ਸ੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ, ਦੋ ਮੌਜ਼ੂਦਾ ਵਿਧਾਇਕ ਕਾਂਗਰਸ 'ਚ ਸ਼ਾਮਲ
ਦੋ ਸਿਟਿੰਗ ਅਕਾਲੀ ਐਮ ਐਲ ਏ ਕਾਂਗਰਸ ਵਿਚ ਹੋਏ ਸ਼ਾਮਲ - ਅਕਾਲੀ ਦਲ ਨੂੰ ਸਿਆਸੀ ਝਟਕਾ
ਨਵੀਂ ਦਿੱਲੀ, 6 ਦਸੰਬਰ: ਸ੍ਰੋਮਣੀ ਅਕਾਲੀ ਦਲ ਨੂੰ ਮੰਗਲਵਾਰ ਨੂੰ ਉਸ ਵੇਲੇ ਇਕ ਵੱਡਾ ਝਟਕਾ ਲੱਗਿਆ, ਜਦੋਂ ਉਸਦੇ ਦੋ ਮੌਜ਼ੂਦਾ ਵਿਧਾਇਕ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਪੂਰੀ ਤਰ੍ਹਾਂ ਭਰੋਸਾ ਪ੍ਰਗਟਾਉਂਦਿਆਂ ਪੰਜਾਬ ਕਾਂਗਰਸ 'ਚ ਸ਼ਾਮਿਲ ਹੋ ਗਏ।
ਕੈਪਟਨ ਅਮਰਿੰਦਰ ਨੇ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਰਜਿੰਦਰ ਕੌਰ ਭਗੀਕੇ ਤੇ ਬਾਘਾਪੁਰਾਣਾ ਤੋਂ ਵਿਧਾਇਕ ਮਹੇਸ਼ ਇੰਦਰ ਸਿੰਘ ਦਾ ਅਕਾਲੀ ਆਗੂਆਂ ਦਰਸ਼ਨ ਸਿੰਘ ਕੋਟਭਾਈ ਤੇ ਫਿਲੌਰ ਤੋਂ ਸਮਾਜ ਸੇਵੀ ਅਜੈ ਸ਼ਰਮਾ ਸਮੇਤ ਨਵੀਂ ਦਿੱਲੀ ਵਿਖੇ ਕਾਂਗਰਸ ਪਾਰਟੀ 'ਚ ਸਵਾਗਤ ਕੀਤਾ। ਕੋਟਭਾਈ ਬੀਤੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਉਮੀਦਵਾਰ ਤੋਂ ਬਹੁਤ ਘੱਟ ਵੋਟਾਂ ਨਾਲ ਹਾਰੇ ਸਨ।
ਇਸ ਮੌਕੇ ਅਕਾਲੀ ਅਗਵਾਈ ਪ੍ਰਤੀ ਆਪਣੀ ਨਿਰਾਸ਼ਾ ਪ੍ਰਗਟ ਕਰਦਿਆਂ, ਮੌਜ਼ੂਦਾ ਵਿਧਾਇਕਾਂ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਪਾਰਟੀ ਪ੍ਰਤੀ ਵਫਾਦਾਰ ਰਹੇ, ਪਰ ਉਹ ਖੁਦ ਨੂੰ ਬਾਦਲਾਂ ਦੇ ਗੁਲਾਮ ਨਹੀਂ ਬਣੇ ਰਹਿਣ ਦੇ ਸਕਦੇ ਹਨ। ਜਿਨ੍ਹਾਂ ਨੂੰ ਨਾ ਸਿਰਫ ਆਉਂਦੀਆਂ ਚੋਣਾਂ ਲਈ ਟਿਕਟਾਂ ਤੋਂ ਵਾਂਝਾ ਕਰ ਦਿੱਤਾ ਗਿਆ, ਸਗੋਂ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ।
ਕੈਪਟਨ ਅਮਰਿੰਦਰ ਨੇ ਉਨ੍ਹਾਂ ਦਾ ਬਗੈਰ ਕਿਸੇ ਸ਼ਰਤ ਪਾਰਟੀ 'ਚ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਸ਼ਮੂਲਿਅਤ ਨਾਲ ਪੰਜਾਬ ਕਾਂਗਰਸ ਨੂੰ ਮਜ਼ਬੂਤੀ ਮਿੱਲੀ ਹੈ। ਉਨ੍ਹਾਂ ਨੇ ਦੁਹਰਾਇਆ ਕਿ ਚੋਣਾਂ ਨਜ਼ਦੀਕ ਆਉਣ ਨਾਲ ਤੇ ਖਾਸ ਕਰਕੇ ਪੰਜਾਬ ਅੰਦਰ ਚੋਣ ਜਾਬਤਾ ਲਾਗੂ ਹੋ ਜਾਣ ਤੋਂ ਬਾਅਦ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਛੱਡ ਕੇ ਆਗੂਆਂ ਤੇ ਵਰਕਰਾਂ ਦਾ ਕਾਂਗਰਸ 'ਚ ਸ਼ਾਮਿਲ ਹੋਣਾ ਵੱਧੇਗਾ।
ਜਦਕਿ ਮੌਜ਼ੂਦਾ ਅਕਾਲੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਪਰਿਵਾਰਿਕ ਮੈਂਬਰਾਂ ਦੇ ਕਾਂਗਰਸ 'ਚ ਸ਼ਾਮਿਲ ਹੋਣ ਦੀ ਸੰਭਾਵਨਾ ਬਾਰੇ ਸਵਾਲ ਦੇ ਜਵਾਬ 'ਚ, ਕੈਪਟਨ ਅਮਰਿੰਦਰ ਨੇ ਕਿਹਾ ਕਿ ਮੀਡੀਆ ਪਹਿਲਾਂ ਇਹ ਗੱਲਾਂ ਲਿੱਖਦਾ ਹੇ ਤੇ ਫਿਰ ਉਨ੍ਹਾਂ 'ਤੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਨੇ ਮੀਡੀਆ ਨੂੰ ਭਰੋਸਾ ਦਿੱਤਾ ਕਿ ਨਵੀਂ ਸ਼ਮੂਲੀਅਤ ਹੋਣ 'ਤੇ ਉਨ੍ਹਾਂ ਨੂੰ ਤੁਰੰਤ ਜਾਣਕਾਰੀ ਦਿੱਤੀ ਜਾਵੇਗੀ।