ਚੰਡੀਗੜ੍ਹ, 14 ਨਵੰਬਰ, 2016 : ਐਸ.ਵਾਈ.ਐਲ ਮੁੱਦੇ 'ਤੇ ਖੁੱਡੇ ਲਗਾਏ ਜਾਣ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਲਗਾਤਾਰ ਮਾਮਲੇ 'ਚ ਆਪਣੀ ਚੁੱਪੀ ਬਣਾਏ ਰੱਖੇ ਹਨ, ਜਿਨ੍ਹਾਂ 'ਤੇ ਸੋਮਵਾਰ ਨੂੰ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਪੱਖ ਸਾਫ ਕਰਨ ਦਾ ਦਬਾਅ ਹੋਰ ਵਧਾ ਦਿੱਤਾ ਹੈ।
ਇਸ ਲੜੀ ਹੇਠ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਬੇਤੁਕੇ ਦਾਅਵੇ ਕਿ ਪਾਰਟੀ ਦਾ ਪੱਖ ਇਸ ਮਾਮਲੇ 'ਚ ਸਪੱਸ਼ਟ ਹੈ ਅਤੇ ਅਜਿਹੇ 'ਚ ਉਨ੍ਹਾਂ ਨੂੰ ਮਾਮਲੇ 'ਚ ਬੋਲਣ ਦੀ ਲੋੜ ਨਹੀਂ ਹੈ, 'ਤੇ ਕੈਪਟਨ ਅਮਰਿੰਦਰ ਨੇ ਆਪ ਆਗੂਆਂ ਤੋਂ ਸਵਾਲ ਪੁੱਛਿਆ ਹੈ ਕਿ ਰੋਜਾਨਾ ਨੋਟ ਬੰਦ ਕਰਨ ਦੇ ਮੁੱਦੇ 'ਤੇ ਬਿਆਨ ਦੇਣ ਵਾਲੇ ਕੇਜਰੀਵਾਲ ਇਸ ਮਾਮਲੇ 'ਚ ਕਿਉਂ ਨਹੀਂ ਬੋਲ ਸਕਦੇ? ਕੈਪਟਨ ਅਮਰਿੰਦਰ ਨੇ ਐਸ.ਵਾਈ.ਐਲ ਮੁੱਦੇ 'ਤੇ ਕੇਜਰੀਵਾਲ ਦੀ ਚੁੱਪੀ ਨੂੰ ਸਪੱਸ਼ਟ ਕਰਨ ਲਈ ਪਾਰਟੀ ਦੀ ਨਿਰਾਸ਼ਾਜਨਕ ਕੋਸ਼ਿਸ਼ ਉਪਰ ਚੁਟਕੀ ਲੈਂਦਿਆਂ ਸਵਾਲ ਕੀਤਾ ਹੈ ਕਿ ਕੀ ਨੋਟ ਬੰਦ ਕਰਨ ਦੇ ਮੁੱਦੇ ਉਪਰ ਆਪ ਦਾ ਪੱਖ ਸਪੱਸ਼ਟ ਨਹੀਂ ਹੈ, ਜਿਸ ਕਾਰਨ ਕੇਜਰੀਵਾਲ ਨੂੰ ਉਸ ਵਿਸ਼ੇ 'ਤੇ ਰੋਜ਼ਾਨਾ ਬਿਆਨ ਦੇਣਾ ਜ਼ਰੂਰੀ ਬਣ ਗਿਆ ਹੈ?
ਕੈਪਟਨ ਅਮਰਿੰਦਰ ਨੇ ਕਿਹਾ ਕਿ ਅਸਲਿਅਤ 'ਚ ਐਸ.ਵਾਈ.ਐਲ 'ਤੇ ਲਗਾਤਾਰ ਚੁੱਪੀ ਬਣਾ ਕੇ ਕੇਜਰੀਵਾਲ ਨੇ ਆਪਣੀ ਪਾਰਟੀ ਦੇ ਲੋਕਾਂ ਨੂੰ ਵਿੱਚ ਵਿਚਾਲੇ ਲਟਕਾ ਦਿੱਤਾ ਹੈ। ਅਜਿਹੇ 'ਚ ਆਪ ਆਗੂਆਂ ਕੋਲ ਸੂਬੇ ਦੇ ਲੋਕਾਂ ਨੂੰ ਦੇਣ ਲਈ ਕੋਈ ਜਵਾਬ ਨਹੀਂ ਹੈ, ਜਿਹੜੇ ਆਪਣੇ ਕੌਮੀ ਕਨਵੀਨਰ ਵੱਲੋਂ ਪੱਖ ਲੈ ਕੇ ਸਾਹਮਣੇ ਨਾ ਆਉਣ 'ਤੇ ਲੋਕਾਂ ਦੇ ਸਵਾਲਾਂ ਤੋਂ ਬੱਚਣ ਲਈ ਹੁਣ ਬਹਾਨੇ ਲੱਭ ਰਹੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਜਰੀਵਾਲ ਨਾ ਸਿਰਫ ਐਸ.ਵਾਈ.ਐਲ ਉਪਰ ਸੁਪਰੀਮ ਕੋਰਟ ਦੇ ਫੈਸਲੇ 'ਤੇ ਪ੍ਰਤੀਕ੍ਰਿਆ ਦੇਣ ਤੋਂ ਬੱਚ ਰਹੇ ਹਨ, ਸਗੋਂ ਉਨ੍ਹਾਂ ਨੇ ਪਾਰਟੀ ਦੇ ਦਲਿਤ ਮੈਨਿਫੈਸਟੋ ਦੀ ਲਾਂਚਿੰਗ ਨੂੰ ਲਟਕਾ ਦਿੱਤਾ ਹੈ, ਜਿਨ੍ਹਾਂ ਕੋਲ ਪੰਜਾਬ ਆਉਣ ਲਈ ਕੋÂਰ ਮੂੰਹ ਨਹੀਂ ਬੱਚਿਆ ਹੈ। ਇਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਕੇਜਰੀਵਾਲ ਨੇ ਪੰਜਾਬ ਦੀ ਚੋਣਾਂ ਦੀ ਲੜਾਈ ਦਾ ਸਾਹਮਣਾ ਕੀਤੇ ਬਗੈਰ ਮੈਦਾਨ ਤੋਂ ਭੱਜਣ ਦਾ ਫੈਸਲਾ ਕਰ ਲਿਆ ਹੈ।
