ਪਟਿਆਲਾ, 2 ਦਸੰਬਰ, 2016 : ਪੰਜਾਬ ਸਰਕਾਰ ਨੇ ਮ੍ਰਿਤਕ ਨੇਹਾ ਸ਼ਰਮਾ ਦੇ ਭਰਾ ਮਨੀਸ਼ ਸ਼ਰਮਾ ਨੂੰ ਪੰਜਾਬ ਪੁਲਿਸ 'ਚ ਭਰਤੀ ਕੀਤਾ ਹੈ। ਐੱਸ.ਐੱਸ.ਪੀ. ਪਟਿਆਲਾ ਸ੍ਰੀ ਗੁਰਮੀਤ ਸਿੰਘ ਚੌਹਾਨ ਨੇ ਐੱਸ.ਡੀ.ਐਮ. ਪਟਿਆਲਾ ਸ੍ਰੀਮਤੀ ਪੂਜਾ ਸਿਆਲ ਦੀ ਮੌਜੂਦਗੀ ਵਿਚ ਮੁਨੀਸ਼ ਸ਼ਰਮਾ ਨੂੰ ਪੰਜਾਬ ਪੁਲਿਸ 'ਚ ਕਾਂਸਟੇਬਲ ਦੇ ਪਦ 'ਤੇ ਨਿਉਕਤ ਕੀਤੇ ਜਾਣ ਦਾ ਪੱਤਰ ਸੌਂਪਿਆ ਹੈ।
ਇਸ ਮੌਕੇ ਸ੍ਰੀ ਚੌਹਾਨ ਨੇ ਕਿਹਾ ਕਿ 27 ਨਵੰਬਰ ਨੂੰ ਨਾਭਾ ਜੇਲ 'ਚੋਂ ਫ਼ਰਾਰ ਹੋਏ 6 ਬੰਦਿਆਂ ਦੀ ਭਾਲ 'ਚ ਸਮਾਣਾ ਪੁਲਿਸ ਵਲ਼ੋਂ ਲਾਏ ਨਾਕੇ 'ਤੇ ਹੋਈ ਮੰਦਭਾਗੀ ਘਟਨਾ 'ਚ ਨੇਹਾ ਸ਼ਰਮਾ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਮਾਨਵਤਾ ਦੇ ਆਧਾਰ 'ਤੇ ਅਤੇ ਸਥਾਨਿਕ ਲੋਕਾਂ ਦੀ ਮੰਗ ਨੂੰ ਧਿਆਨ 'ਚ ਰਖਦੇ ਹੋਏ ਜ਼ਿਲਾ ਪ੍ਰਸ਼ਾਸਨ ਨੇ ਮ੍ਰਿਤਕ ਨੇਹਾ ਸ਼ਰਮਾ ਦੇ ਭਰਾ ਨੂੰ ਨੌਕਰੀ ਦੇਣ ਦਾ ਫੈਸਲਾ ਲਿਆ ਹੈ।
ਐੱਸ.ਐੱਸ.ਪੀ. ਨੇ ਦੱਸਿਆ ਕਿ ਇਕ ਵਿਸ਼ੇਸ਼ ਕੇਸ ਵਜੋਂ ਵਿਚਾਰਦੇ ਹੋਏ ਮੁਨੀਸ਼ ਸ਼ਰਮਾ ਨੂੰ ਡੀ.ਜੀ.ਪੀ. ਪੰਜਾਬ ਦੀ ਸ਼ਹਿਮਤੀ ਨਾਲ ਪੰਜਾਬ ਪੁਲਿਸ 'ਚ ਕਾਂਸਟੇਬਲ ਦੇ ਤੌਰ 'ਤੇ ਭਰਤੀ ਕੀਤਾ ਗਿਆ ਹੈ। ਅੱਜ ਉਸ ਦੀ ਮਾਤਾ ਅਤੇ ਪਰਿਵਾਰ ਦੇ ਮੈਂਬਰਾਂ ਦੀ ਮੌਜੂਦਗੀ 'ਚ ਨਿਊਕਤੀ ਪੱਤਰ ਦਿੱਤਾ ਗਿਆ ਹੈ ਅਤੇ ਉਸ ਨੂੰ ਟਰੇਨਿੰਗ 'ਤੇ ਭੇਜਿਆ ਜਾ ਰਿਹਾ ਹੈ। ਨਾਲ ਹੀ ਉਨਾਂ ਸ੍ਰੀ ਸਤਬੀਰ ਸਿੰਘ ਖੱਟੜਾ ਵਲ਼ੋਂ ਇਸ ਮਾਮਲੇ 'ਚ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਤਾਰੀਫ਼ ਕੀਤੀ ਹੈ। ਇਸ ਮੌਕੇ ਮੁਨੀਸ਼ ਸ਼ਰਮਾ ਦੀ ਮਾਤਾ ਅਤੇ ਪਰਿਵਾਰ ਦੇ ਮੈਂਬਰ, ਮੁੱਹਲਾ ਨਿਵਾਸੀਆਂ ਤੋਂ ਇਲਾਵਾ ਦੀ ਪਟਿਆਲਾ ਸੋਸ਼ਲ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਸ. ਸਤਬੀਰ ਸਿੰਘ ਖੱਟੜਾ, ਐਮ.ਸੀ. ਹਰਵਿੰਦਰ ਸਿੰਘ ਬੱਬੂ, ਐਮ.ਸੀ. ਅਵਤਾਰ ਸਿੰਘ ਹੈਪੀ ਵੀ ਮੌਜੂਦ ਸਨ।