ਗੁਰਦਵਾਰਾ ਸਾਹਿਬ ਮਾਈਆਂ ਵਾਲਾ ਦੀ ਨਵੀਂ ਇਮਾਰਤ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਮੌਕੇ ਹਾਜ਼ਰੀ ਭਰਦੇ ਹੋਏ ਸ: ਬਿਕਰਮ ਸਿੰਘ ਮਜੀਠੀਆ ਤੇ ਹੋਰ।
ਮਜੀਠਾ, 12 ਨਵੰਬਰ, 2016 : ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਸਪਸ਼ਟ ਕਿਹਾ ਕਿ ਪੰਜਾਬ ਦੇ ਹੱਕਾਂ ਹਿਤਾਂ ਨਾਲ ਕਿਸੇ ਨੂੰ ਵੀ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਹਰਿਆਣੇ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਇਨਸਾਫ਼ ਪਸੰਦ ਲੋਕਾਂ ਨੂੰ ਇਹ ਗਲ ਸਮਝਣੀ ਚਾਹੀਦੀ ਹੈ ਕਿ ਪੰਜਾਬ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ, ਜਿਸ ਨੂੰ ਪੰਜਾਬ ਤੋਂ ਬਾਹਰ ਜਾਣ ਦਿੱਤਾ ਜਾ ਸਕੇ।
ਸ: ਮਜੀਠੀਆ ਅੱਜ ਇੱਥੇ ਗੁਰਦਵਾਰਾ ਸਾਹਿਬ ਮਾਈਆਂ ਵਾਲਾ ਦੀ ਨਵੀਂ ਇਮਾਰਤ ਦੇ ਦਰਬਾਰ ਹਾਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕਰਨ ਮੌਕੇ ਹਾਜ਼ਰੀ ਭਰਨ ਆਏ ਸਨ।
ਸ: ਮਜੀਠੀਆ ਨੇ ਕਿਹਾ ਕਿ ਐੱਸ ਵਾਈ ਐੱਲ ਲਈ ਕਾਂਗਰਸ ਹੀ ਪੂਰੀ ਤਰਾਂ ਦੋਸ਼ੀ ਹੈ।ਉਹਨਾਂ ਕਿਹਾ ਕਿ ਐੱਸ ਵਾਈ ਐੱਲ ਸੰਬੰਧੀ ਅਗਲੇਰੀ ਵਿਚਾਰ ਕਰਨ ਲਈ 16 ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਗਿਆ, ਪਰ ਇੱਕ ਗਲ ਪੱਕੀ ਹੈ ਕਿ ਕਿਸੇ ਵੀ ਕੀਮਤ 'ਤੇ ਪੰਜਾਬ ਦਾ ਪਾਣੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਨੂੰ ਗੁਮਰਾਹ ਕਰਨ ਲਈ ਪੂਰੀ ਵਾਹ ਲਾਉਣ ਦੇ ਬਾਵਜੂਦ ਉਸ ਦੀ ਡਰਾਮੇਬਾਜ਼ੀ, ਚਾਲਾਂ ਅਤੇ ਸਾਜਿਸ਼ਾਂ ਨੂੰ ਲੋਕ ਚੰਗੀ ਤਰਾਂ ਸਮਝ ਚੁੱਕੇ ਹਨ।
