨ।