ਚੰਡੀਗੜ੍ਹ, 5 ਦਸੰਬਰ, 2016 : ਪੰਜਾਬ ਕਾਂਗਰਸ ਨੇ ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਰਾਜਬੀਰ ਕੌਰ ਵੱਲੋਂ ਆਮ ਆਦਮੀ ਪਾਰਟੀ ਖਿਲਾਫ ਵਿਦ੍ਰੋਹ ਦੇ ਤਾਜ਼ਾ ਮਾਮਲੇ 'ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਸੋਮਵਾਰ ਨੂੰ ਕਿਹਾ ਹੈ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਪਾਰਟੀ 'ਚ ਭ੍ਰਿਸ਼ਟਾਚਾਰ ਵੱਡੀ ਮਾਤਰਾ 'ਚ ਫੈਲ੍ਹ ਚੁੱਕਾ ਹੈ, ਜਿਸ ਕਾਰਨ ਪਹਿਲਾਂ ਤੋਂ ਬਾਦਲਾਂ ਵੱਲੋਂ ਕੀਤੀ ਗਈ ਬਰਬਾਦੀ ਦੇ ਸ਼ਿਕਾਰ ਸੂਬੇ ਦੇ ਢਾਂਚੇ ਨੂੰ ਹੁਣ ਇਨ੍ਹਾਂ ਤੋਂ ਭ੍ਰਿਸ਼ਟ ਹੋਣ ਦਾ ਖਤਰਾ ਪੈਦਾ ਹੋ ਚੁੱਕਾ ਹੈ।
ਇਸ ਲੜੀ ਹੇਠ ਅਰਜੁਨਾ ਐਵਾਰਡੀ ਰਾਜਬੀਰ ਕੌਰ ਵੱਲੋਂ ਵੀ ਅਰਵਿੰਦ ਕੇਜਰੀਵਾਲ ਉਪਰ ਜਲੰਧਰ ਕੈਂਟ ਦੀ ਟਿਕਟ ਇਕ ਬਾਹਰੀ ਨੂੰ ਵੇਚਣ ਦਾ ਦੋਸ਼ ਲਗਾ ਕੇ ਵਿਦ੍ਰੋਹ ਦਾ ਝੰਡਾ ਚੁੱਕਣ 'ਤੇ, ਪੰਜਾਬ ਕਾਂਗਰਸ ਦੇ ਆਗੂਆਂ ਨੇ ਕਿਹਾ ਹੈ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪਾਰਟੀ 'ਚ ਭ੍ਰਿਸ਼ਟਾਚਾਰ ਇੰਨੀ ਡੂੰਘਾਈ ਤੱਕ ਫੈਲ੍ਹਿਆ ਹੋਇਆ ਹੈ ਕਿ ਬੇਈਮਾਨ ਲੋਕਾਂ ਨੂੰ ਛੱਡ ਕੇ ਕੋਈ ਵੀ ਸਹੀ ਵਿਅਕਤੀ ਤੇ ਵਰਕਰ ਆਪ ਤੋਂ ਚੋਣ ਲੜਨ ਵਾਸਤੇ ਟਿਕਟ ਹਾਸਿਲ ਕਰਨ ਦੀ ਉਮੀਦ ਨਹੀਂ ਕਰ ਸਕਦਾ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਹੈ ਕਿ ਕੇਜਰੀਵਾਲ ਤੇ ਉਨ੍ਹਾਂ ਦੀ ਪਾਰਟੀ ਨੇ ਨੈਤਿਕ ਦੀਵਾਲੀਏਪਣ ਦੀਆਂ ਉਚਾਈਆਂ ਨੂੰ ਛੂਹ ਲਿਆ ਹੈ। ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਤੋਂ ਪੰਜਾਬ ਦੇ ਲੋਕਤਾਂਤਰਿਕ ਢਾਂਚੇ ਨੂੰ ਹੋਰ ਬਰਬਾਦ ਨਾ ਹੋਣ ਦੇਣ ਦੀ ਅਪੀਲ ਕੀਤੀ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਲਾਲ ਸਿੰਘ, ਸੁਨੀਲ ਜਾਖੜ ਤੇ ਰਜਿੰਦਰ ਕੌਰ ਭੱਠਲ ਨੇ ਆਪ ਅਗਵਾਈ ਵੱਲੋਂ ਸੂਬੇ ਦੇ ਲੋਕਾਂ ਨੂੰ ਭ੍ਰਿਸ਼ਟ ਕਰਨ ਅਤੇ ਇਸ ਦੀਆਂ ਚੋਣ ਸੰਸਥਾਵਾਂ ਨੂੰ ਖਤਮ ਕਰਨ ਵਿਰੁੱਧ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਲੋਕ ਇਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ 'ਚ ਅਸਫਲ ਰਹੇ, ਤਾਂ ਸੂਬੇ ਦਾ ਸਿਆਸੀ ਤੇ ਸਮਾਜਿਕ ਢਾਂਚਾ ਪੂਰੀ ਤਰ੍ਹਾਂ ਨਾਲ ਢਹਿ ਜਾਵੇਗਾ।
ਉਨ੍ਹਾਂ ਨੇ ਆਪ ਵੱਲੋਂ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਭ੍ਰਿਸ਼ਟ ਬਣਾਏ ਜਾਣ ਦੀਆਂ ਕੋਸ਼ਿਸ਼ਾਂ ਖਿਲਾਫ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਸੂਬੇ ਦੇ ਲੋਕਾਂ ਨੇ ਬਾਦਲਾਂ ਤੇ ਇਨ੍ਹਾਂ ਦੇ ਸਾਥੀਆਂ ਦੇ ਲਾਲਚ ਕਾਰਨ ਬਹੁਤ ਸਹਿਆ ਹੈ। ਹੁਣ ਆਪ ਅਗਵਾਈ ਦੀ ਲਾਲਚ ਕਾਰਨ ਪੰਜਾਬ ਨੂੰ ਗੁੰਮਨਾਮੀ ਤੇ ਬਰਬਾਦੀ ਦੇ ਦੌਰ 'ਚ ਹੋਰ ਨਾ ਧਕੇਲਣ ਦਿੱਤਾ ਜਾਵੇ।