ਫਾਈਲ ਫੋਟੋ
ਚੰਡੀਗੜ੍ਹ, 29 ਨਵੰਬਰ, 2016 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਉਹ ਕੋਈ ਇੱਕ ਕੰਮ ਗਿਣਾਉਣ ਜੋ ਉਨ੍ਹਾਂ ਮੁੱਖ ਮੰਤਰੀ ਹੁੰਦਿਆਂ ਨੌਜਵਾਨਾ ਦੀ ਭਲਾਈ ਲਈ ਕੀਤਾ ਹੋਵੇ। ਸ. ਬਾਦਲ ਨੇ ਕਿਹਾ ਕਿ ਸਗੋਂ ਉਲਟਾ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਆਪਣੇ ਰਾਜਕਾਲ ਦੌਰਾਨ ਰੁਜਗਾਰ ਦੇ ਮੌਕੇ ਨਾ ਪ੍ਰਦਾਨ ਕਰਕੇ ਨੌਜਵਾਨਾਂ ਦੀ ਪੂਰੀ ਇੱਕ ਪੀੜੀ ਦਾ ਭਵਿੱਖ ਤਬਾਹ ਕਰ ਦਿੱਤਾ ਸੀ।
ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਅਸਫਲ ਕੋਸ਼ਿਸ਼ ਤੋਂ ਬਾਅਦ ਹੁਣ ਨੌਜਵਾਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਤੋਂ ਬਾਝ ਆਉਣ ਦੀ ਕੈਪਟਨ ਅਮਰਿੰਦਰ ਸਿੰਘ ਨੂੰ ਨਸੀਅਤ ਦਿੰਦਿਆਂ, ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਸਿਰਫ ਹਾਂ ਜਾਂ ਨਾਂਹ ਵਿੱਚ ਇਸ ਦਾ ਜਵਾਬ ਦੇਣ ਕਿ ਕੀ ਉਨ੍ਹਾਂ ਨੇ ਆਪਣੇ ਰਾਜਕਾਲ ਦੌਰਾਨ ਸਾਰੀਆਂ ਸਰਕਾਰੀ ਭਰਤੀਆਂ 'ਤੇ ਪਾਬੰਦੀ ਲਗਾਈ ਸੀ ਕਿ ਨਹੀਂ ਅਤੇ ਕੀ ਇਸ ਪਾਬੰਦੀ ਦੇ ਕਾਰਨ ਉਸ ਵੇਲੇ ਦੀ ਸਾਰੀ ਨੌਜਵਾਨ ਪੀੜੀ ਸਰਕਾਰੀ ਨੌਕਰੀਆਂ ਤੋਂ ਵਾਂਝੀ ਨਹੀਂ ਰਹਿ ਗਈ ਸੀ।
ਅਮਰਿੰਦਰ ਸਿੰਘ ਨੂੰ ਪੰਜਾਬ ਅੰਦਰ ਵ਼ੱਡੇ ਪੱਧਰ ਤੇ ਬੇਰੁਜਗਾਰੀ ਫੈਲਾਉਣ ਲਈ ਦੋਸ਼ੀ ਐਲਾਨਦਿਆਂ ਸ. ਬਾਦਲ ਨੇ ਕਿਹਾ ਕਿ ਸੂਬੇ ਦੇ ਨੌਜਵਾਨ ਅਜਿਹੇ ਵਿਅਕਤੀ 'ਤੇ ਦੁਬਾਰਾ ਕਿਸ ਤਰ੍ਹਾਂ ਭਰੋਸਾ ਕਰ ਸਕਦੇ ਹਨ। ਉਨ੍ਹਾਂ ਕਿਹਾ, “ਕੈਪਟਨ ਅਮਰਿੰਦਰ ਸਿੰਘ ਜੀ ਹੁਣ ਸਤਾ ਹਾਸਿਲ ਕਰਨ ਦੇ ਲਾਲਚ ਵਿੱਚ ਤੁਸੀਂ ਚੰਨ-ਤਾਰੇ ਤੋੜ ਕੇ ਲਿਆਉਣ ਦੇ ਵੀ ਵਾਅਦੇ ਕਰ ਸਕਦੇ ਹਨ ਪਰ ਤੁਹਾਡਾ ਪੁਰਾਣਾ ਰਿਕਾਰਡ ਤੁਹਾਡੀ ਅਸਲ ਸਚਾਈ ਬਿਆਨ ਕਰਦਾ ਹੈ। ਤੁਸੀਂ ਨਾ ਸਿਰਫ ਭਰਤੀ ਤੇ ਪਾਬੰਦੀ ਲਗਾਈ ਸਗੋਂ ਸੇਵਾ-ਮੁਕਤੀ ਉਪਰੰਤ ਖਾਲੀ ਹੋਈ ਹਰੇਕ ਅਸਾਮੀ ਨੂੰ ਹੀ ਰੱਦ ਕਰ ਦਿੱਤਾ। ਇਸੇ ਲਈ ਅਸੀਂ ਮੁੜ ਇੰਨਾ ਅਸਾਮੀਆਂ ਨੂੰ ਬਹਾਲ ਕਰਦਿਆਂ 2.25 ਲੱਖ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ। ਇਹ ਨਹੀਂ ਅਸੀ ਠੇਕੇ ਤੇ ਕੰਮ ਕਰ ਰਹੇ ਹਜਾਰਾਂ ਨੌਜਵਾਨਾਂ ਦੀਆਂ ਸੇਵਾਵਾਂ ਨੂੰ ਵੀ ਪੱਕਿਆਂ ਕੀਤਾ ਹੈ।“
ਪੰਜਾਬ ਦੇ ਲੋਕਾਂ ਵੱਲੋਂ ਲਗਾਤਾਰ ਦੋ ਵਾਰ ਠੁਕਰਾਏ ਜਾਣ ਕਾਰਨ ਬੌਖਲਾਹਟ ਵਿੱਚ ਆ ਕੇ ਲੋਕਾਂ ਨੂੰ ਮੂਰਖ ਨਾ ਬਨਾਉਣ ਦੀ ਸਲਾਹ ਦਿੰਦਿਆਂ ਸ. ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਇਹ ਦੱਸਣ ਕਿ ਉਨ੍ਹਾਂ ਮੁੱਖ ਮੰਤਰੀ ਹੁੰਦਿਆਂ ਬੇਰੁਜਗਾਰ ਨੌਜਵਾਨਾਂ ਨੂੰ ਵੀ ਕੋਈ ਵੀ ਰੁਜਗਾਰ ਦੇਣ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਕਿਹਾ, “ਰੁਜਗਾਰ ਦੇਣ ਦੇ ਭਰੋਸੇ ਨੂੰ ਵੀ ਭੁੱਲ ਜਾਓ, ਤੁਹਾਡੇ ਮੁੱਖ ਮੰਤਰੀ ਹੁੰਦਿਆਂ ਤਾਂ ਰੋਜਗਾਰ ਦਫਤਰਾਂ ਨੂੰ ਬੇਰੁਜਗਾਰਾਂ ਦੇ ਅੰਕੜੇ ਰੱਖਣ ਨੂੰ ਨਿਰਉਤਸ਼ਾਹਿਤ ਕਰਦਿਆਂ ਉਨ੍ਹਾਂ ਦਾ ਕੰਮਕਾਜ ਬੰਦ ਕਰ ਦਿੱਤਾ ਗਿਆ।“
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਅਸਲ ਸੁਭਾਅ ਹੀ ਇਹੀ ਹੈ। ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਨੂੰ ਯਾਦ ਹੈ ਕਿ ਕਿਸ ਤਰ੍ਹਾਂ ਪਹਿਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨਾਂ ਨੂੰ ਵੋਟਾਂ ਲੈਣ ਲਈ ਵੱਡੇ-ਵੱਡੇ ਲਾਰੇ ਲਾਏ ਗਏ ਅਤੇ ਫਿਰ ਮੁੱਖ ਮੰਤਰੀ ਬਣਦਿਆਂ ਹੀ ਉਨ੍ਹਾਂ ਦੀਆਂ ਮੋਟਰਾਂ ਦੇ ਬਿਲ ਲਗਾ ਦਿੱਤੇ ਅਤੇ ਇਸੇ ਤਰ੍ਹਾਂ ਆਰਥਿਕ ਪੱਖੋਂ ਕਮਜੋਰ ਵਰਗ ਲਈ ਚਲਾਈ ਗਈ ਸ਼ਗਨ ਸਕੀਮ ਨੂੰ ਵੀ ਬੰਦ ਕਰ ਦਿੱਤਾ ਜਿਸ ਨੂੰ ਹੁਣ ਕਾਂਗਰਸ ਵੱਲੋਂ ਵਧਾ ਕੇ ਦੇਣ ਦਾ ਲਾਰਾ ਲਾਇਆ ਜਾ ਰਿਹਾ ਹੈ।
ਅਮਰਿੰਦਰ ਨੂੰ ਉਹ ਗੱਲ ਕਹਿਣ ਜੋ ਉਹ ਪੂਰੀ ਕਰ ਸਕਦੇ ਹਨ ਦੀ ਸਲਾਹ ਦਿੰਦਿਆਂ, ਸ. ਬਾਦਲ ਨੇ ਕਿਹਾ, “ਤੁਸੀਂ ਕਦੇ ਵੀ ਸ. ਪਰਕਾਸ਼ ਸਿੰਘ ਬਾਦਲ ਦਾ ਮੁਕਾਬਲਾ ਨਹੀਂ ਕਰ ਸਕਦੇ ਕਿਉਂਕਿ ਉ ਜੋ ਕਹਿੰਦੇ ਨੇ ਉਸ ਉੱਤੇ ਪਹਿਰਾ ਦਿੰਦੇ ਹਨ ਅਤੇ ਹਮੇਸ਼ਾਂ ਆਪਣੇ ਵਾਅਦੇ ਪੂਰੇ ਕਰਦੇ ਹਨ।“ ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਅਮਰਿੰਦਰ ਸਿੰਘ ਵੱਲੋਂ ਕੀਤੇ ਜਾਣ ਵਾਲੇ ਵਾਅਦਿਆਂ ਦਾ ਹਮੇਸ਼ਾਂ ਮਜਾਕ ਉਡਾਇਆ ਜਾਂਦਾ ਹੈ ਅਤੇ ਉਨ੍ਹਾਂ ਦੇ ਸਿਆਸੀ ਮੈਨੇਜਰਾਂ ਵੱਲੋਂ ਉਨ੍ਹਾਂ ਦੀ ਸਾਖ ਬਚਾਉਣ ਅਤੇ ਕਿਸਾਨਾਂ ਦਾ ਰਿਕਾਰਡ ਤੋੜ ਹੁੰਗਾਰਾ ਦਿਖਾਉਣ ਲਈ ਝੂਠੇ ਫਾਰਮ ਭਰੇ ਜਾਂਦੇ ਹਨ ਅਤੇ ਇਸ ਕੋਸ਼ਿਸ਼ ਵਿੱਚ ਉਹ ਇੰਨੇ ਫਾਰਮ ਦਿਖਾ ਦਿੰਦੇ ਹਨ ਜਿੰਨੇ ਕਿ ਪੰਜਾਬ ਵਿੱਚ ਕੁੱਲ ਕਿਸਾਨ ਨਹੀਂ ਹਨ। ਸ. ਬਾਦਲ ਨੇ ਕਿਹਾ, “ਮੈਨੂੰ ਪਤਾ ਹੈ ਕਿ ਤੁਹਾਡੇ ਇਹੀ ਸਿਆਸੀ ਮੈਨੇਜਰ ਅਜਿਹੀਆਂ ਹੀ ਹੋਰ ਝੂਠੇ ਢੰਗ ਅਪਣਾਉਣਗੇ ਤਾਂ ਜੋ ਤੁਹਾਨੂੰ ਆਪਣੇ ਸੁਪਣਿਆਂ ਦੀ ਦੁਨੀਆਂ ਵਿੱਚ ਖੁਸ਼ ਰੱਖ ਸਕਣ। ਪਰ ਲੋਕਾਂ ਦਾ ਆਦਰ ਝੂਠ, ਫਰੇਬ ਅਤੇ ਧੋਖਿਆਂ ਨਾਲ ਨਹੀਂ ਹਾਸਿਲ ਕੀਤਾ ਜਾ ਸਕਦਾ ਇਸ ਨੂੰ ਹਾਸਿਲ ਕਰਨ ਲਈ ਤਾਂ ਬਹੁਤ ਸਖਤ ਮਿਹਨਤ ਕਰਨੀ ਪੈਂਦੀ ਹੈ ਅਤੇ ਸ. ਪਰਕਾਸ਼ ਸਿੰਘ ਬਾਦਲ ਵਾਂਗ ਆਪਣੇ ਵਚਨ ਤੇ ਪੱਕੇ ਰਹਿਣਾ ਪੈਂਦਾ ਹੈ।“