ਸ਼੍ਰੀ ਹਰਗੋਬਿੰਦਪੁਰ (ਗੁਰਦਾਸਪੁਰ), 30 ਨਵੰਬਰ, 2016 : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਸ਼੍ਰੀ ਹਰਗੋਬਿੰਦਪੁਰ ਵਿਖੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿਹਾ ਕਿ ਉਹ ਪੰਜਾਬ ਦੇ ਹੱਕਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੈਰੀਂ ਹੱਥ ਵੀ ਲਗਾਉਣਗੇ, ਪਰ ਜੇਕਰ ਹੱਕ ਨਾ ਦਿੱਤੇ, ਤਾਂ ਆਮ ਆਦਮੀ ਪਾਰਟੀ ਚੰਗੀ ਤਰਾਂ ਜਾਣਦੀ ਹੈ ਕਿ ਕੇਂਦਰ ਤੋਂ ਪੰਜਾਬ ਦੇ ਹੱਕ ਕਿਵੇਂ ਲੈਣੇ ਹਨ।
ਕੇਜਰੀਵਾਲ ਨੇ ਕਿਹਾ ਕਿ ਉਨਾਂ ਨੇ ਸੁਣਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵੱਲੋਂ ਲੋਕਾਂ ਵਿੱਚ ਇਹ ਭਰਮ ਫੈਲਿਆ ਜਾ ਰਿਹਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਤਾਂ ਕੇਂਦਰ ਪੰਜਾਬ ਨੂੰ ਇੱਕ ਧੇਲਾ ਵੀ ਨਹੀਂ ਦੇਵੇਗਾ। ਪਰ ਆਮ ਆਦਮੀ ਪਾਰਟੀ ਪੰਜਾਬ ਦੇ ਹੱਕ ਲੈਣਾ ਚੰਗੀ ਤਰਾਂ ਜਾਣਦੀ ਹੈ।
ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਤੇ ਨਿਸ਼ਾਨਾ ਲਗਾਉਂਦਿਆਂ ਕੇਜਰੀਵਾਲ ਨੇ ਕਿਹਾ ਕਿ ਬੇਸ਼ੱਕ ਪ੍ਰਕਾਸ਼ ਸਿੰਘ ਬਾਦਲ ਇਨਾਂ ਸਾਰੇ ਸਾਲਾਂ ਵਿੱਚ ਮੋਦੀ ਦੀ ਜੀ-ਹਜੂਰੀ ਕਰਦੇ ਰਹੇ, ਪਰ ਪੰਜਾਬ ਲਈ ਕੁੱਝ ਵੀ ਲੈਣ ਤੋਂ ਅਸਮਰੱਥ ਰਹੇ ਹਨ। ਉਨਾਂ ਕਿਹਾ ਕਿ ਜੀ-ਹਜੂਰੀ ਸਾਨੂੰ ਵੀ ਆਉਂਦੀ ਹੈ ਅਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਕੇਂਦਰ ਤੋਂ ਆਪਣੇ ਹੱਕ ਕਿਵੇਂ ਖੋਹਣੇ ਹਨ।
ਦਿੱਲੀ ਦੇ ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣਾਂ ਇਕੱਠੇ ਲੜਨ ਲਈ ਗੁਪਤ ਸਮਝੌਤਾ ਕਰ ਲਿਆ ਹੈ ਅਤੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਲੋਕ ਇਨਾਂ ਦੀਆਂ ਚਾਲਾਂ ਨੂੰ ਚੰਗੀ ਤਰਾਂ ਸਮਝਦੇ ਹਨ। ਉਨਾਂ ਕਿਹਾ ਕਿ ਬਾਦਲਾਂ ਨੂੰ ਚੰਗੀ ਤਰਾਂ ਪਤਾ ਲੱਗ ਗਿਆ ਹੈ ਕਿ ਉਨਾਂ ਦੀ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਹਾਰ ਹੋਣ ਵਾਲੀ ਹੈ, ਜਿਸ ਕਾਰਨ ਉਨਾਂ ਕੈਪਟਨ ਨਾਲ ਮਿਲ ਗਏ ਹਨ।
ਉਨਾਂ ਦੋਸ਼ ਲਗਾਇਆ ਕਿ ਬਾਦਲ ਅਤੇ ਕੈਪਟਨ ਪੰਜਾਬ ਦੇ ਸਭ ਤੋਂ ਵੱਡੇ ਭ੍ਰਿਸ਼ਟਾਚਾਰੀ ਹਨ ਅਤੇ ਬੀਤੇ 15 ਸਾਲਾਂ ਵਿੱਚ ਇਨਾਂ ਨੇ ਪੰਜਾਬ ਨੂੰ ਰੱਜ ਕੇ ਲੁੱਟਿਆ ਹੈ। ਉਨਾਂ ਕਿਹਾ ਕਿ ਬਾਦਲ ਨੇ ਪਿਛਲੇ 10 ਸਾਲਾਂ ਵਿੱਚ ਸੱਤਾ ਦੀ ਦੁਰਵਰਤੋਂ ਕਰਦਿਆਂ ਟ੍ਰਾਂਸਪੋਰਟ, ਕੇਬਲ, ਰੇਤਾ-ਬਜਰੀ ਅਤੇ ਸ਼ਰਾਬ ਦੇ ਕਾਰੋਬਾਰ ਉਤੇ ਕਬਜਾ ਕਰ ਲਿਆ ਹੈ। ਉਨਾਂ ਦੋਸ਼ ਲਗਾਇਆ ਕਿ ਬਾਦਲਾਂ ਨੇ ਆਪਣੇ ਮੁਨਾਫੇ ਲਈ ਪੰਜਾਬ ਨੂੰ ਪੂਰੀ ਤਰਾਂ ਨਿਚੋੜ ਦਿੱਤਾ ਹੈ।
ਕੇਜਰੀਵਾਲ ਨੇ ਕਿਹਾ ਕਿ ਰੇਤਾ-ਬਜਰੀ ਦੇ ਠੇਕੇ ਅਤੇ ਬੱਸਾਂ ਦੇ ਪਰਮਿਟ, ਜੋ ਬਾਦਲਾਂ ਨੇ ਸੱਤਾ ਦੀ ਦੁਰਵਰਤੋਂ ਕਰਕੇ ਹਾਸਿਲ ਕੀਤੇ ਹਨ, ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਉਹ ਵਾਪਿਸ ਲੈ ਕੇ ਬੇਰੋਜਗਾਰ ਨੌਜਵਾਨਾਂ ਨੂੰ ਦਿੱਤੇ ਜਾਣਗੇ।
ਕੇਜਰੀਵਾਲ ਨੇ ਇੱਕ ਵਾਰ ਫਿਰ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਸਵਿੱਸ ਬੈਂਕ ਦੇ ਖਾਤਿਆਂ ਦੇ ਨੰਬਰ ਜਾਰੀ ਕਰਦਿਆਂ ਕਿਹਾ ਕਿ ਜੇਕਰ ਉਹ ਗਲਤ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਜਾਣ ਵਾਲੀ ਕਿਸੇ ਵੀ ਕਾਨੂੰਨੀ ਕਾਰਵਾਈ ਲਈ ਤਿਆਰ ਹਨ। ਉਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਅਮਰਿੰਦਰ ਸਿੰਘ ਸਾਬਿਤ ਕਰਨ ਕਿ ਉਨਾਂ ਵੱਲੋਂ ਲਗਾਏ ਗਏ ਦੋਸ਼ ਝੂਠੇ ਹਨ, ਜਾਂ ਫਿਰ ਸਾਫ ਕਰਨ ਕਿ ਉਹ ਸਹੀ ਹਨ।
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ 40 ਲੱਖ ਤੋਂ ਜਿਆਦਾ ਨੌਜਵਾਨ ਇਸ ਵੇਲੇ ਅਕਾਲੀਆਂ ਵੱਲੋਂ ਫੈਲਾਏ ਨਸ਼ਿਆਂ ਦੀ ਦਲਦਲ ਵਿੱਚ ਫਸੇ ਹੋਏ ਹਨ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਉਹ ਇੱਕ ਮਹੀਨੇ ਦੇ ਅੰਦਰ-ਅੰਦਰ ਨਸ਼ਿਆਂ ਦੀ ਇਸ ਚੇਨ ਨੂੰ ਤੋੜਨਗੇ ਅਤੇ ਵੱਡੀ ਪੱਧਰ ‘ਤੇ ਨਸ਼ਾ ਛੁਡਾਉ ਕੇਂਦਰ ਖੋਲ ਕੇ 6 ਮਹੀਨੇ ਵਿੱਚ ਇਨਾਂ ਪੀੜਤ ਨੌਜਵਾਨਾਂ ਦਾ ਇਲਾਜ ਕੀਤਾ ਜਾਵੇਗਾ ਅਤੇ ਨਾਲ ਹੀ ਉਨਾਂ ਨੂੰ ਰੋਜਗਾਰ ਵੀ ਦਿੱਤਾ ਜਾਵੇਗਾ।
