ਚੰਡੀਗੜ੍ਹ, 21 ਨਵੰਬਰ, 2016 : ਲੁਧਿਆਣਾ ਦੇ ਆਤਮ ਨਗਰ ਤੋਂ ਅਜਾਦ ਐਮ.ਐਲ.ਏ ਸਿਮਰਜੀਤ ਸਿੰਘ ਬੈਂਸ ਅਤੇ ਲੁਧਿਆਣਾ ਦੱਖਣ ਤੋਂ ਅਜਾਦ ਉਮੀਦਵਾਰ ਬਲਵਿੰਦਰ ਸਿੰਘ ਬੈਂਸ ਦੀ ਪਾਰਟੀ ਲੋਕ ਇਨਸਾਫ ਪਾਰਟੀ ਨੇ ਅੱਜ ਰਸਮੀ ਤੌਰ ਤੇ 2017 ਦੀਆਂ ਵਿਧਾਨ ਸਭਾ ਚੋਣਾ ਲਈ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਨ ਦਾ ਐਲਾਨ ਕਰ ਦਿੱਤਾ। ਸੋਮਵਾਰ ਨੂੰ ਚੰਡੀਗੜ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਬੈਂਸ ਭਰਾਵਾਂ ਨੇ ਮੌਜੂਦਾ ਅਕਾਲੀ ਸਰਕਾਰ ਅਤੇ ਕਾਂਗਰਸ ਨੂੰ ਪੰਜਾਬ ਤੋਂ ਚਲਦਾ ਕਰਨ ਦਾ ਮੰਤਵ ਨਾਲ ਆਮ ਆਦਮੀ ਪਾਰਟੀ ਨਾਲ ਮਿਲਕੇ ਚੋਣਾਂ ਲੜਨ ਦਾ ਫੈਸਲਾ ਕੀਤਾ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਇੰਚਾਰਜ ਸੰਜੇ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਂਗ ਹੀ ਲੋਕ ਇਨਸਾਫ ਪਾਰਟੀ ਦਾ ਇਕੋ ਮੰਤਵ ਭਿ੍ਰਸ਼ਟਾਚਾਰੀ ਬਾਦਲਾਂ ਅਤੇ ਪੰਜਾਬ ਨੂੰ ਲੁਟਣ ਵਾਲੀ ਕਾਂਗਰਸ ਤੋਂ ਅਜਾਦੀ ਦਿਵਾਉਣੀ ਹੈ। ਇਸੇ ਮੰਤਵ ਲਈ ਹੀ ਦੋਵੇਂ ਪਾਰਟੀਆਂ 2017 ਦੀਆਂ ਚੋਣਾਂ ਇਕੱਠੇ ਲੜਨਗੀਆਂ। ਉਨਾਂ ਕਿਹਾ ਕਿ ਬੈਂਸ ਭਰਾ ਲੰਬੇ ਸਮੇਂ ਤੋਂ ਪੰਜਾਬ ਅਕਾਲੀਆਂ ਅਤੇ ਕਾਂਗਰਸੀਆਂ ਦੁਆਰਾ ਨਜਾਇਜ ਢੰਗ ਨਾਲ ਕੀਤੀ ਜਾ ਰਹੀ ਰੇਤੇ-ਬਜਰੀ ਦੀ ਲੁੱਟ, ਨਸ਼ਾ ਮਾਫੀਆ ਅਤੇ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਖਿਲਾਫ ਵਿਧਾਨ ਸਭਾ ਅਤੇ ਉਸਤੋਂ ਬਾਹਰ ਅਵਾਜ ਉਠਾਉਦੇ ਆ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਹਰ ਵਿਅਕਤੀ ਨੂੰ ਇਸ ਲੜਾਈ ਵਿਚ ਸ਼ਾਮਲ ਹੋ ਕੇ ਇਕ ਨਵੇਂ ਪੰਜਾਬ ਦੀ ਸਿਰਜਣਾ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ। ਉਨਾਂ ਕਿਹਾ ਕਿ ਬੈਂਸ ਭਰਾਵਾਂ ਵਰਗੇ ਸਾਫ ਅਕਸ ਦੇ ਵਿਅਕਤੀਆਂ ਦੇ ਆਉਣ ਨਾਲ ਆਮ ਆਦਮੀ ਪਾਰਟੀ ਹੋਰ ਮਜਬੂਤੀ ਨਾਲ ਲੋਕਾਂ ਦੇ ਦਰਬਾਰ ਵਿਚ ਜਾਵੇਗੀ ਅਤੇ ਪੰਜਾਬ ਵਿਚ ਸਰਕਾਰ ਬਣਾਵੇਗੀ। ਉਨਾਂ ਕਿਹਾ ਕਿ ਇਕ ਪਾਸੇ ਤਾਂ ਬੈਂਸ ਭਰਾਵਾਂ ਵਰਗੇ ਸਾਫ ਅਕਸ ਦੇ ਲੋਕ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ ਅਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨਸ਼ੇ ਦੇ ਵਪਾਰੀਆਂ ਅਤੇ ਬਦਨਾਮ ਲੋਕਾਂ ਨੂੰ ਕਾਂਗਰਸ ਵਿਚ ਸ਼ਾਮਲ ਕਰਵਾ ਰਹੇ ਹਨ।
ਸਿਮਰਜੀਤ ਬੈਂਸ ਨੇ ਕਿਹਾ ਕਿ ਰਾਜਨੀਤੀ ਉਨਾਂ ਲਈ ਕੋਈ ਧੰਦਾ ਨਹੀਂ ਬਲਕਿ ਦੇਸ਼ ਭਗਤੀ ਹੈ ਅਤੇ ਉਹ ਪੰਜਾਬ ਨੂੰ ਬਚਾਉਣ ਲਈ ਪੰਜਾਬ ਵਿਰੋਧੀ ਤਾਕਤਾਂ ਨਾਲ ਲੜਦੇ ਰਹਿਣਗੇ। ਉਨਾਂ ਕਿਹਾ ਕਿ ਲੋਕਾਂ ਦੀ ਅਵਾਜ ਖੁਦਾ ਦੀ ਅਵਾਜ ਹੁੰਦੀ ਹੈ, ਜਿਸਨੂੰ ਸੁਣਕੇ ਹੀ ਉਹ ਆਮ ਆਦਮੀ ਪਾਰਟੀ ਨਾਲ ਮਿਲੇ ਹਨ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਇਕੋ ਮੰਤਵ ਲਈ ਲੜ ਰਹੀਆਂ ਹਨ, ਇਸ ਲਈ ਉਨਾਂ ਦੇ ਇਕੱਠੇ ਹੋਣ ਨਾਲ ਨਿਸਚਿਤ ਤੌਰ ਤੇ ਪੰਜਾਬ ਵਿਚੋਂ ਬਾਦਲਾਂ ਅਤੇ ਕਾਂਗਰਸ ਦਾ ਸਫਾਇਆ ਹੋ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਉਤੇ ਹਮਲਾ ਕਰਦਿਆਂ ਬੈਂਸ ਨੇ ਕਿਹਾ ਕਿ ਉਹ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਪ੍ਰਕਾਸ਼ ਸਿੰਘ ਬਾਦਲ ਦੀ ਕਾਰਬਨ ਕਾਪੀ ਹਨ ਅਤੇ ਉਨਾਂ ਤੋਂ ਪੰਜਾਬ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ। ਉਨਾਂ ਕਿਹਾ ਕਿ ਪੰਜਾਬ ਨੂੰ ਲੁਟਣ ਦੇ ਮਾਮਲੇ ਵਿਚ ਬਾਦਲ ਅਤੇ ਕਾਂਗਰਸ ਇਕੋਂ ਜਿੰਨੇ ਜਿੰਮੇਵਾਰ ਹਨ ਅਤੇ ਉਹ ਮਿਲਕੇ ਪੰਜਾਬ ਵਿਚ ਨਜਾਇਜ ਮਾਇਨੀਂਗ ਅਤੇ ਨਸ਼ੇ ਦਾ ਵਪਾਰ ਕਰ ਰਹੇ ਹਨ। ਉਨਾਂ ਕੈਪਟਨ ਅਮਰਿੰਦਰ ਸਿੰਘ ਨਾਲ ਕਿਸੇ ਵੀ ਮੀਟਿੰਗ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ 1984 ਦੇ ਦੰਗਿਆਂ ਅਤੇ ਪੰਜਾਬ ਦੇ ਪਾਣੀ ਖੋਹਣ ਲਈ ਜਿੰਮੇਵਾਰ ਹੈ ਇਸ ਲਈ ਅਜਿਹੀ ਪਾਰਟੀ ਨਾਲ ਗਠਜੋੜ ਕਰਨ ਜਾ ਉਸ ਵਿਚ ਸ਼ਾਮਲ ਹੋਣ ਲਈ ਉਹ ਸੋਚ ਵੀ ਨਹੀਂ ਸਕਦੇ। ਉਨਾਂ ਕਿਹਾ ਕਿ ਐਸਵਾਈਐਲ ਦੀ ਨੀਂਹ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਇੰਦਰਾ ਗਾਂਧੀ ਤੋਂ ਰਖਵਾਈ ਸੀ ਜਦਕਿ ਇਸ ਲਈ ਜਮੀਨ ਐਕਵਾਈਰ ਬਾਦਲਾਂ ਨੇ ਕੀਤੀ ਸੀ।
ਬੈਂਸ ਨੇ ਕਿਹਾ ਕਿ ਆਪਣੇ ਆਪ ਨੂੰ ਪੰਥਕ ਹੋਣ ਵਾਲੀ ਬਾਦਲ ਸਰਕਾਰ ਹੁਣ ਤੱਕ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਪਕੜਨ ਵਿਚ ਨਾਕਾਮਯਾਬ ਰਹੀ ਹੈ ਬਲਕਿ ਉਨਾਂ ਨੇ ਸ਼ਾਂਤਮਈ ਢੰਗ ਨਾਲ ਰੋਸ਼ ਕਰ ਰਹੇ ਬੇਕਸੂਰ ਸਿੱਖਾਂ ਉਤੇ ਤਸ਼ਦੱਦ ਢਾਹਿਆ ਹੈ। ਉਨਾਂ ਕਿਹਾ ਕਿ ਪੰਜਾਬ ਵਿਚ ਸਰਕਾਰ ਬਣਾਉਣ ਤੋਂ ਬਾਅਦ ਉਹ ਬਾਦਲਾਂ ਕੋਲੋਂ ਐਸਜੀਪੀਸੀ ਉਤੇ ਕੀਤਾ ਕਬਜਾ ਵੀ ਛੁਡਵਾਉਣਗੇ। ਬਾਦਲ ਉਤੇ ਧਰਮ ਦੀ ਰਾਜਨੀਤੀ ਕਰਨ ਦਾ ਦੋਸ਼ ਲਗਉਦਿਆ ਬੈਂਸ ਨੇ ਕਿਹਾ ਕਿ ਉਹ ਸਿੱਖਾਂ ਦੇ ਗੁਣਾਹਗਾਰ ਹਨ ਅਤੇ ਪੰਜਾਬ ਦੇ ਲੋਕ ਉਨਾਂ ਨੂੰ ਮੁਆਫ ਨਹੀਂ ਕਰਨਗੇ। ਆਮ ਆਦਮੀ ਪਾਰਟੀ ਨਾਲ ਗਠਜੋੜ ਬਾਰੇ ਉਨਾਂ ਨੇ ਕਿਹਾ ਕਿ ਇਹ ਗਠਜੋੜ ਸਿਰਫ 2017 ਦੀਆਂ ਚੋਣਾਂ ਲਈ ਹੀ ਨਹੀਂ ਬਲਕਿ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਇਕ ਲੰਬੀ ਯੋਜਨਾ ਅਧੀਨ ਕੀਤਾ ਗਿਆ ਹੈ। ਉਨਾਂ ਕਿਹਾ ਕਿ ਉਹ ਪਿਛਲੇ ਸਮੇਂ ਵਿਚ ਪਾਰਟੀ ਨਾਲੋਂ ਨਾਰਾਜ ਹੋਏ ਵਰਕਰਾਂ ਨੂੰ ਮੁੜ ਲਾਮਬੰਦ ਕਰਕੇ ਨਵੇਂ ਪੰਜਾਬ ਦੀ ਉਸਾਰੀ ਕਰਨਗੇ।
ਗੁਰਪ੍ਰੀਤ ਵੜੈਚ ਨੇ ਕਿਹਾ ਕਿ ਸਮੁੱਚੇ ਪੰਜਾਬੀਆਂ ਲਈ ਇਹ ਇਕ ਸਕੂਨ ਦੀ ਘੜੀ ਹੈ ਅਤੇ ਦੇਸ਼ ਵਿਦੇਸ਼ ਵਿਚ ਵਸਦੇ ਪੰਜਾਬੀ ਇਸ ਫੈਸਲੇ ਤੋਂ ਖੁਸ਼ ਹੋਏ ਹਨ। ਉਨਾਂ ਕਿਹਾ ਕਿ ਇਕ ਚੰਗੇ ਟੀਚੇ ਨੂੰ ਸਰ ਕਰਨ ਲਈ ਆਪ ਅਤੇ ਪੰਜਾਬ ਇਨਸਾਫ ਪਾਰਟੀ ਇਕੱਠੇ ਹੋਏ ਹਨ। ਕੈਪਟਨ ਅਮਰਿੰਦਰ ਸਿੰਘ ਉਤੇ ਨਿਸ਼ਾਨਾ ਸਾਧਦਿਆਂ ਵੜੈਚ ਨੇ ਕਿਹਾ ਕਿ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਨ ਲਈ ਤਰਲੋਮੱਛੀ ਹੋ ਰਹੇ ਹਨ ਇਸੇ ਲਈ ਉਹ ਇਕ ਕਬਾੜੀਏ ਦੀ ਤਰਾਂ ਹੋਰਨਾ ਪਾਰਟੀਆਂ ਵਿਚੋਂ ਕੱਢੇ ਭਿ੍ਰਸ਼ਟਾਚਾਰੀਆਂ ਅਤੇ ਨਸ਼ੇ ਦੀ ਵਪਾਰੀਆਂ ਨੂੰ ਕਾਂਗਰਸ ਵਿਚ ਸ਼ਾਮਲ ਕਰਵਾ ਰਹੇ ਹਨ। ਉਨਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਕੋਲ ਚੋਣਾਂ ਵਿਚ ਉਤਾਰਨ ਲਈ ਉਮੀਦਵਾਰ ਹੀ ਨਹੀਂ ਹਨ।
