ਚੰਡੀਗੜ, 24 ਦਸੰਬਰ, 2016 : ਕੁੱਝ ਗੈਰਸਮਾਜਿਕ ਤੱਤਾਂ ਵੱਲੋਂ ਕੈਲਗਰੀ (ਕੈਨੇਡਾ) ਵਿੱਚ ਗੁਰਦੁਆਰਾ ਸਾਹਿਬ ਦੇ ਬਾਹਰ ਬੋਰਡ ਨਾਲ ਛੇੜਛਾੜ ਕਰਨ ਦਾ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਗੰਭੀਰ ਨੋਟਿਸ ਲੈਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਦੇ ਜੀਵਨ, ਜਾਇਦਾਦਾਂ ਅਤੇ ਧਾਰਮਿਕ ਆਜਾਦੀ ਨੂੰ ਸੁਰੱਖਿਅਤ ਕਰਨ ਲਈ ਉਹ ਤੁਰੰਤ ਦਖਲ ਦੇਣ।
ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਹੈ ਕਿ ਵਿਦੇਸ਼ਾਂ ਵਿੱਚ ਸਿੱਖਾਂ ਦੇ ਖਿਲਾਫ ਨਸਲੀ ਅਪਰਾਧ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਅਤੇ ਭਾਰਤ ਸਰਕਾਰ ਸਬੰਧਤ ਵਿਦੇਸ਼ੀ ਸਰਕਾਰਾਂ ਨਾਲ ਇਨਾਂ ਮਾਮਲਿਆਂ ਨੂੰ ਚੁੱਕਣ ਵਿੱਚ ਅਸਫਲ ਸਾਬਿਤ ਹੋਈ ਹੈ। ਉਨਾਂ ਕਿਹਾ ਕਿ ਖਾਸ ਤੌਰ 'ਤੇ ਮੰਦਭਾਗੇ 9/11 ਅੱਤਵਾਦੀ ਹਮਲੇ ਦੇ ਬਾਅਦ, ਵਿਦੇਸ਼ਾਂ ਵਿਚ ਰਹਿ ਰਹੇ ਸਿੱਖ ਭਾਈਚਾਰੇ ਉਤੇ ਹਮਲੇ ਲਗਾਤਾਰ ਵਧੇ ਹਨ। ਇਸ ਦੇ ਬਾਵਜੂਦ ਭਾਰਤ ਸਰਕਾਰ ਇਨਾਂ ਹਮਲਿਆਂ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਵਿੱਚ ਅਸਫਲ ਸਾਬਿਤ ਹੋਈ ਹੈ। ਉਨਾਂ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਹਨ। ਵੜੈਚ ਨੇ ਕਿਹਾ ਕਿ ਇਹ ਮੁੱਦਾ ਉਨਾਂ ਨੂੰ ਪਹਿਲ ਦੇ ਆਧਾਰ ਉਤੇ ਚੁੱਕਣਾ ਚਾਹੀਦਾ ਹੈ ਕਿਉਂਕਿ ਉਹ ਅਕਸਰ ਵਿਦੇਸ਼ੀ ਯਾਤਰਾ ਕਰਦੇ ਰਹਿੰਦੇ ਹਨ।
ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਆਪਣੇ ਦੇਸ਼ ਤੋਂ ਦੂਰ ਰਹਿ ਰਹੇ ਸਿੱਖਾਂ ਦਾ ਮਨੋਬਲ ਘਟਾਉਂਦੀਆਂ ਹਨ ਅਤੇ ਭਾਰਤ ਸਰਕਾਰ ਦਾ ਇਹ ਫਰਜ ਹੈ ਕਿ ਉਹ ਸਿੱਖਾਂ ਦੀ ਰਾਖੀ ਅਤੇ ਉਨਾਂ ਦਾ ਭਰੋਸਾ ਬਹਾਲ ਕਰਨ ਲਈ ਢੁਕਵੇਂ ਕਦਮ ਚੁੱਕੇ। ਉਨਾਂ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਥਥਾ ਐਸਜੀਪੀਸੀ ਵੀ ਦੁਨੀਆਂ ਅੰਦਰ ਸਿੱਖਾਂ ਦੀ ਵੱਖਰੀ ਪਹਿਚਾਣ ਲਈ ਜਾਗਰੁਕਤਾ ਲਿਆਉਣ ਵਿੱਚ ਅਸਫਲ ਰਹੀ ਹੈ। ਉਨਾਂ ਕਿਹਾ ਕਿ ਐਸਜੀਪੀਸੀ ਦਾ ਵੀ ਫਰਜ ਬਣਦਾ ਹੈ ਕਿ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਅਤੇ ਗੁਰਦੁਆਰਿਆਂ ਦੀ ਸੁਰੱਖਿਆ ਲਈ ਠੋਸ ਕਦਮ ਚੁੱਕੇ ਜਾਣ।