ਚੰਡੀਗੜ੍ਹ, 4 ਦਸੰਬਰ, 2016 : ਪੰਜਾਬ ਕਾਂਗਰਸ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ 'ਚ ਖੁੱਲ੍ਹ ਕੇ ਸਾਹਮਣੇ ਆ ਰਹੇ ਵਿਦ੍ਰੋਹ ਨੇ ਸਾਬਤ ਕਰ ਦਿੱਤਾ ਹੈ ਕਿ ਅਰਵਿੰਦ ਕੇਜਰੀਵਾਲ ਆਪਣੀ ਭਰੋਸੇਮੰਦੀ ਖੋਹ ਚੁੱਕੇ ਹਨ ਅਤੇ ਉਹ ਪੰਜਾਬ 'ਚ ਚੱਲਿਆ ਹੋਇਆ ਕਾਰਤੂਸ ਬਣ ਚੁੱਕੇ ਹਨ। ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਿਹਾ ਹੈ ਕਿ ਅਜਿਹੇ 'ਚ ਬੇਹਤਰ ਹੋਵੇਗਾ ਕਿ ਉਨ੍ਹਾਂ ਦੇ ਪਾਰਟੀ ਵਰਕਰਾਂ ਵੱਲੋਂ ਉਨ੍ਹਾਂ ਨੂੰ ਚੁੱਕ ਕੇ ਬਾਹਰ ਸੁੱਟਣ ਤੋਂ ਪਹਿਲਾਂ ਕੇਜਰੀਵਾਲ ਖੁਦ ਹੀ ਪੰਜਾਬ ਛੱਡ ਦੇਣ। ਜਿਨ੍ਹਾਂ ਨੇ ਕਿਹਾ ਹੈ ਕਿ ਪਾਰਟੀ 'ਚ ਭ੍ਰਿਸ਼ਟਾਚਾਰ, ਨਸ਼ਿਆਂ ਤੇ ਸੈਕਸ ਸਕੈਂਡਰਾਂ ਦੇ ਗੰਭੀਰ ਖੁਲਾਸੇ ਹੋਣ ਤੋਂ ਬਾਅਦ ਆਪ ਆਗੂ ਕੋਲ ਪੰਜਾਬ 'ਚ ਦਿਖਾਉਣ ਲਈ ਚੇਹਰਾ ਨਹੀਂ ਬੱਚਿਆ ਹੈ।
ਇਸ ਲੜੀ ਹੇਠ ਆਪ ਵਿਦ੍ਰੋਹੀਆਂ ਵੱਲੋਂ ਕੇਜਰੀਵਾਲ ਦਾ ਪੁਤਲਾ ਫੂਕਣ ਤੇ ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਉਪਰ ਚੋਣ ਲੜਨ ਦੇ ਐਲਾਨ ਤੋਂ ਬਾਅਦ ਐਤਵਾਰ ਨੂੰ ਇਥੇ ਜ਼ਾਰੀ ਬਿਆਨ 'ਚ ਪੰਜਾਬ ਕਾਂਗਰਸ ਨੇ ਕਿਹਾ ਹੈ ਕਿ ਮੌਜ਼ੂਦਾ ਹਾਲਾਤ ਇਸ ਗੱਲ ਦਾ ਸਬੂਤ ਹਨ ਕਿ ਆਪ ਭ੍ਰਿਸ਼ਟ ਲੋਕਾਂ ਦਾ ਇਕ ਗਰੁੱਪ ਹੈ, ਜਿਹੜਾ ਆਪਣੇ ਵਿਅਕਤੀਗਤ ਹਿੱਤਾਂ ਨੂੰ ਪ੍ਰਮੋਟ ਕਰਨ ਖਾਤਿਰ ਆਉਂਦੀਆਂ ਵਿਧਾਨ ਸਭਾ ਚੋਣਾਂ ਵੱਲ ਵੇਖ ਰਿਹਾ ਹੈ।
ਪੰਜਾਬ ਕਾਂਗਰਸ ਦੇ ਆਗੂਆਂ ਕਰਨ ਕੌਰ ਬਰਾੜ, ਮੁਹੰਮਦ ਸਦੀਕ ਤੇ ਰਜੀਆ ਸੁਲਤਾਨਾ ਨੇ ਕਿਹਾ ਹੈ ਕਿ ਜਿਥੇ ਪਾਰਟੀ ਦੇ ਇਕੱਲੇ ਵਿਦ੍ਰੋਹੀਆਂ ਨੇ ਕੇਜਰੀਵਾਲ ਸਮੇਤ ਆਪ ਅਗਵਾਈ ਉਪਰ ਗੰਭੀਰ ਦੋਸ਼ ਲਗਾਏ ਹਨ, ਉਥੇ ਹੀ ਸ਼ਨੀਵਾਰ ਨੂੰ ਜਲੰਧਰ ਵਿਖੇ ਵਿਦ੍ਰੋਹੀਆਂ ਦੇ ਸਮੂਹ ਨੇ ਇਕ ਸੰਗਠਨ ਵਜੋਂ ਪਾਰਟੀ 'ਚ ਖੋਖਲੇਪਣ ਨੂੰ ਪੂਰੀ ਤਰ੍ਹਾਂ ਉਜਾਗਰ ਕਰ ਦਿੱਤਾ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਹੈ ਕਿ ਪਾਰਟੀ ਦੇ ਆਪਣੇ ਵਰਕਰਾਂ ਅਤੇ ਵਲੰਟਿਅਰਾਂ ਨੂੰ ਆਪ ਅਗਵਾਈ ਉਪਰ ਕੋਈ ਭਰੋਸਾ ਨਹੀਂ ਰਿਹਾ ਹੈ ਅਤੇ ਉਹ ਸਰ੍ਹੇਆਮ ਇਨ੍ਹਾਂ 'ਤੇ ਭ੍ਰਿਸ਼ਟਾਚਾਰ ਤੇ ਸੈਕਸ ਸਕੈਂਡਲਾਂ ਸਮੇਤ ਨਸ਼ੇ ਸਬੰਧੀ ਗੰਭੀਰ ਦੋਸ਼ ਲਗਾ ਰਹੇ ਹਨ। ਅਜਿਹੇ 'ਚ ਕਿਵੇਂ ਪੰਜਾਬ ਦੇ ਲੋਕ ਇਨ੍ਹਾਂ ਉਪਰ ਭਰੋਸਾ ਪ੍ਰਗਟਾ ਸਕਦੇ ਹਨ।
ਉਨ੍ਹਾਂ ਨੇ ਇਕ ਵਾਰ ਫਿਰ ਤੋਂ ਦੁਹਰਾਇਆ ਹੈ ਕਿ ਕੇਜਰੀਵਾਲ ਤੇ ਉਨ੍ਹਾਂ ਦੀ ਪਾਰਟੀ ਦਾ ਪੰਜਾਬ ਨੂੰ ਲੈ ਕੇ ਕੋਈ ਪੱਖ ਨਹੀਂ ਹੈ, ਜਿਨ੍ਹਾਂ ਕੋਲ ਆਉਂਦੀਆਂ ਚੋਣਾਂ ਲੜਨ ਨੂੰ ਥੋੜ੍ਹੀ ਜਿਹੀ ਵੀ ਭਰੋਸੇਮੰਦੀ ਬਾਕੀ ਨਹੀਂ ਬੱਚੀ ਹੈ। ਜਿਸ 'ਤੇ ਉਨ੍ਹਾਂ ਨੇ ਆਪ ਆਗੂ ਨੂੰ ਸਵਾਲ ਕੀਤਾ ਹੈ ਕਿ ਕਿਉਂ ਗੈਰ ਰਸਮੀ ਤਰੀਕੇ ਨਾਲ ਬਾਹਰ ਸੁੱਟੇ ਜਾਣ ਦਾ ਇੰਤਜ਼ਾਰ ਕਰਨ ਦੀ ਬਜਾਏ, ਉਹ ਆਪਣੀ ਖੁਸ਼ੀ ਨਾਲ ਪੰਜਾਬ ਨੂੰ ਨਹੀਂ ਛੱਡ ਦਿੰਦੇ?
ਇਸ ਸਬੰਧੀ ਸ਼ਨੀਵਾਰ ਨੂੰ ਮੀਟਿੰਗ 'ਚ ਆਪ ਆਗੂਆਂ ਦੇ ਬਿਆਨਾਂ ਦਾ ਜਿਕਰ ਕਰਦਿਆਂ, ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਹੈ ਕਿ ਇਹ ਖੁਦ ਬ ਖੁਦ ਸਾਬਤ ਹੋ ਚੁੱਕਾ ਹੈ ਕਿ ਪਾਰਟੀ ਬਾਹਰੀ ਸਮੇਤ ਦਾਗੀ ਅਤੇ ਭ੍ਰਿਸ਼ਟ ਉਮੀਦਵਾਰਾਂ ਨੂੰ ਟਿਕਟਾਂ ਵੇਚ ਰਹੀ ਹੈ, ਜਿਨ੍ਹਾਂ ਨੂੰ ਪੰਜਾਬ ਦੇ ਵੋਟਰ ਕਿਸੇ ਵੀ ਕੀਮਤ 'ਤੇ ਸਵੀਕਾਰ ਨਹੀਂ ਕਰਨਗੇ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਹੈ ਕਿ ਤੁਹਾਡੀ ਖੁਦ ਨੂੰ ਈਮਾਨਦਾਰ ਤੇ ਸਾਫ ਅਕਸ ਵਾਲਾ ਪੇਸ਼ ਕਰਕੇ ਸੂਬੇ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਸਾਜਿਸ਼ ਦਾ ਪੂਰੀ ਤਰ੍ਹਾਂ ਭਾਂਡਾਫੋੜ ਹੋ ਚੁੱਕਾ ਹੈ। ਪੰਜਾਬ ਦੇ ਵੋਟਰ ਮਖੋਟੇ ਪਿੱਛੇ ਛਿੱਪੇ ਕੇਜਰੀਵਾਲ ਦੇ ਅਸਲੀ ਚੇਹਰੇ ਨੂੰ ਵੇਖ ਚੁੱਕੇ ਹਨ ਅਤੇ ਜ਼ਿਆਦਾ ਵਕਤ ਤੱਕ ਉਨ੍ਹਾਂ ਦੀਆਂ ਗੱਲਾਂ 'ਚ ਨਹੀਂ ਆਉਣ ਵਾਲੇ।