ਬਲਵਿੰਦਰ ਬੈਂਸ ਨੇ ਕਿਹਾ ਕਿ 2017 ਦੀਆਂ ਚੋਣਾਂ ਕੋਈ ਆਮ ਚੋਣਾਂ ਨਹੀਂ ਬਲਕਿ ਇਸ ਰਾਹੀਂ ਪੰਜਾਬ ਦੇ ਭਵਿੱਖ ਦਾ ਫੈਸਲਾ ਹੋਵੇਗਾ। ਉਨਾਂ ਨੇ ਕਿਹਾ ਕਿ ਇਹ ਚੋਣਾਂ ਪੰਜਾਬ ਨੂੰ ਲੁੱਟਣ ਵਾਲੇ ਲੋਟੂਆਂ ਅਤੇ ਪੰਜਾਬ ਦੇ ਰਖਵਾਲਿਆਂ ਦੀ ਲੜਾਈ ਹੈ। ਉਨਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਉਹ ਲੰਬੇ ਸਮੇਂ ਤੋਂ ਚੌਂਕੀਦਾਰੀ ਕਰਦੇ ਆ ਰਹੇ ਹਨ ਅਤੇ ਆਖਰੀ ਸਾਹ ਤੱਕ ਪੰਜਾਬ ਦੇ ਹੱਕਾਂ ਦੀ ਲੜਾਈ ਲੜਦੇ ਰਹਿਣਗੇ। ਉਨਾਂ ਨੇ ਪੰਜਾਬੀਆਂ ਨੂੰ ਲੋਟੂ ਲੀਡਰਾਂ ਨੂੰ ਪੰਜਾਬ ਤੋਂ ਬਾਹਰ ਕਰਨ ਦਾ ਸੱਦਾ ਦਿੱਤਾ।
ਇਕ ਸਵਾਲ ਦੇ ਜਵਾਬ ਵਿਚ ਸੰਜੇ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਾਣੀਆਂ ਦੇ ਮੁੱਦੇ ‘ਤੇ ਪੰਜਾਬ ਦੇ ਨਾਲ ਖੜੀ ਹੈ ਅਤੇ ਇਹ ਗੱਲ ਪਾਰਟੀ ਹਾਈਕਮਾਂਡ ਪਹਿਲਾਂ ਹੀ ਸਾਫ ਕਰ ਚੁੱਕੀ ਹੈ ਕਿ ਪੰਜਾਬ ਕੋਲ ਕਿਸੇ ਹੋਰ ਰਾਜ ਨੂੰ ਦੇਣ ਲਈ ਪਾਣੀ ਨਹੀਂ। ਉਨਾਂ ਕਿਹਾ ਕਿ ਬਾਦਲ ਸਰਕਾਰ ਹੁਣ ਕਿਸਾਨਾਂ ਨੂੰ ਉਨਾਂ ਦੀ ਜਮੀਨ ਵਾਪਸ ਕਰਨ ਦਾ ਢੌਂਗ ਕਰ ਰਹੀ ਹੈ ਜਦਕਿ ਸਰਕਾਰ ਦੇ ਸਾਢੇ 9 ਸਾਲ ਬੀਤ ਜਾਣ ‘ਤੇ ਉਨਾਂ ਇਸ ਬਾਬਤ ਕੁਝ ਵੀ ਨਹੀਂ ਕੀਤਾ ਸੀ। ਉਨਾਂ ਕਿਹਾ ਕਿ ਬਾਦਲ ਖੁਦ ਹੀ ਕਿਸਾਨਾਂ ਕੋਲੋਂ ਜਮੀਨ ਖੋਹਣ ਵਾਲੇ ਹਨ ਅਤੇ ਹੁਣ ਚੋਣਾਂ ਨੇੜੇ ਵੇਖ ਕੇ ਪੰਜਾਬ ਦੇ ਪਾਣੀਆਂ ਦੇ ਰਖਵਾਲੇ ਬਣਨ ਦਾ ਪਖੰਡ ਕਰ ਰਹੇ ਹਨ। ਉਨਾਂ ਪੱਤਰਕਾਰਾਂ ਨੂੰ ਕਿਹਾ ਕਿ ਹੁਣ ਜਦੋਂ ਕਿ ਆਮ ਆਦਮੀ ਪਾਰਟੀ ਦੀ ਰਾਸ਼ਟਰੀ ਲੀਡਰਸ਼ਿਪ ਨੇ ਇਸ ਸੰਬੰਧੀ ਰੁਖ ਸਾਫ ਕਰ ਦਿੱਤਾ ਹੈ ਹੁਣ ਪੱਤਰਕਾਰਾਂ ਨੂੰ ਇਹ ਸਵਾਲ ਰਾਹੁਲ ਗਾਂਧੀ ਅਤੇ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਤੋਂ ਪੁਛਣਾ ਚਾਹੀਦਾ ਹੈ।