ਕੇਜਰੀਵਾਲ ਨੇ ਕਿਹਾ ਕਿ ਪੰਥਕ ਕਹਾਉਣ ਵਾਲੀ ਅਕਾਲੀ-ਭਾਜਪਾ ਸਰਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ, ਕੁਰਾਨ ਸ਼ਰੀਫ ਅਤੇ ਭਗਵਤ ਗੀਤਾ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਫੜਨ ਵਿੱਚ ਅਸਫਲ ਰਹੀ ਹੈ। ਉਨਾਂ ਕਿਹਾ ਕਿ ਕਈ ਵਾਰ ਸ਼ੱਕ ਹੁੰਦਾ ਹੈ ਕਿ ਜਿਸ ਤਰਾਂ ਬਰਗਾੜੀ ਕਾਂਡ ਦੇ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ, ਉਸ ਪਿੱਛੇ ਕਿਤੇ ਬਾਦਲਾਂ ਦਾ ਹੱਥ ਤਾਂ ਨਹੀਂ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਸਾਰੇ ਦੋਸ਼ੀਆਂ ਨੂੰ ਫੜ ਕੇ ਜੇਲਾਂ ਵਿੱਚ ਸੁੱਟਿਆ ਜਾਵੇਗਾ। ਕੇਜਰੀਵਾਲ ਨੇ ਸ਼ੱਕ ਜਤਾਇਆ ਕਿ ਬਾਦਲਾਂ ਵੱਲੋਂ ਲੋਕਾਂ ਦਾ ਧਿਆਨ ਵੰਡਣ ਲਈ ਫਿਰਕੂ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂਕਿ ਉਹ ਆਪਣੀਆਂ ਨਕਾਮੀਆਂ ਨੂੰ ਛੁਪਾ ਸਕਣ।
ਕੇਜਰੀਵਾਲ ਨੇ ਕਿਹਾ ਪਿਛਲੇ 15 ਸਾਲਾਂ ਵਿੱਚ ਅਕਾਲੀ-ਭਾਜਪਾ ਅਤੇ ਕਾਂਗਰਸ ਨੇ ਪੰਜਾਬ ਵਿੱਚ ਸਿੱਖਿਆ ਦਾ ਮਿਆਰ ਉਚਾ ਚੁੱਕਣ ਅਤੇ ਸਿਹਤ ਸਹੂਲਤਾਂ ਦੇਣ ਲਈ ਕੁੱਝ ਵੀ ਨਹੀਂ ਕੀਤਾ। ਉਨਾਂ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਅਤੇ ਸਿਹਤ ਢਾਂਚੇ ਦੀ ਹਾਲਤ ਬਿਲਕੁਲ ਨਿੱਘਰ ਚੁੱਕੀ ਹੈ।
ਇਸ ਮੌਕੇ ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਪਾਲ ਖਹਿਰਾ, ਸ਼੍ਰੀ ਹਰਗੋਬਿੰਦਪੁਰ ਤੋਂ ਉਮੀਦਵਾਰ ਐਡਵੋਕੇਟ ਅਮਰਪਾਲ ਸਿੰਘ, ਬਾਬਾ ਬਕਾਲਾ ਤੋਂ ਉਮੀਦਵਾਰ ਦਲਬੀਰ ਸਿੰਘ ਅਤੇ ਕਾਦੀਆਂ ਤੋਂ ਉਮੀਦਵਾਰ ਕੰਵਲਪ੍ਰੀਤ ਸਿੰਘ ਕਾਕੀ ਮੌਜੂਦ ਸਨ।