ਚੰਡੀਗੜ੍ਹ, 3 ਦਸੰਬਰ, 2016 : ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਉਨਾਂ ਦੇ ਬੇਟੇ ਰਣਇੰਦਰ ਸਿੰਘ ਖਿਲਾਫ ਬਿਨਾਂ ਆਮਦਨ ਕਰ ਭੁਗਤਾਨ ਵਾਲੀਆਂ ਵਿਦੇਸ਼ੀ ਜਾਇਦਾਦਾਂ ਦੇ ਮਾਮਲੇ ਨੂੰ ਲੈ ਕੇ ਆਮਦਨ ਕਰ ਵਿਭਾਗ ਵੱਲੋਂ ਦੋਸ਼ ਪੱਤਰ ਦਾਖਿਲ ਕੀਤੇ ਜਾਣੇ ਬਾਰੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਪਹਿਲਾਂ ਤੋਂ ਹੀ ਕਹਿੰਦੀ ਆਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਸਦੇ ਪਰਿਵਾਰ ਨੇ 2002 ਤੋਂ ਲੈ ਕੇ 2007 ਦੌਰਾਨ ਸੱਤਾ ਵਿੱਚ ਰਹਿੰਦਿਆਂ ਬੇਹਿਸਾਬੀ ਕਾਲੀ ਕਮਾਈ ਇਕੱਠੀ ਕੀਤੀ ਹੈ। ਇੱਥੋਂ ਇੱਕ ਜਾਰੀ ਬਿਆਨ ਵਿੱਚ ਵੜੈਚ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਮਦਨ ਕਰ ਵਿਭਾਗ ਨੂੰ ਨੂੰ ਧੋਖਾ ਦੇ ਕੇ ਜਰਕੰਦਾ ਟਰਸਟ ਜ਼ਰੀਏ ਲਾਭ ਪ੍ਰਾਪਤ ਕੀਤਾ, ਜਿਸ ਦੀ ਪੁਸ਼ਟੀ ਇਸ ਵੇਲੇ ਆਮਦਨ ਕਰ ਵਿਭਾਗ ਕਰ ਰਿਹਾ ਹੈ।
ਵੜੈਚ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਸਵਿਸ ਬੈਂਕ ਵਿੱਚ ਖਾਤਿਆਂ ਦੇ ਨੰਬਰ ਦੱਸ-ਦੱਸ ਕੇ ਲਗਾਤਾਰ ਕਹਿੰਦੀ ਆ ਰਹੀ ਹੈ ਕਿ ਮੁੱਖ ਮੰਤਰੀ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਅਰਬਾਂ-ਖਰਬਾਂ ਰੁਪਏ ਦਾ ਕਾਲਾ ਧਨ ਵਿਦੇਸ਼ੀ ਬੈਂਕਾਂ ਵਿੱਚ ਜਮਾਂ ਕਰਵਾਇਆ ਅਤੇ ਜਾਇਦਾਦਾਂ ਜੋੜੀਆਂ, ਪ੍ਰੰਤੂ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਦੇ ਵਿਦੇਸ਼ੀ ਖਾਤਿਆਂ ਬਾਰੇ ਚੁੱਪੀ ਤੋੜੀ ਅਤੇ ਨਾ ਹੀ ਮੋਦੀ ਸਰਕਾਰ ਨੇ ਕੋਈ ਕਾਰਵਾਈ ਕਰਨ ਦੀ ਪਹਿਲ ਕੀਤੀ, ਪ੍ਰੰਤੂ ਹੁਣ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿੱਪ ਵੱਲੋਂ ਜਦੋਂ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਵਿਦੇਸ਼ੀ ਖਾਤਿਆਂ ਵਿੱਚ ਪਏ ਕਾਲੇ ਧਨ ਉਪਰ ਕੋਈ ਕਾਰਵਾਈ ਨਾ ਹੋਣ ਬਾਰੇ ਥਾਂ-ਥਾਂ ਪ੍ਰਚਾਰ ਕਰਨਾ ਸ਼ੁਰੂ ਕੀਤਾ, ਤਾਂ ਦਬਾਅ ਵਿੱਚ ਆ ਕੇ ਮੋਦੀ ਸਰਕਾਰ ਨੇ ਇਨਕਮ ਟੈਕਸ ਵਿਭਾਗ ਨੂੰ ਕਾਰਵਾਈ ਕਰਨ ਲਈ ਖੁੱਲ ਦਿੱਤੀ ਹੈ। ਵੜੈਚ ਨੇ ਕਿਹਾ ਕਿ ਜਿਸ ਤਰਾਂ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਰਲ-ਮਿਲ ਕੇ ਪੰਜਾਬ ਨੂੰ ਲੁੱਟਣ ਅਤੇ ਕੁੱਟਣ ਵਾਲੀ ਗੰਦੀ ਸਿਆਸਤ ਕਰ ਰਹੇ ਹਨ, ਉਸ ਤੋਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਕੈਪਟਨ ਵਿਰੁੱਧ ਤਾਜਾ ਚਾਰਜਸ਼ੀਟ ਵੀ ਡੰਗ ਟਪਾਉਣ ਦਾ ਹੀਲਾ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਹੀ ਇਨਾਂ ਲੁਟੇਰਿਆਂ ਉਪਰ ਅਸਲੀ ਕਾਰਵਾਈ ਹੋਵੇਗੀ ਅਤੇ ਪੰਜਾਬ ਦੇ ਲੁੱਟਿਆ ਹੋਇਆ ਧਨ ਵਾਪਿਸ ਪੰਜਾਬ ਲਿਆ ਕੇ ਪੰਜਾਬੀਆਂ ਦੇ ਹਿੱਤਾਂ ਅਤੇ ਕਲਿਆਣ ਲਈ ਵਰਤਿਆ ਜਾਵੇਗਾ।
ਵੜੈਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2002 ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਉਨਾਂ ਕੋਲ ਆਪਣੇ ਮਹਿਲ ਨੂੰ ਕਲੀ ਕਰਾਉਣ ਜੋਗੇ ਵੀ ਪੈਸੇ ਨਹੀਂ ਸਨ, ਪਰ ਬਾਅਦ ਵਿੱਚ ਐਨਾ ਪੈਸਾ ਕਿੱਥੋਂ ਆ ਗਿਆ ਕਿ ਉਨਾਂ ਨੂੰ ਇਹ ਵਿਦੇਸ਼ੀ ਬੈਂਕਾਂ ਵਿੱਚ ਰੱਖਣਾ ਪਿਆ। ਇਹ ਸਾਰਾ ਕਾਲਾ ਧਨ ਪੰਜਾਬ ਦੇ ਲੋਕਾਂ ਦੀ ਹੱਕ-ਹਲਾਲ ਦੀ ਕਮਾਈ ਦਾ ਹੈ, ਜੋ ਕੈਪਟਨ ਦਾ ਟੱਬਰ ਬਾਦਲ ਦੀਆਂ ਲੀਹਾਂ ਉਤੇ ਚਲਦਿਆਂ ਡਕਾਰ ਗਿਆ।
ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਪਿਛਲੇ 15 ਸਾਲਾਂ ਤੋਂ ਕੈਪਟਨ ਵੱਲੋਂ ਬਾਦਲਾਂ ਨਾਲ ਮਿਲ ਕੇ ਦੋਵਾਂ ਹੱਥਾਂ ਨਾਲ ਵਾਰੋ-ਵਾਰੀ ਪੰਜਾਬ ਨੂੰ ਲੁੱਟਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਜਦੋਂ ਅਕਾਲੀਆਂ ਖਿਲਾਫ ਕਾਰਵਾਈ ਦੀ ਮੰਗ ਉਠਦੀ ਹੈ ਤਾਂ ਕੈਪਟਨ ਚੁੱਪ ਹੋ ਜਾਂਦੇ ਹਨ ਅਤੇ ਜਦੋਂ ਕੈਪਟਨ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਤਾਂ ਉਹ ਬਾਦਲ ਉਸ ਨੂੰ ਬਚਾ ਲੈਂਦੇ ਹਨ।
