ਚੰਡੀਗੜ੍ਹ, 5 ਦਸੰਬਰ, 2016 : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਡਾ. ਨਵਜੋਤ ਕੌਰ ਸਿੱਧੂ ਦੀ ਬਿਆਨਬਾਜ਼ੀ ਨੂੰ ਬੇਤੁਕਾ ਦੱਸਦਿਆਂ ਸਵਾਲ ਕੀਤਾ ਹੈ ਕਿ ਡਾ. ਸਿੱਧੂ ਦੂਸਰਿਆਂ ਨੂੰ ਸਵਾਲ ਕਰਨ ਤੋਂ ਪਹਿਲਾ ਖੁਦ ਸਪੱਸ਼ਟ ਕਰਨ ਕਿ ਕੀ ਉਹ ਭਾਜਪਾ ਵਿਚ ਰਹਿੰਦਿਆਂ ਕਠਪੁਤਲੀ ਬਣਕੇ ਕੰਮ ਕਰਦੇ ਸੀ?
ਡਾ. ਸਿੱਧੂ ਵਲੋਂ ਭਾਜਪਾ ਨੂੰ ਅਕਾਲੀਆਂ ਦੀ ਕਠਪੁਤਲੀ ਦੱਸਣ ਉਤੇ ਭਾਜਪਾ ਨੇਤਾ ਸ੍ਰੀ ਜੋਸ਼ੀ ਨੇ ਕਿਹਾ ਕਿ ਨਵਜੋਤ ਕੌਰ ਨੂੰ ਜੇਕਰ ਪਹਿਲਾਂ ਇਹ ਅਹਿਸਾਸ ਸੀ ਤਾਂ ਲੱਗਭਗ ਪੰਜ ਸਾਲ 'ਕਠਪੁਤਲੀ' ਬਣਕੇ ਸੱਤਾ ਸੁੱਖ ਕਿਉਂ ਭੋਗਦੇ ਰਹੇ ਅਤੇ ਉਦੋਂ ਹੀ ਆਪਣੇ ਅਹੁਦੇ ਤੋਂ ਅਸਤੀਫ਼ਾ ਕਿਉਂ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਡਾ. ਸਿੱਧੂ ਦਾਅਵਾ ਕਰਦੀ ਹੈ ਕਿ ਉਨ੍ਹਾਂ ਨੇ ਵਿਚਾਰਧਾਰਾ ਨੂੰ ਵੇਖ ਕੇ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕੀਤੀ ਹੈ, ਪਰੰਤੂ ਉਨ੍ਹਾਂ ਨੇ ਆਪਣੀ ਵਿਚਾਰਧਾਰਾ ਤੇ ਸਿਧਾਂਤ ਉਸੇ ਦਿਨ ਛੱਡ ਦਿੱਤੇ ਸਨ, ਜਿਸ ਦਿਨ ਉਨ੍ਹਾਂ ਨੇ ਭਾਜਪਾ ਨਾਲੋਂ ਨਾਤਾ ਤੋੜਿਆ ਸੀ। ਵਿਨੀਤ ਜੋਸ਼ੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਤੱਕ ਕੈਪਟਨ ਅਮਰਿੰਦਰ ਸਿੰਘ ਨੂੰ ਸੱਤਾ ਦਾ ਭੁੱਖਾ ਦੱਸਣ ਵਾਲੀ ਡਾ. ਸਿੱਧੂ ਹੁਣ ਬਿਲਕੁਲ ਕਿਸੇ ਮੌਕਾਪ੍ਰਸਤ ਨੇਤਾ ਦੀ ਤਰ੍ਹਾਂ ਹੀ ਕੈਪਟਨ ਤੇ ਕਾਂਗਰਸ ਦਾ ਗੁਣਗਾਣ ਕਰ ਰਹੀ ਹੈ ਅਤੇ ਆਪਣੇ ਨਵੇਂ ਆਕਾਵਾਂ ਨੂੰ ਖੁਸ਼ ਕਰਨ ਲਈ ਬੇਤੁਕੀ ਬਿਆਨਬਾਜ਼ੀ ਕਰ ਰਹੀ ਹੈ।