ਮੇਰਠ, 2 ਦਸੰਬਰ, 2016 : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਨੋਟਬੰਦੀ ਨੂੰ ਦੇਸ਼ ਵਿਚ ਹੁਣ ਤਕ ਦਾ ਸਭ ਤੋਂ ਵੱਡਾ ਘਪਲਾ ਦੱਸਦਿਆਂ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨੋਟਬੰਦੀ ਗਰੀਬਾਂ ਲਈ ਨਹੀਂ ਸਗੋਂ ਆਪਣੇ ਦੋਸਤਾਂ ਦੇ ਕਾਲੇ ਧਨ ਨੂੰ ਚਿੱਟਾ ਕਰਨ ਲਈ ਲਿਆਏ ਹਨ। ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਸਰਕਾਰ ਇਨਕਮ ਟੈਕਸ ਕਾਨੂੰਨ 'ਚ ਤਬਦੀਲੀ ਇਸ ਲਈ ਲਿਆਈ ਹੈ ਤਾਂ ਕਿ ਜਿਸਦੇ ਕੋਲ ਕਾਲਾ ਧਨ ਹੈ, ਉਹ '50-50' ਕਰ ਲਵੇ। ਹੁਣ ਭਾਵੇਂ ਇਹ ਪੈਸਾ ਡਰੱਗਜ਼ ਤੋਂ ਕਮਾਇਆ ਜਾਂ ਅੱਤਵਾਦ ਤੋਂ, ਇਸਦੇ ਬਾਰੇ ਕੋਈ ਨਹੀਂ ਪੱਛੇਗਾ। ਇਸ ਤੋਂ ਸਪੱਸ਼ਟ ਹੈ ਕਿ ਇਹ ਨੋਟਬੰਦੀ ਕਿਉਂ ਕੀਤੀ ਗਈ। ਇਹ 8 ਲੱਖ ਕਰੋੜ ਰੁਪਏ ਦਾ ਘਪਲਾ ਹੈ। ਨੋਟਬੰਦੀ ਦੇ ਬਹਾਨੇ ਭਾਜਪਾ ਵਾਲਿਆਂ ਨੇ ਕਾਲਾ ਧਨ ਟਿਕਾਣੇ ਲਗਾਇਆ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਦੀ ਯੋਜਨਾ ਕਾਲਾ ਧਨ ਬੰਦ ਕਰਨ ਲਈ ਨਹੀਂ ਸਗੋਂ ਆਪਣੇ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਕੀਤੀ ਗਈ ਹੈ। ਲਾਈਨ ਵਿਚ ਸਿਰਫ ਗਰੀਬ ਅਤੇ ਆਮ ਲੋਕ ਹੀ ਲੱਗੇ ਹੋਏ ਹਨ। 6 ਲੱਖ ਕਰੋੜ ਰੁਪਏ ਆਮ ਲੋਕਾਂ ਨੇ ਜਮ੍ਹਾ ਕਰਵਾ ਦਿੱਤੇ, ਜਦਕਿ ਕਾਲੇ ਧਨ ਵਾਲੇ ਜਮ੍ਹਾ ਕਰਵਾਉਣ ਨਹੀਂ ਆਏ।