ਦੇਸ਼-ਭਗਤ ਜੇਲਾਂ ਵਿੱਚ ਜਾ ਕੇ ਜਮਹੂਰੀ ਹੱਕ ਮੰਗਦੇ ਹਨ, ਸੁਖਬੀਰ ਨੇ ਜੇਲ ਜਾ ਕੇ ਡਾਇਟ ਕੋਕ ਮੰਗੀ -: ਵੜੈਚ
ਗੁਰਪ੍ਰੀਤ ਸਿੰਘ ਵੜੈਚ ਨੇ ਦੋਸ਼ ਲਗਾਇਆ ਕਿ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਪੂਰੀ ਤਰਾਂ ਘਿਓ-ਖਿਚੜੀ ਹਨ। ਸ਼ੁੱਕਰਵਾਰ ਨੂੰ ਨਵੀਂ ਦਿੱਲੀ ਵਿਖੇ ਆਯੋਜਿਤ ਇੱਕ ਸਮਾਰੋਹ ਦੌਰਾਨ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦੀਆਂ ਨਜਦੀਕੀਆਂ ਸਾਹਮਣੇ ਆਈਆਂ। ਪ੍ਰੋਗਰਾਮ ਵਿੱਚ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੈਰੀਂ ਹੱਥ ਲਗਾ ਕੇ ਆਸ਼ੀਰਵਾਦ ਲਿਆ। ਹੱਥ ਵਿੱਚ ਹੱਥ ਪਾ ਕੇ ਦੋਵਾਂ ਨੇ ਇੱਕ-ਦੂਜੇ ਦੀ ਖੁੱਲ ਕੇ ਤਾਰੀਫ ਕੀਤੀ ਅਤੇ ਆਮ ਆਦਮੀ ਪਾਰਟੀ ਨੂੰ ਰੱਜ ਕੇ ਭੰਡਿਆ।
ਗੁਰਪ੍ਰੀਤ ਸਿੰਘ ਵੜੈਚ ਨੇ ਸੁਖਬੀਰ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਗੱਲਬਾਤ ਉਤੇ ਵਿਅੰਗ ਕਰਦਿਆਂ ਕਿਹਾ ਕਿ ਸੁਖਬੀਰ ਨੇ ਜੇਲ੍ਹ ਵਿੱਚ ਜਾ ਕੇ ਡਾਇਟ ਕੋਕ ਦੀ ਮੰਗ ਕੀਤੀ ਅਤੇ ਕੈਪਟਨ ਨੇ ਉਹ ਮੁਹੱਈਆ ਕਰਵਾ ਦਿੱਤੀ। ਵੜੈਚ ਨੇ ਹਸਦਿਆਂ ਕਿਹਾ ਕਿ ਦੇਸ਼ ਭਗਤ ਤਾਂ ਜੇਲਾਂ ਵਿੱਚ ਜਾ ਕੇ ਜਮਹੂਰੀ ਹੱਕ ਮੰਗਦੇ ਹਨ ਅਤੇ ਬਾਦਲਾਂ ਨੇ ਜੇਲ੍ਹ ਵਿੱਚ ਜਾ ਕੇ ਡਾਇਟ ਕੋਕ ਮੰਗੀ, ਕਿੰਨੀ ਸ਼ਰਮ ਦੀ ਗੱਲ ਹੈ।
ਵੜੈਚ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਇਨਾਂ ਮੌਕਾਪ੍ਰਸਤ ਸਿਆਸਦਾਨਾਂ ਦੀਆਂ ਕੋਝੀਆਂ ਚਾਲਾਂ ਨੂੰ ਚੰਗੀ ਤਰਾਂ ਸਮਝ ਚੁੱਕੇ ਹਨ। ਉਨਾਂ ਕਿਹਾ ਕਿ ਲੋਕਾਂ ਦਾ ਖੂਨ ਚੂਸ ਰਹੀਆਂ ਇਨਾਂ ਜੋਕਾਂ ਉਤੇ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਜਨਤਾ ਲੂਣ ਸੁੱਟ ਕੇ ਸੱਤਾ ਤੋਂ ਲਾਂਭੇ ਕਰੇਗੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਨਾਂ ਸਾਰੇ ਭ੍ਰਿਸ਼ਟਾਰੀਆਂ ਤੋਂ ਪੰਜਾਬ ਦੇ ਲੁੱਟੇ ਇੱਕ-ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ।