ਚੰਡੀਗੜ੍ਹ, 7 ਦਸੰਬਰ, 2016 : ਭਾਰਤੀ ਜਨਤਾ ਪਾਰਟੀ ਨੇ ਆਪਣੀਆਂ ਚੋਣ ਸਰਗਰਮੀਆਂ ਨੂੰ ਹੋਰ ਗਤੀ ਦਿੰਦਿਆਂ ਪੰਜਾਬ ਦੇ ਮਾਝਾ, ਦੁਆਬਾ ਤੇ ਮਾਲਵਾ ਖੇਤਰ ਵਿਚ ਅਗਲੇ ਹਫ਼ਤੇ ਤੋਂ ਵੱਖ-ਵੱਖ ਮੋਰਚਿਆਂ ਦੇ ਸੰਮੇਲਨ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਅਤੇ ਭਾਜਪਾ ਦੇ ਸੂਬਾ ਜਥੇਬੰਦਕ ਜਨਰਲ ਸਕੱਤਰ ਦਿਨੇਸ਼ ਕੁਮਾਰ ਨੇ ਅੱਜ ਚੰਡੀਗੜ੍ਹ ਵਿਚ ਪੰਜਾਬ ਭਾਜਪਾ ਦੇ ਮੁੱਖ ਦਫ਼ਤਰ ਵਿਖੇ ਪਾਰਟੀ ਦੇ ਜਿਲ੍ਹਾ ਪ੍ਰਧਾਨਾਂ, ਜਿਲ੍ਹਾ ਇੰਚਾਰਜਾਂ, ਵਿਧਾਨ ਸਭਾ ਹਲਕਿਆਂ ਦੇ ਇੰਚਾਰਜਾਂ ਤੇ ਕੋ-ਇੰਚਾਰਜਾਂ ਤੋਂ ਇਲਾਵਾ ਮੋਰਚਿਆਂ ਤੇ ਸੈਲਾਂ ਦੇ ਪ੍ਰਧਾਨਾਂ ਨਾਲ ਅਹਿਮ ਮੀਟਿੰਗ ਕਰਦਿਆਂ ਪਾਰਟੀ ਦੇ ਬੂਥ ਪੱਧਰ ਦੇ ਢਾਂਚੇ ਅਤੇ ਚੋਣਾਂ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ। ਇਸਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਵਲੋਂ ਭਲਕੇ ਮੋਗਾ ਵਿਚ ਰੱਖੀ ਰੈਲੀ ਸਬੰਧੀ ਵੀ ਤਿਆਰੀਆਂ ਬਾਰੇ ਚਰਚਾ ਕੀਤੀ ਗਈ।
ਸ੍ਰੀ ਵਿਜੇ ਸਾਂਪਲਾ ਨੇ ਦੱਸਿਆ ਕਿ 18 ਦਸੰਬਰ ਨੂੰ ਲੁਧਿਆਣਾ ਵਿਚ ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚਾ ਦਾ ਸੰਮੇਲਨ ਕਰਵਾਇਆ ਜਾਵੇਗਾ, ਜਦਕਿ 20 ਦਸੰਬਰ ਨੂੰ ਪਠਾਨਕੋਟ ਵਿਖੇ ਭਾਜਪਾ ਮਹਿਲਾ ਮੋਰਚਾ ਵਲੋਂ ਸੰਮੇਲਨ ਹੋਣਾ ਉਲੀਕਿਆ ਗਿਆ ਹੈ। ਭਾਜਪਾ ਦੇ ਐਸ.ਸੀ. ਮੋਰਚਾ ਦਾ ਸੰਮੇਲਨ 21 ਦਸੰਬਰ ਨੂੰ ਜਲੰਧਰ ਵਿਖੇ ਹੋਵੇਗਾ ਅਤੇ ਕਿਸਾਨ ਮੋਰਚਾ ਦਾ ਸੰਮੇਲਨ 23 ਦਸੰਬਰ ਨੂੰ ਫਾਜ਼ਿਲਕਾ ਵਿਖੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਦੇ ਘੱਟ ਗਿਣਤੀ ਮੋਰਚਾ ਦਾ ਸੰਮੇਲਨ ਮੁਕੇਰੀਆਂ ਵਿਖੇ 24 ਦਸੰਬਰ ਨੂੰ ਕਰਵਾਇਆ ਜਾਵੇਗਾ।
ਸ੍ਰੀ ਸਾਂਪਲਾ ਨੇ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਨੂੰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜੋਸ਼ ਨਾਲ ਡਟ ਜਾਣ ਦਾ ਸੱਦਾ ਦਿੰਦਿਆਂ ਕਿਹਾ ