ਮਜੀਠਾ ਵਿਖੇ ਭਗਵਾਨ ਵਾਲਮੀਕ ਜੀ ਦੀ ਮੂਰਤੀ ਸ਼ੋਭਾ ਯਾਤਰਾ ਵਿਚ ਸ਼ਾਮਿਲ ਸੰਤਾਂ ਮਹਾਂ ਪੁਰਖਾਂ ਨੂੰ ਸਨਮਾਨਿਤ ਕਰਦੇ ਹੋਏ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ।
ਮਜੀਠਾ, 28 ਨਵੰਬਰ, 2016 : ਭਗਵਾਨ ਵਾਲਮੀਕ ਜੀ ਦੀ ਮੂਰਤੀ ਸ਼ੋਭਾ ਯਾਤਰਾ ਦਾ ਅੱਜ ਮਜੀਠਾ ਵਿਖੇ ਪਹੁੰਚਣ 'ਤੇ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ 'ਚ ਹਜ਼ਾਰਾਂ ਦੀ ਗਿਣਤੀ ਵਿੱਚ ਆਪ ਮੁਹਾਰੇ ਪਹੁੰਚੇ ਸ਼ਰਧਾਲੂਆਂ ਨੇ ਹੁੰਮ੍ਹ ਹੰਮ੍ਹਾ ਕੇ ਪੂਰੇ ਅਦਬ ਸਤਿਕਾਰ ਨਾਲ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਸ: ਮਜੀਠੀਆ ਨੇ ਉਹਨਾਂ ਦੀ ਬੇਨਤੀ 'ਤੇ ਸਮੇਂ ਦੀ ਕਮੀ ਦੇ ਬਾਵਜੂਦ ਮਜੀਠੇ 'ਚ ਸ਼ੋਭਾ ਯਾਤਰਾ ਲਿਆ ਕੇ ਮਜੀਠਾ ਵਾਸੀਆਂ ਦੇ ਦਰਸ਼ਨਾਂ ਲਈ ਦਾ ਵਿਸ਼ੇਸ਼ ਉਪਰਾਲਾ ਕਰਨ ਲਈ ਸੰਤਾਂ ਮਹਾਂ ਪੁਰਖਾਂ ਅਤੇ ਪ੍ਰਬੰਧਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।
ਸ: ਮਜੀਠੀਆ ਨੇ ਕਿਹਾ ਕਿ ਸ੍ਰੀ ਵਾਲਮੀਕ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਅਸਥਾਨ ਸ੍ਰੀ ਰਾਮ ਤੀਰਥ ( ਵਾਲਮੀਕ ਤੀਰਥ) ਦੀ ਹਜ਼ਾਰਾਂ ਸਾਲਾਂ ਤੋਂ ਕਿਸੇ ਵੀ ਰਾਜੇ ਮਹਾਰਾਜਿਆਂ ਤੋਂ ਕੋਈ ਸੇਵਾ ਸੰਭਾਲ ਨਹੀਂ ਹੋ ਸਕੀ । ਉਹਨਾਂ ਦੱਸਿਆ ਕਿ ਸ: ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਉਹ ਪਹਿਲੀ ਸਰਕਾਰ ਹੈ ਜਿਸ ਨੇ ਉਕਤ ਅਸਥਾਨ ਦੀ ਸੇਵਾ ਸੰਭਾਲ ਦਾ ਜਿਮਾ ਚੁੱਕਿਆ ਅਤੇ ਸਰਬ ਸਾਂਝੀਵਾਲਤਾ 'ਤੇ ਪਹਿਰਾ ਦਿੰਦਿਆਂ ਸ੍ਰੀ ਰਾਮ ਤੀਰਥ ਦੇ ਅਸਥਾਨ 'ਤੇ 250 ਕਰੋੜ ਦੀ ਲਾਗਤ ਨਾਲ ਇੱਕ ਸ਼ਾਨਦਾਰ ਸ੍ਰੀ ਵਾਲਮੀਕ ਭਵਨ ਦਾ ਨਿਰਮਾਣ ਕਰਾਇਆ ਗਿਆ। ਜਿਸ ਵਿੱਚ ਇੱਕ ਦਸੰਬਰ ਨੂੰ ਮੂਰਤੀ ਸਥਾਪਿਤ ਕਰਦਿਆਂ ਭਵਨ ਨੂੰ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਸਮਰਪਿਤ ਕੀਤਾ ਜਾਵੇਗਾ। ਉਹਨਾਂ ਸੰਗਤ ਨੂੰ ਉਸ ਦਿਨ ਹੁਮ ਹੰਮ੍ਹਾ ਕੇ ਸ੍ਰੀ ਰਾਮ ਤੀਰਥ ਪਹੁੰਚਣ ਦੀ ਵੀ ਅਪੀਲ ਕੀਤੀ।
ਉਹਨਾਂ ਕਿਹਾ ਕਿ ਸ੍ਰੀ ਰਾਮ ਜੀ ਦੀ ਅਮਰ ਕਥਾ '' ਰਮਾਇਣ '' ਦੇ ਰਚੇਤਾ ਸ੍ਰੀ ਵਾਲਮੀਕ ਜੀ ਦਾ ਜੀਵਨ ਸੰਘਰਸ਼ਮਈ ਸੀ। ਉਨ੍ਹਾਂ ਤਿਆਗ, ਦਲੇਰੀ ਅਤੇ ਹੱਕ ਸੱਚ ਲਈ ਲੜਨ ਅਤੇ ਅਣਖ ਨਾਲ ਜ਼ਿੰਦਗੀ ਨੂੰ ਜੀਉਣ ਦੀ ਇੱਕ ਮਿਸਾਲ ਪੇਸ਼ ਕੀਤੀ।ਉਹਨਾਂ ਕਿਹਾ ਕਿ ਭਗਵਾਨ ਵਾਲਮੀਕ ਜੀ ਨੇ ਸਭ ਤੋ ਪਹਿਲਾਂ ਵਿਸ਼ਵ ਨੂੰ ਸ਼ਾਂਤੀ ਦਾ ਉਪਦੇਸ਼ ਦਿੱਤਾ। ਰਮਾਇਣ ਮਹਾਂ ਕਾਵਿ ਰਾਹੀ ਮਰਿਆਦਾ ਪ੍ਰਸ਼ੋਤਮ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਨੂੰ ਲੋਕਾਂ ਸਾਹਮਣੇ ਪੇਸ਼ ਕਰਦਿਆਂ ਉਨ੍ਹਾਂ ਨੇ ਲੋਕਾਂ ਨੂੰ ਸਮਾਜਿਕ ਮਰਿਆਦਾ ਅਨੁਸਾਰ ਸਹੀ ਰਾਹ ਤੇ ਚਲਣ ਦਾ ਉਪਦੇਸ਼ ਦਿੱਤਾ। ਅਜਿਹਾ ਕਰ ਕੇ ਉਹਨਾਂ ਮਨੁੱਖੀ ਜੀਵਨ ਅਤੇ ਸਮਾਜ ਵਿੱਚ ਸੁਧਾਰ ਲਿਆਉਣ ਦਾ ਕਾਰਜ ਕੀਤਾ।
ਉਹਨਾਂ ਕਿਹਾ ਕਿ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ 'ਚ ਸਰਕਾਰ ਨੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਅਤੇ ਸਦਭਾਵਨਾ ਹਿਤੂ ਸਭ ਧਰਮਾਂ ਦਾ ਸਤਿਕਾਰ ਕਰਦਿਆਂ ਧਾਰਮਿਕ ਅਸਥਾਨਾਂ ਨੂੰ ਵਿਰਾਸਤੀ ਦਿਖ ਦਿੱਤੀ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜੀ ਰੱਖਣ ਲਈ ਸ਼ਾਨਦਾਰ ਇਤਿਹਾਸਕ ਯਾਦਗਾਰਾਂ ਸਥਾਪਿਤ ਕੀਤੀਆਂ ਹਨ।
ਪੰਜਾਬ 'ਚ ਕੇਜਰੀਵਾਲ ਦਾ ਦਲਿਤ ਪਤਾ ਨਹੀਂ ਚੱਲੇਗਾ:
ਇਸ ਮੌਕੇ ਉਹਨਾਂ ਆਮ ਆਦਮੀ ਪਾਰਟੀ ਦੇ ਆਗੂ ਅਰਵਿੰਦ ਕੇਜਰੀਵਾਲ 'ਤੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਉਹ ਪੰਜਾਬ ਵਿੱਚ ਜਾਤੀਵਾਦ ਦੇ ਨਾਮ 'ਤੇ ਲੋਕਾਂ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਪੰਜਾਬ ਦੇ ਸੂਝਵਾਨ ਲੋਕ ਹੁਣ ਉਸ ਦੇ ਕਿਸੇ ਵੀ ਝਾਂਸੇ ਵਿੱਚ ਨਹੀਂ ਆਉਣਗੇ। ਉਹਨਾਂ ਕਿਹਾ ਕਿ ਲੋਕ ਜਾਣਦੇ ਹਨ ਕਿ ਦਲਿਤਾਂ ਦੇ ਨਾਮ 'ਤੇ ਸਿਆਸਤ ਕਰਨ ਵਾਲੇ ਕੇਜਰੀਵਾਲ ਨੇ ਆਪਣੇ ਹੀ ਦਲਿਤ ਆਗੂਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਹੋਇਆ ਹੈ।
ਵਿਰੋਧੀਆਂ ਦੇ ਭਾਰਤ ਬੰਦ ਦੇ ਸੱਦੇ ਦੀ ਲੋਕਾਂ ਕੱਢੀ ਫੂਕ :
ਸ: ਮਜੀਠੀਆ ਨੇ ਕਿਹਾ ਕਿ ਕਿਸੇ ਤਰਫ਼ ਵੀ ਨਜ਼ਰ ਘੁਮਾ ਕੇ ਦੇਖ ਲਓ ਸਭ ਦੁਕਾਨਾਂ ਅਤੇ ਕਾਰੋਬਾਰ ਚਲਾ ਕੇ ਲੋਕਾਂ ਨੇ ਵਿਰੋਧੀਆਂ ਦੇ ਬੰਦ ਦੇ ਸੱਦੇ ਦੀ ਫੂਕ ਕੱਢ ਦਿੱਤੀ ਹੈ। ਉਹਨਾਂ ਕਿਹਾ ਕਿ
ਜਿਸ ਤਰਾਂ ਲੋਕਾਂ ਨੇ ਬੰਦ ਦੇ ਸੱਦੇ ਨੂੰ ਨਕਾਰ ਕੇ ਰਖ ਦਿੱਤਾ ਹੈ, ਉਸ ਤੋਂ ਇੱਕ ਗਲ ਤਾਂ ਸਪਸ਼ਟ ਹੈ ਕਿ ਸੂਝਵਾਨ ਲੋਕਾਂ ਨੇ ਮੁਸ਼ਕਲਾਂ ਨੂੰ ਬਰਦਾਸ਼ਤ ਕਰਦਿਆਂ ਸਰਕਾਰ ਦੇ ਉੱਸਾਰੂ ਫੈਸਲਿਆਂ ਦਾ ਸਵਾਗਤ ਕੀਤਾ ਹੈ।
ਇਸ ਮੌਕੇ ਸ: ਮਜੀਠੀਆ ਨੇ ਸੋਭਾ ਯਾਤਰਾ ਵਿੱਚ ਹਿੱਸਾ ਲੈ ਰਹੇ ਮਹਾਂ ਪੁਰਖਾਂ ਨੂੰ ਸਨਮਾਨਿਤ ਕੀਤਾ।ਇਸ ਮੌਕੇ ਸੰਤ ਪ੍ਰਭੂ ਰਿਸ਼ੀ ਨਾਥ ਜੀ, ਸ੍ਰੀ ਦਰਸ਼ਨ ਰਤਨ ਰਾਵਨ ਜੀ, ਰਾਜ ਕੁਮਾਰ ਅਧਿਕਾਈ, ਵਿਜੈ ਦਾਨਵ, ਸੁਭਾਸ਼ ਸੌਂਦੀ, ਜੋਧ ਸਿੰਘ ਸਮਰਾ, ਮੇਜਰ ਸ਼ਿਵੀ, ਤਲਬੀਰ ਸਿੰਘ ਗਿੱਲ, ਪ੍ਰਧਾਨ ਤਰੁਨ ਅਬਰੋਲ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਗਗਨਦੀਪ ਸਿੰਘ ਭਕਨਾ,ਐਡਵੋਕੇਟ ਰਾਕੇਸ਼ ਪ੍ਰਾਸ਼ਰ, ਸਲਵੰਤ ਸਿੰਘ ਸੇਠ, ਸੁਰਿੰਦਰ ਪਾਲ ਗੋਕਲ, ਪ੍ਰਿੰਸ ਕੌਸਲਰ, ਬਾਬਾ ਮਹਿੰਦਰ ਸਿੰਘ, ਦੁਰਗਾ ਦਾਸ, ਬਲਬੀਰ ਚੰਦੀ, ਪ੍ਰਭ ਦਿਆਲ ਨੰਗਲ ਪੰਨਵਾ, ਬੱਬੀ ਭੰਗਵਾਂ, ਪੱਪਾ ਸਰਪੰਚ, ਅਮਨਦੀਪ ਗਿੱਲ ਸਪਾਰੀਵਿੰਡ, ਰਾਜਾ ਮੀਆਂ ਪੰਧੇਰ, ਡਾ: ਤਰਸੇਮ ਸਿਆਲਕਾ ਆਦਿ ਮੌਜੂਦ ਸਨ।