ਤੀਰਥ ਯਾਤਰਾ ਲਈ ਪੰਜਾਬ ਸਰਕਾਰ ਤੇ ਹਲਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਦਾ ਧੰਨਵਾਦ ਕਰਦੇ ਹੋਏ ਯਾਤਰੀ
ਸੰੰਗਰੂਰ, 6 ਦਸੰਬਰ, 2016 : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਯੋਜਨਾ ਤਹਿਤ ਲੋਕਾਂ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਦੀ ਮੁਫਤ ਯਾਤਰਾ ਕਰਵਾਉਣ ਦੇ ਉਦੇਸ਼ ਨਾਲ ਰੇਲ ਸੇਵਾ ਤੋਂ ਬਾਅਦ ਸ਼ੁਰੂ ਕੀਤੀ ਗਈ ਬੱਸ ਸੇਵਾ ਰਾਹੀਂ ਕਰਵਾਈਆਂ ਜਾ ਰਹੀਆਂ ਮੁਫਤ ਯਾਤਰਾਵਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਅੱਜ ਸੰਗਰੂਰ ਦੇ ਨਿਰੰਕਾਰੀ ਭਵਨ ਨੇੜਿਓ ਸਵੇਰੇ 6 ਵਜੇ ਬੱਸ ਯਾਤਰਾ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਹੋਈ। ਯਾਤਰਾ ਰਵਾਨਾ ਹੋਣ ਤੋਂ ਪਹਿਲਾਂ ਯਾਤਰੀਆਂ ਨੇ ਹਲਕਾ ਵਿਧਾਇਕ ਬਾਬੂ ਪ੍ਰ੍ਰਕਾਸ਼ ਚੰਦ ਗਰਗ ਦਾ ਧੰਨਵਾਦ ਕਰਦਿਆਂ ਪੰਜਾਬ ਸਰਕਾਰ ਦੇ ਇਸ ਵਿਸ਼ੇਸ਼ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆ ਐਮ.ਸੀ. ਕੇਵਲ ਕ੍ਰਿਸ਼ਨ ਗਰਗ ਨੇ ਦੱਸਿਆ ਕਿ ਅੱਜ ਇਹ ਬੱਸ ਸ੍ਰੀ ਅਨੰਦਪੁਰ ਸਾਹਿਬ ਜਾਵੇਗੀ, ਜਿੱਥੇ ਸੰਗਤ ਖਾਲਸਾ ਵਿਰਾਸਤ ਦੇ ਨਾਲ- ਨਾਲ ਹੋਰਨਾਂ ਗੁਰੂ ਘਰਾਂ ਦੇ ਵੀ ਦਰਸ਼ਨ ਕਰੇਗੀ। ਸ਼੍ਰੀ ਗਰਗ ਨੇ ਕਿਹਾ ਕਿ ਜਿੱਥੇ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਰਿਕਾਰਡਤੋੜ ਵਿਕਾਸ ਕਾਰਜ ਕਰਵਾ ਕੇ ਸੂਬੇ ਨੂੰ ਵਿਕਾਸ ਦੀਆਂ ਲੀਹਾਂ 'ਤੇ ਮੁੜ ਲਿਆ ਕੇ ਖੜ੍ਹਾ ਕੀਤਾ ਹੈ, ਉੱਥੇ ਵੱਖ-ਵੱਖ ਧਾਰਮਿਕ ਸਥਾਨਾਂ ਲਈ ਪਹਿਲਾਂ ਮੁਫਤ ਰੇਲ ਸੇਵਾਵਾਂ ਤੇ ਹੁਣ ਬੱਸ ਸੇਵਾਵਾਂ ਦੇ ਕੇ ਸ਼ਲਾਘਾਯੋਗ ਕੰਮ ਕੀਤਾ ਹੈ, ਜਿਸ ਦੀ ਹਰ ਵਰਗ ਵੱਲੋਂ ਭਰਵੀਂ ਸ਼ਲਾਘਾ ਕੀਤੀ ਜਾ ਰਹੀ ਹੈ।
ਯਾਤਰਾ ਬੱਸ ਦੇ ਨਾਲ ਗਏ ਸੂਬਾ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ ਨੇ ਖੁਸ਼ੀ ਦਾ ਇਜਹਾਰ ਕਰਦਿਆਂ ਕਿਹਾ ਕਿ ਮੁਫਤ ਬੱਸ ਯਾਤਰਾ ਦੇ ਇਸ ਵਿਸ਼ੇਸ਼ ਉਪਰਾਲੇ ਲਈ ਹਲਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਵਧਾਈ ਦੇ ਪਾਤਰ ਹਨ, ਜਿਨ੍ਹਾਂ ਦੀ ਮਿਹਨਤ ਸਦਕਾ ਹਲਕੇ ਦੇ ਅਨੇਕਾਂ ਲੋਕ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਕਰ ਸਕੇ ਹਨ। ਇਨ੍ਹਾਂ ਵਿੱਚ ਕਈ ਅਜਿਹੇ ਪਰਿਵਾਰ ਵੀ ਸ਼ਾਮਿਲ ਸਨ, ਜੋ ਆਰਥਿਕ ਤੰਗੀ ਕਰਕੇ ਤੀਰਥ ਸਥਾਨਾਂ ਦੀ ਯਾਤਰਾ ਕਰਨ ਵਿੱਚ ਅਸਮਰੱਥ ਸਨ।
ਇਸ ਮੌਕੇ ਸੀਨੀਅਰ ਸਿਟੀਜਨ ਸੰਸਥਾ ਦੇ ਪ੍ਰਧਾਨ ਜਗਦੀਸ਼ ਕੋਹਲੀ ਅਤੇ ਹੋਰ ਅਹੁਦੇਦਾਰ ਕੁਲਦੀਪ ਸਿੰਘ ਬਾਗੀ, ਵੇਦ ਗੁਪਤਾ, ਮਦਨ ਗੋਪਾਲ ਸੋਢੀ, ਵਿਜੈ ਮੋਹਨ ਗੁਲਾਟੀ, ਵਰਿੰਦਰ ਗੁਪਤਾ, ਆਰ.ਐਸ. ਮਦਾਨ, ਸੁਰੇਸ਼ ਗੁਪਤਾ, ਡਾ. ਚਰਨਜੀਤ ਸਿੰਘ ਉਡਾਰੀ, ਓ.ਪੀ. ਖੀਪਲ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਹਾਜਿਰ ਸਨ, ਜਿਨ੍ਹਾਂ ਇਸ ਸ਼ਲਾਘਾਯੋਗ ਉਪਰਾਲੇ ਲਈ ਪੰਜਾਬ ਸਰਕਾਰ ਤੇ ਸ਼੍ਰੀ ਗਰਗ ਦਾ ਧੰਨਵਾਦ ਕੀਤਾ।