ਅੰਮ੍ਰਿਤਸਰ, 30 ਨਵੰਬਰ, 2016 : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵੀਲ ਨੇ ਅੱਜ ਅੰਮ੍ਰਿਤਸਰ ਵਿੱਚ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ 2 ਮਹੀਨਿਆਂ ਬਾਅਦ ਪੰਜਾਬ ਅੰਦਰ ਆਮ ਲੋਕਾਂ ਦੀ ਸਰਕਾਰ ਬਣਨ ਜਾ ਰਹੀ ਹੈ, ਜੋ ਵਾਰੀ ਬੰਨ ਕੇ ਪੰਜਾਬ ਨੂੰ ਲੁੱਟ ਰਹੇ ਕੈਪਟਨ ਅਮਰਿੰਦਰ ਅਤੇ ਬਾਦਲਾਂ ਤੋਂ ਛੁਟਕਾਰਾ ਦੇਵੇਗੀ ਅਤੇ ਪੰਜਾਬ ਅੰਦਰ ਖੁਸ਼ਹਾਲ ਅਤੇ ਭੈਅ-ਮੁਕਤ ਮਾਹੌਲ ਸਿਰਜੇਗੀ।
ਅੰਮ੍ਰਿਤਸਰ ਦੱਖਣੀ ਹਲਕੇ ਵਿੱਚ ਇਨਕਲਾਬ ਰੈਲੀ ਦੌਰਾਨ ਕੇਜਰੀਵਾਲ ਨੇ ਕਿਹਾ ਕਿ 15-20 ਸਾਲਾਂ ਤੋਂ ਬਾਦਲ ਅਤੇ ਕੈਪਟਨ ਪੰਜਾਬ ਨੂੰ ਮਿਲ ਕੇ ਲੁੱਟ ਅਤੇ ਕੁੱਟ ਰਹੇ ਹਨ। ਨਸ਼ਾ-ਤਸਕਰ ਅਤੇ ਉਨਾਂ ਦੇ ਬਿਕਰਮ ਸਿੰਘ ਮਜੀਠੀਆ ਵਰਗੇ ਸਰਗਨੇ ਖੁੱਲੇ ਘੁੰਮ ਰਹੇ ਹਨ। ਨਸ਼ੇ ਕਾਰਨ ਮਰਜੀ ਬਣੇ ਨੌਜਵਾਨਾਂ ਉਤੇ ਫਰਜੀ ਕੇਸ ਪਾਏ ਜਾ ਰਹੇ ਹਨ। ਇਸੇ ਤਰਾਂ ਆਪਣੇ ਹੱਕ ਅਤੇ ਰੋਜਗਾਰ ਮੰਗਣ ਵਾਲਿਆਂ ਨੂੰ ਵੀ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ।
ਉਨਾਂ ਕਿਹਾ ਕਿ ਅਰਬਾਂ ਰੁਪਏ ਦੇ ਘੋਟਾਲੇ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਵਰਗੇ ਭ੍ਰਿਸ਼ਟ ਨੇਤਾਵਾਂ ਦੇ ਮੁਕੱਦਮੇ ਵਾਪਿਸ ਲਏ ਜਾ ਰਹੇ ਹਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇੱਕ ਦੂਜੇ ਨੂੰ ਬਚਾਉਣ ਲਈ ਕੈਪਟਨ ਅਮਰਿੰਦਰ ਅਤੇ ਨੇ ਪੂਰੀ ਸੈਟਿੰਗ ਕਰ ਰੱਖੀ ਹੈ। ਜਦੋਂ ਨਸ਼ਿਆਂ ਦੇ ਮੁੱਦੇ ਉਤੇ ਬਿਕਰਮ ਮਜੀਠੀਆ ਵਿਰੁੱਧ ਸੀਬੀਆਈ ਜਾਂਚ ਦੀ ਮੰਗ ਉਠੀ ਤਾਂ ਉਸ ਸਮੇਂ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਸੀ। ਕੈਪਟਨ ਅਮਰਿੰਦਰ ਸਿੰਘ ਨੇ ਮਜੀਠੀਆ ਉਤੇ ਸਖਤ ਕਾਰਵਾਈ ਕਰਵਾਉਣ ਦੀ ਥਾਂ ਸੋਨੀਆ ਗਾਂਧੀ ਰਾਹੀਂ ਸੀਬੀਆਈ ਜਾਂਚ ਹੀ ਰੋਕ ਦਿੱਤੀ।