ਉਹਨਾਂ ਕਿਹਾ ਕਿ ਕੈਪਟਨ ਵੱਲੋਂ ਲੋਕਾਂ ਦੀਆਂ ਅੱਖਾਂ 'ਚ ਘਟਾ ਪਾਉਣ ਦੀ ਕੋਸ਼ਿਸ਼ ਕਰਨਾ ਹੁਣ ਬੇਕਾਰ ਹੈ ਕਿਉਂਕਿ ਲੋਕ ਜਾਣਦੇ ਹਨ ਕਿ ਨਹਿਰ ਲਈ ਟੱਕ ਲਾਉਣ ਲਈ ਕਾਂਗਰਸ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਤਸ਼ਾਹਿਤ ਕਰਦਿਆਂ ਉਸ ਦਾ ਸ਼ਾਨਦਾਰ ਸਵਾਗਤ ਕੀਤੇ ਜਾਣ ਬਾਰੇ ਅਪ੍ਰੈਲ 1982 ਦੀਆਂ ਅਖ਼ਬਾਰਾਂ ਅੱਜ ਵੀ ਗਵਾਹੀ ਭਰ ਰਹੀਆਂ ਹਨ।ਹਰਿਆਣਾ ਸਰਕਾਰ ਵੱਲੋਂ ਪੰਜਾਬ ਲਈ ਰਾਹ ਅਤੇ ਬੱਸਾਂ ਬੰਦ ਕਰਨ ਦੀ ਧਮਕੀ 'ਤੇ ਸ: ਮਜੀਠੀਆ ਨੇ ਕਿਹਾ ਕਿ ਪਾਣੀ ਪੰਜਾਬ ਲਈ ਜਿੰਦ ਜਾਨ ਹੈ ਤੇ ਪੰਜਾਬ ਕੋਲ ਵਾਧੂ ਪਾਣੀ ਦਾ ਇੱਕ ਬੂੰਦ ਵੀ ਨਹੀਂ ਹੈ, ਪਾਣੀਆਂ ਦਾ ਮਾਮਲਾ ਪੰਜਾਬ ਦਾ ਅੰਦਰੂਨੀ ਮਾਮਲਾ ਹੈ। ਹਰਿਆਣਾ ਨਾ ਤਾਂ ਰਾਈਪੇਰੀਅਨ ਅਤੇ ਨਾ ਹੀ ਬੇਸਨ ਸਿਧਾਂਤ ਤਹਿਤ ਪੰਜਾਬ ਦੇ ਪਾਣੀਆਂ ਦਾ ਹੱਕਦਾਰ ਹੈ। ਇਸ ਲਈ ਉਕਤ ਮੁੱਦੇ ਨੂੰ ਲੈ ਕੇ ਹਰਿਆਣਾ ਨੂੰ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਵਿੱਚ ਪਿਆਰ, ਇਤਫ਼ਾਕ ਤੇ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣ ਦੀ ਕੀਮਤ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਦਿੱਲੀ ਦੇ ਮੁੱਖ ਮੰਤਰੀ ਦੀ ਉਕਤ ਮੁੱਦੇ ਪ੍ਰਤੀ ਚੁੱਪੀ 'ਤੇ ਬੋਲਦਿਆਂ ਉਹਨਾਂ ਕਿਹਾ ਕਿ ਕੇਜਰੀਵਾਲ ਦਾ ਦੋਗਲਾ ਕਿਰਦਾਰ ਪਹਿਲਾਂ ਹੀ ਲੋਕਾਂ ਸਾਹਮਣੇ ਆ ਚੁਕਿਆ ਹੈ ਜਦ ਉਸ ਨੇ ਪੰਜਾਬ ਤੋਂ ਬਾਹਰ ਜਾਂਦਿਆਂ ਹੀ ਪੰਜਾਬ ਦੇ ਵਿਰੁੱਧ ਸਟੈਂਡ ਲੈ ਲਿਆ ਅਤੇ ਕੋਰਟ ਵਿੱਚ ਪੰਜਾਬ ਦੇ ਉਲਟ ਵਕੀਲ ਭੁਗਤਾਏ। ਇਹੀ ਕਾਰਨ ਹੈ ਕਿ ਕਲ 'ਪਾਪ' ਪਾਰਟੀ ਵੱਲੋਂ ਮਾਰੇ ਗਏ ਧਰਨੇ ਨੂੰ ਪੰਜਾਬ ਦੇ ਲੋਕਾਂ ਨੇ ਕੋਈ ਹੁੰਗਾਰਾ ਨਹੀਂ ਦਿੱਤਾ।
ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਗੁਰਦਵਾਰਾ ਸਾਹਿਬ ਦੀ ਸ਼ਾਨਦਾਰ ਇਮਾਰਤ ਦੀ ਕਾਰਸੇਵਾ ਕਰਨ ਵਾਲੇ ਸੰਤ ਬਾਬਾ ਅਜਾਇਬ ਸਿੰਘ ਗੁਰੂ ਕੇ ਬਾਗ ਅਤੇ ਸੰਤ ਬਾਬਾ ਸਰਦਾਰਾ ਸਿੰਘ ਗੁਰਦਵਾਰਾ ਮੋਰਚਾ ਸਾਹਿਬ ਵਾਲਿਆਂ ਦਾ ਧੰਨਵਾਦ ਅਤੇ ਸਿਰੋਪਓ ਨਾਲ ਸਨਮਾਨਿਤ ਕੀਤਾ। ਉਹਨਾਂ ਕਿਹਾ ਕਿ ਗੁਰੂ ਅਰਜਨ ਦੇਵ ਜੀ ਨੇ ਸਾਈ ਮੀਆਂ ਮੀਰ ਜੀ ਪਾਸੇ ਸ੍ਰੀ ਦਰਬਾਰ ਸਾਹਿਬ ਦੀ ਨੀਂਹ ਰਖਵਾ ਕੇ ਭਾਈਚਾਰਕ ਸਾਂਝ ਅਤੇ ਸਦਭਾਵਨਾ ਦੀ ਮਿਸਾਲ ਕਾਇਮ ਕੀਤੀ। ਉਹਨਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਭ ਧਰਮਾਂ ਦਾ ਸਤਿਕਾਰ ਕਰਨਾ ਸਿਖਾਇਆ ਹੈ । ਗੁਰਧਾਮਾਂ ਦੀ ਸੇਵਾ ਦਾ ਅਵਸਰ ਬਾਦਲ ਸਰਕਾਰ ਨੂੰ ਬਖਸ਼ਿਸ਼ ਕਰਨ ਸਦਕਾ ਹੀ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਨਵਿਆਏ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦਵਾਰ 'ਤੇ ਪਲਾਜ਼ਾ ਉੱਸਾਰ ਕੇ ਇਸ ਇਤਿਹਾਸ ਨੂੰ ਸ਼ਾਨਦਾਰ ਤੇ ਆਧੁਨਿਕ ਤਰੀਕੇ ਨਾਲ ਪ੍ਰਚਾਰਨ ਦਾ ਸਬੱਬ ਬਣਿਆ।
ਇਸ ਮੌਕੇ ਮੇਜਰ ਸ਼ਿਵੀ, ਤਲਬੀਰ ਸਿੰਘ ਗਿੱਲ, ਜਥੇਦਾਰ ਸੰਤੋਖ ਸਿੰਘ ਸਮਰਾ, ਪ੍ਰੋ: ਸਰਚਾਂਦ ਸਿੰਘ, ਗੁਰਦਵਾਰਾ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਸਬੂਲੀਆ, ਮੀਤ ਪ੍ਰਧਾਨ ਅਜੀਤ ਸਿੰਘ ਅਠਵਾਲ, ਮੈਨੇਜਰ ਜੋਗਾ ਸਿੰਘ ਅਠਵਾਲ, ਪ੍ਰਧਾਨ ਤਰੁਨ ਅਬਰੋਲ, ਗਗਨਦੀਪ ਸਿੰਘ ਭਕਨਾ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਮਹਿੰਦਰ ਕੌਸਲਰ, ਬਿਸ਼ਨ ਸਿੰਘ, ਪ੍ਰਿਤਪਾਲ ਸਿੰਘ, ਚਰਨਜੀਤ ਸਿੰਘ, ਅਸ਼ਵਨੀ ਕੁਮਾਰ, ਜਥੇ: ਹਰਪਾਲ ਸਿੰਘ, ਨੰਬਰਦਾਰ ਤਰਲੋਕ ਸਿੰਘ, ਸੰਤ ਪ੍ਰਕਾਸ਼ ਸਿੰਘ ਰਾਣਾ ਪਟਵਾਰੀ ਆਦਿ ਮੌਜੂਦ ਸਨ।