ਨਵੀਂ ਦਿੱਲੀ, 18 ਨਵੰਬਰ, 2016 : ਜ਼ੀ ਨਿਊਜ਼ ਦੇ ਮਾਲਕ ਅਤੇ ਭਾਜਪਾ ਦੇ ਰਾਜਸਭਾ ਸਾਂਸਦ ਡਾ. ਸੁਭਾਸ਼ ਚੰਦਰਾ ਨੇ ਵੀਰਵਾਰ ਨੂੰ ਦਿੱਲੀ ਦੇ ਪਟਿਆਲਾ ਹਾਊਸ ਕੋਰਟ 'ਚ ਮੁੱਖ-ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ ਅਪਰਾਧਿਕ ਮਾਨਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਹੈ। ਇਸ ਦੀ ਜਾਣਕਾਰੀ ਚੰਦਰਾ ਨੇ ਟਵਿਟਰ ਜ਼ਰੀਏ ਦਿੱਤੀ । ਦਰਅਸਲ, ਕੇਜਰੀਵਾਲ ਨੇ ਕਾਲੇ ਧਨ ਦੇ ਮਾਮਲੇ 'ਚ ਸੁਭਾਸ਼ ਚੰਦਰਾ ਦਾ ਨਾਂ ਲਿਆ ਸੀ, ਜਿਸ ਮਗਰੋਂ ਇਹ ਕੇਸ ਦਰਜ ਕਰਾਇਆ ਗਿਆ ਹੈ।
ਟਵਿਟਰ 'ਤੇ ਚੰਦਰਾ ਨੇ ਲਿਖਿਆ,''ਲੋਕਾਂ 'ਤੇ ਦੋਸ਼ ਲਗਾਉਣਾ ਦਿੱਲੀ ਦੇ ਮੁੱਖ-ਮੰਤਰੀ ਕੇਜਰੀਵਾਲ ਦਾ ਸਟਾਇਲ ਹੈ, ਪਰ ਕਿਸੇ ਨਾਗਰਿਕ ਨੂੰ ਇਸ ਤਰ੍ਹਾਂ ਪਰੇਸ਼ਾਨ ਕਰਨਾ ਇਕ ਮੁੱਖ-ਮੰਤਰੀ ਨੂੰ ਸ਼ੋਭਾ ਨਹੀਂ ਦਿੰਦਾ।
ਚੰਦਰਾ ਨੇ ਇਹ ਵੀ ਲਿਖਿਆ ਕਿ ਕੇਜਰੀਵਾਲ ਸੰਵਿਧਾਨਕ ਅਹੁਦੇ 'ਤੇ ਹੁੰਦੇ ਹੋਏ ਵੀ ਇਕ ਆਮ ਰਾਜਨੇਤਾ ਵਾਂਗ ਟਿੱਪਣੀਆਂ ਕਰਦੇ ਹਨ, ਜੋ ਸਰਾਸਰ ਗਲਤ ਹੈ। ਇਸ ਤੋਂ ਪਹਿਲਾਂ ਵਿੱਤ ਮੰਤਰੀ ਅਰੁਣ ਜੇਤਲੀ ਵੀ ਅਰਵਿੰਦ ਕੇਜਰੀਵਾਲ 'ਤੇ ਮਾਣਹਾਨੀ ਦਾ ਮੁਕੱਦਮਾ ਕਰ ਚੁੱਕੇ ਹਨ। ਕੇਜਰੀਵਾਲ ਨੇ ਜੇਤਲੀ 'ਤੇ ਦਿੱਲੀ ਕ੍ਰਿਕਟ ਐਸੋਸੀਏਸ਼ਨ 'ਚ ਕਥਿਤ ਤੌਰ 'ਤੇ ਭ੍ਰਿਸ਼ਟਾਚਾਰ ਕਰਨ ਦਾ ਦੋਸ਼ ਲਗਾਇਆ ਸੀ।