ਮੁਕਤਸਰ, 19 ਨਵੰਬਰ, 2016 : ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਬਹੁਤੇ ਉਮੀਦਵਾਰਾਂ ਦੀ ਜ਼ਮਾਨਤਾਂ ਜ਼ਬਤ ਹੋਣਗੀਆਂ। ਜਦਕਿ ਅਕਾਲੀ ਭਾਜਪਾ ਗਠਜੋੜ ਭਾਰੀ ਬਹੁਮੱਤ ਨਾਲ ਜਿੱਤ ਪ੍ਰਾਪਤ ਕਰਕੇ ਪੰਜਾਬ ਵਿਚ ਤੀਜੀ ਵਾਰ ਸਰਕਾਰ ਬਣਾਉਣ ਦਾ ਇਤਿਹਾਸ ਸਿਰਜੇਗਾ।
ਇਹ ਸ਼ਬਦ ਯੂਥ ਅਕਾਲੀ ਦਲ ਮੁਕਤਸਰ ਦੇ ਆਗੂ ਸ਼ ਰੋਜ਼ੀ ਬਰਕੰਦੀ ਨੇ ਇੱਥੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਕਾਂਗਰਸ ਅਤੇ ਆਪ ਦੇ ਆਗੂਆਂ ਕੋਲ ਪੰਜਾਬ ਦੇ ਵਿਕਾਸ ਵਾਸਤੇ ਕੋਈ ਏਜੰਡਾ ਨਹੀਂ ਹੈ। ਉਹ ਸਿਰਫ ਸੱਤਾ 'ਤੇ ਕਾਬਿਜ਼ ਹੋਣ ਲਈ ਸਰਕਾਰ ਖਿਲਾਫ ਝੂਠਾ ਅਤੇ ਗੁੰਮਰਾਹਕੁਨ ਪ੍ਰਚਾਰ ਕਰ ਰਹੇ ਹਨ। ਸ਼ ਬਰਕੰਦੀ ਨੇ ਕਿਹਾ ਕਿ ਇਹ ਦੋਵੇਂ ਪਾਰਟੀਆਂ ਦੂਜਿਆਂ ਉੱਤੇ ਚਿੱਕੜ ਸੁੱਟ ਕੇ ਖੁਦ ਨੂੰ ਦੁੱਧ ਧੋਤੇ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਲੋਕ ਇਹਨਾਂ ਦੀ ਅਸਲੀਅਤ ਜਾਣਦੇ ਹਨ।
ਆਪ ਆਗੂਆਂ ਵੱਲੋਂ ਦਿੱਲੀ 'ਚ ਕੀਤੇ ਘਿਨੌਣੇ ਅਪਰਾਧਾਂ ਦਾ ਹਵਾਲਾ ਦਿੰਦਿਆਂ ਸ਼ ਬਰਕੰਦੀ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਿਹਨਾਂ ਆਗੂਆਂ ਦੇ ਆਪਣੇ ਕਿਰਦਾਰ ਉੱਤੇ ਉਂਗਲਾਂ ਉੱਠ ਰਹੀਆਂ ਹਨ, ਉਹੀ ਸਾਫ ਸੁਥਰੀ ਰਾਜਨੀਤੀ ਕਰਨ ਦੀ ਮਸ਼ਾਲ ਲੈ ਕੇ ਚੱਲੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਕਦੇ ਵੀ ਦੋਗਲੇ ਕਿਰਦਾਰਾਂ ਵਾਲੇ ਆਗੂਆਂ ਨੂੰ ਮੂੰਹ ਨਹੀਂ ਲਾਉਂਦੇ।
ਕਾਂਗਰਸ ਦੇ ਪੰਜਾਬ ਵਿਰੋਧੀ ਪੈਂਤੜਿਆਂ ਉੱਤੇ ਟਿੱਪਣੀ ਕਰਦਿਆਂ ਸ਼ ਬਰਕੰਦੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਪਿਛਲੇ 60 ਸਾਲਾਂ ਦੌਰਾਨ ਹਮੇਸ਼ਾਂ ਹੀ ਪੰਜਾਬ ਦਾ ਨੁਕਸਾਨ ਕੀਤਾ ਹੈ। ਇਹ ਚਾਹੇ ਪੰਜਾਬੀ ਸੂਬੇ ਦੀ ਮੰਗ ਦਾ ਮਸਲਾ ਹੋਵੇ ਹਾਂ ਫਿਰ ਆਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਹੋਵੇ, ਕਾਂਗਰਸ ਪਾਰਟੀ ਦੋਗਲੀ ਰਣਨੀਤੀ ਉੱਤੇ ਚੱਲਦੇ ਹੋਏ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦਾ ਘਾਣ ਕਰਦੀ ਰਹੀ ਹੈ। ਅੱਜ ਇਸ ਪਾਰਟੀ ਦੇ ਆਗੂਆਂ ਵੱਲੋਂ ਜਿਹਨਾਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੇ ਝੂਠੇ ਵਾਅਦੇ ਕੀਤੇ ਜਾ ਰਹੇ ਹਨ, ਉਹਨਾਂ ਉੱਤੇ ਕਰਜ਼ੇ ਦੀ ਪੰਡ ਕਾਂਗਰਸ ਦੀਆਂ ਗਲਤ ਅਤੇ ਪੰਜਾਬ ਵਿਰੋਧੀ ਨੀਤੀਆਂ ਸਦਕਾ ਹੀ ਵੱਡੀ ਹੋਈ ਹੈ।
ਸ਼ ਬਰਕੰਦੀ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ ਪਿਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ ਨੇ ਜਿੰਨੀ ਤਰੱਕੀ ਕੀਤੀ ਹੈ, ਉੰਨੀ ਕੇਂਦਰ ਅਤੇ ਸੂਬੇ ਅੰਦਰ ਰਹੀਆਂ ਕਾਂਗਰਸ ਸਰਕਾਰਾਂ ਦੇ 50 ਸਾਲਾਂ ਦੇ ਕਾਰਜਕਾਲ ਦੌਰਾਨ ਵੀ ਨਹੀਂ ਹੋਈ। ਚਾਰੇ ਪਾਸੇ ਚਾਰ-ਮਾਰਗੀ ਅਤੇ ਛੇ-ਮਾਰਗੀ ਸੜਕਾਂ ਦਾ ਜਾਲ ਵਿਛਾ ਦਿੱਤਾ ਗਿਆ ਹੈ, ਜਿਸ ਨੇ ਸੂਬੇ ਨੂੰ ਵਿਕਾਸ ਦੀ ਨਵੀਆਂ ਲੀਹਾਂ ਉੱਤੇ ਪਾ ਦਿੱਤਾ ਹੈ। ਇਸ ਤੋਂ ਇਲਾਵਾ ਲੋਕ-ਪੱਖੀ ਕਾਰਜਾਂ ਨੂੰ ਪਹਿਲ ਦਿੰਦੇ ਹੋਏ ਕਿਸਾਨਾਂ ਅਤੇ ਦਲਿਤਾਂ ਲਈ ਮੁਫਤ ਬਿਜਲੀ ਦੀ ਸਹੂਲਤ, ਕਿਸਾਨਾਂ ਦਾ ਫਸਲੀ ਬੀਮਾ, ਗਰੀਬ ਪਰਿਵਾਰਾਂ ਲਈ ਆਟਾ-ਦਾਲ ਸਕੀਮ, ਸ਼ਗਨ ਸਕੀਮ, ਕਿਸਾਨਾਂ ਨੂੰ ਵਿਆਜ ਮੁਕਤ ਫਸਲੀ ਕਰਜ਼ਾ ਆਦਿ ਸਹੂਲਤਾਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਤਰੱਕੀ ਦੇ ਇਸ ਦੌਰ ਨੂੰ ਜਾਰੀ ਰੱਖਣਾ ਚਾਹੁੰਦੇ ਹਨ। ਇਸ ਲਈ ਉਹ ਅਕਾਲੀ-ਭਾਜਪਾ ਗਠਜੋੜ ਨੂੰ ਭਾਰੀ ਬਹੁਮੱਤ ਨਾਲ ਜਿਤਾ ਕੇ ਸੂਬੇ ਅੰਦਰ ਲਗਾਤਾਰ ਤੀਜੀ ਵਾਰ ਬਾਦਲ ਸਰਕਾਰ ਬਣਾਉਣ ਦਾ ਇਤਿਹਾਸ ਸਿਰਜਣਗੇ।