ਪ੍ਰਦੇਸ਼ ਕਾਂਗਰਸ ਨੇ ਇਕ ਬਿਆਨ 'ਚ ਕਿਹਾ ਕਿ ਪੂਰੇ ਸੂਬੇ ਨੂੰ ਸੰਕਟ 'ਚ ਪਾਉਣ ਵਾਲੇ ਫੈਸਲੇ ਨੂੰ ਆਏ 96 ਘੰਟੇ ਬੀਤ ਜਾਣ ਦੇ ਬਾਵਜੂਕ ਕੇਜਰੀਵਾਲ ਦੀ ਚੁੱਪੀ ਨੂੰ ਕੋਈ ਵੀ ਸਪੱਸ਼ਟ ਨਹੀਂ ਕਰ ਸਕਦਾ। ਅਜਿਹੇ 'ਚ ਕੇਜਰੀਵਾਲ ਨੇ ਇਕ ਵਾਰ ਫਿਰ ਤੋਂ ਸਮੱਸਿਆ ਤੋਂ ਭੱਜਣ ਦੀ ਆਪਣੀ ਆਦਤ ਨੂੰ ਸਾਬਤ ਕਰ ਦਿੱਤਾ ਹੈ, ਜਿਹੜੇ ਇਸ ਗੰਭੀਰ ਮੁੱਦੇ 'ਤੇ ਕੋਈ ਪੱਖ ਨਹੀਂ ਲੈ ਪਾ ਰਹੇ ਹਨ। ਉਹ ਵੀ ਉਦੋਂ ਤੱਕ ਜਦੋਂ ਮਾਮਲਾ ਉਨ੍ਹਾਂ ਦੇ ਵਿਅਕਤੀਗਤ ਹਿੱਤਾਂ ਦੇ ਟਕਰਾਅ ਦਾ ਨਾ ਹੋਵੇ।
ਜਦਕਿ ਐਸ.ਵਾਈ.ਐਲ ਮਾਮਲੇ 'ਚ ਇਕ ਵਾਰ ਫਿਰ ਤੋਂ ਕੇਜਰੀਵਾਲ ਦੇ ਦੁਹਰੇ ਮਾਪਦੰਡਾਂ ਦਾ ਭਾਂਡਾਫੋੜ ਹੋ ਚੁੱਕਾ ਹੈ ਅਤੇ ਇਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਬਾਰੇ ਕੇਜਰੀਵਾਲ ਨੂੰ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਦਾ ਇਕੋਮਾਤਰ ਉਦੇਸ਼ ਆਪਣੇ ਵਿਅਕਤੀਗਤ ਏਜੰਡੇ ਨੂੰ ਅੱਗੇ ਵਧਾਉਣਾ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਪੰਜਾਬ ਦੇ ਇਤਿਹਾਸ 'ਚ ਅਹਿਮ ਸਥਾਨ ਰੱਖਣ ਵਾਲੇ ਇਸ ਗੰਭੀਰ ਮੁੱਦੇ 'ਤੇ ਚੁੱਪੀ ਬਣਾਏ ਰੱਖਣ ਤੋਂ ਪ੍ਰਤੀਤ ਹੁੰਦਾ ਹੈ ਕਿ ਉਹ ਸੂਬੇ 'ਚ ਚੋਣਾਂ ਦੀ ਲੜਾਈ ਲੜੇ ਬਗੈਰ ਹੀ ਮੈਦਾਨ ਛੱਡ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਬੀਤੇ ਦਿਨਾਂ ਦੌਰਾਨ ਲਗਾਤਾਰ ਚੌਥੀ ਵਾਰ ਕੇਜਰੀਵਾਲ ਨੂੰ ਐਸ.ਵਾਈ.ਐਲ ਉਪਰ ਆਪਣਾ ਪੱਖ ਸਪੱਸ਼ਟ ਕਰਨ ਲਈ ਕਹਿ ਚੁੱਕੇ ਹਨ, ਜਿਸ ਬਾਰੇ ਪੰਜਾਬ ਦੇ ਲੋਕ ਕੇਜਰੀਵਾਲ ਤੋਂ ਜਾਣਨਾ ਚਾਹੁੰਦੇ ਹਨ ਕਿ ਕੀ ਉਹ ਇਸ ਮੁੱਦੇ 'ਤੇ ਪੰਜਾਬ ਨਾਲ ਹਨ ਜਾਂ ਫਿਰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਦਿੱਲੀ ਤੇ ਹਰਿਆਣਾ ਦੇ ਲੋਕਾਂ ਨਾਲ ਹਨ?