ਮੋਗਾ, 11 ਨਵੰਬਰ, 2016 : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਮੋਗਾ ਸ. ਕੁਲਦੀਪ ਸਿੰਘ ਵੈਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੇ ਉਪ ਮੁੱਖ ਚੋਣ ਅਫ਼ਸਰ ਦੇ ਆਦੇਸ਼ਾਂ ਅਨੁਸਾਰ ਦੇਸ਼ ਵਿੱਚ ਰਜਿਸਟਰਡ ਐਨ.ਆਰ.ਆਈ ਵੋਟਰਾਂ ਦੀ ਸੰਖਿਆ ਘੱਟ ਹੋਣ ਕਾਰਣ ਕਮਿਸ਼ਨ ਵੱਲੋਂ ਓਵਰਸੀਜ਼ ਇੰਡੀਅਨ ਸਿਟੀਜ਼ਨ ਲਈ ਆਨ-ਲਾਈਨ ਸਰਵੇ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਦੀ ਰਜਿਸਟ੍ਰੇਸ਼ਨ ਅਤੇ ਵੋਟਿੰਗ ਪ੍ਰਕਿਰਿਆ ਆਦਿ ਬਾਰੇ ਜਾਗਰੂਕਤਾ ਦੇ ਪੱਧਰ ਦਾ ਪਤਾ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਇੱਕ ਆਨ-ਲਾਈਨ ਕੰਪੀਟੀਸ਼ਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਆਨ-ਲਾਈਨ ਸਰਵੇ ਦਾ ਕੰਮ ਮਹੀਨਾ ਨਵੰਬਰ ਅਤੇ ਦਸੰਬਰ, 2016 ਵਿੱਚ ਜਾਰੀ ਰਹੇਗਾ, ਜਦਕਿ ਆਨ-ਲਾਈਨ ਕੰਪੀਟੀਸ਼ਨ ਕੇਵਲ ਨਵੰਬਰ ਮਹੀਨੇ ਵਿੱਚ ਹੀ ਚੱਲੇਗਾ। ਇਸ ਸਬੰਧੀ ਪੂਰੀ ਜਾਣਕਾਰੀ www.everyvotecounts.in 'ਤੇ ਉਪਲੱਭਧ ਹੈ।