ਆਪ ਆਗੂ ਨੇ ਕਿਹਾ ਕਿ ਹੁਣ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ, ਤਾਂ ਬਾਦਲਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਸੋਚ ਕੇ ਅੱਗੇ ਕਰ ਦਿੱਤਾ ਹੈ ਕਿ ਕੈਪਟਨ ਤਾਂ ਉਨਾਂ ਨੂੰ ਬਚਾ ਲਵੇਗਾ, ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਤਾਂ ਪੰਜਾਬ ਨੂੰ ਲੁੱਟਣ ਦੇ ਦੋਸ਼ਾਂ ਵਿੱਚ ਅਸੀਂ ਵੀ ਅੰਦਰ ਜਾਵਾਂਗੇ ਅਤੇ ਕੈਪਟਨ ਅਮਰਿੰਦਰ ਸਿੰਘ ਵੀ ਅੰਦਰ ਜਾਣਗੇ। ਅਰਵਿੰਦ ਕੇਜਰੀਵਾਲ ਨੇ ਬਾਦਲਾਂ ਅਤੇ ਮਜੀਠੀਆ ਨੂੰ ਲਲਕਾਰਦੇ ਹੋਏ ਕਿਹਾ ਕਿ ਜੇਕਰ ਦਮ ਹੈ ਤਾਂ ਦੋ ਮਹੀਨਿਆਂ ਦੇ ਵਿੱਚ-ਵਿੱਚ ਸਾਨੂੰ ਜੇਲ ਵਿੱਚ ਸੁੱਟ ਦੇਵੇ, ਨਹੀਂ ਤਾਂ ਦੋ ਮਹੀਨਿਆਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਅਸੀਂ ਮਜੀਠੀਆ ਨੂੰ ਘਰੋਂ ਕਾਲਰ ਫੜ ਕੇ ਜੇਲ ਵਿੱਚ ਸੁੱਟ ਕੇ ਆਵਾਂਗੇ।
ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ 84 ਦੇ ਸਿੱਖ ਨਰਸੰਹਾਰ ਦੇ ਮੁੱਖ ਦੋਸ਼ੀਆਂ ਸੱਜਣ ਕੁਮਾਰ ਅਤੇ ਜਗਦੀਸ਼ ਟਾਇਟਲਰ ਵਰਗਿਆਂ ਨੂੰ ਕਲੀਨ ਚਿਟਾਂ ਦੇਣ ਵਾਲੇ ਕੈਪਟਨ ਅਮਰਿੰਦਰ ਸਿੰਘ ਤੋਂ ਕਿਸ ਇਨਸਾਫ ਦੀ ਉਮੀਦ ਕੀਤੀ ਜਾ ਸਕਦੀ ਹੈ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਅਜਿਹਾ ਮਾਹੌਲ ਸਿਰਜੇਗੀ, ਜਿਸ ਨਾਲ ਕਾਨੂੰਨ ਅਤੇ ਸੱਤਾ ਦੀ ਦੁਰਵਰਤੋਂ ਕਰਕੇ ਕੀਤੀਆਂ ਜਾਂਦੀਆਂ ਬੇਇਨਸਾਫੀਆਂ ਦਾ ਅੰਤ ਹੋਵੇਗਾ। ਖੁਸ਼ਹਾਲ ਮਾਹੌਲ ਨਾਲ ਸੂਬੇ ਵਿੱਚ ਵਪਾਰ, ਰੋਜਗਾਰ ਅਤੇ ਉਦਯੋਗ ਨੂੰ ਹੁਲਾਰਾ ਮਿਲੇਗਾ। ਦਿੱਲੀ ਵਾਂਗ ਭ੍ਰਿਸ਼ਟਾਚਾਰ ਬੰਦ ਹੋਵੇਗਾ, ਸਰਕਾਰੀ ਸਕੂਲਾਂ, ਹਸਪਤਾਲਾਂ ਦੀ ਦਿੱਲੀ ਵਾਂਗ ਕਾਇਆ-ਕਲਪ ਕੀਤੀ ਜਾਵੇਗੀ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੁਟੇਰਿਆਂ ਦੇ ਖਿਲਾਫ ਇਸ ਧਰਮ ਯੁੱਧ ਵਿੱਚ ਹਰ ਆਮ ਆਦਮੀ ਨੂੰ ਕੁੱਦਣਾ ਪਵੇਗਾ, ਤਾਂਕਿ ਸੱਚ ਦੀ ਜਿੱਤ ਹੋ ਸਕੇ। ਕੇਜਰੀਵਾਲ ਨੇ ਕਿਹਾ ਕਿ 26 ਜੁਲਾਈ 2005 ਨੂੰ ਮਹਾਰਾਣੀ ਪ੍ਰਨੀਤ, ਪੁੱਤਰ ਰਣਇੰਦਰ ਸਿੰਘ ਨੇ ਸਵਿਟਜਰੈਂਡ ਦੇ ਸਵਿਸ ਬੈਂਕ ਵਿੱਚ ਅਪਣੇ ਖਾਤੇ ਖੋਲੇ ਅਤੇ ਜਿੰਨਾ ਚਿਰ ਸਰਕਾਰ ਰਹੀ, ਇਨਾਂ ਖਾਤਿਆਂ ਵਿੱਚ ਕਰੋੜਾਂ ਰੁਪਏ ਲਗਾਤਾਰ ਜਮਾਂ ਹੁੰਦੇ ਰਹੇ। ਇਸ ਦੌਰਾਨ ਉਨਾਂ ਨੇ ਮਹਾਰਾਣੀ ਪ੍ਰਨੀਤ ਕੌਰ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਦੇ ਸਵਿੱਸ ਬੈਂਕ ਦੇ ਖਾਤਿਆਂ ਦੇ ਨੰਬਰ ਲੋਕਾਂ ਨੂੰ ਇੱਕ ਵਾਰ ਫਿਰ ਦੱਸੇ।
ਇਸ ਮੌਕੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਸ਼ਰਾਬ ਦੀਆਂ ਦੁਕਾਨਾਂ ਵਿੱਚ ਬੇਹਿਸਾਬਾ ਵਾਧਾ ਹੋਇਆ ਹੈ, ਜਦਕਿ ਸਕੂਲ ਬੰਦ ਹੋ ਰਹੇ ਹਨ। ਉਨਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਸੁਵਿਧਾਵਾਂ ਮੁਹੱਈਆ ਨਾ ਹੋਣ ਕਾਰਨ ਆਮ ਲੋਕਾਂ ਨੂੰ ਅਨੇਕਾਂ ਮੁਸ਼ਕਿਲਾਂ ਦਰਪੇਸ਼ ਆ ਰਹੀਆਂ ਹਨ। ਉਨਾਂ ਨੇ 2017 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵੈਟ ਅਤੇ ਬਿਜਲੀ ਦੇ ਰੇਟਾਂ ਵਿੱਚ ਕਮੀ ਕਰਨ ਦਾ ਵਾਅਦਾ ਕੀਤਾ।
ਸੀਨੀਅਰ ਆਗੂ ਐਚਐਸ ਫੂਲਕਾ ਨੇ ਕਿਹਾ ਕਿ ਇਹ ਬਹੁਤ ਦੁਖ ਅਤੇ ਸ਼ਰਮ ਦੀ ਗੱਲ ਹੈ ਕਿ ਅੰਮ੍ਰਿਤਸਰ ਵਰਗੇ ਪਵਿੱਤਰ ਸ਼ਹਿਰ ਵਿੱਚ ਇੱਕ ਕਲੌਨੀ ਨਸ਼ਿਆਂ ਦੇ ਗੜ੍ਹ ਵਜੋਂ ਮਸ਼ਹੂਰ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਨਸ਼ੇ ਵੇਚਣ ਵਾਲਿਆਂ ਨੂੰ ਹਰਗਿਜ ਬਰਦਾਸ਼ਤ ਨਹੀਂ ਕਰੇਗੀ ਅਤੇ ਉਨਾਂ ਨੂੰ ਜੇਲਾਂ ਵਿੱਚ ਸੁੱਟੇਗੀ।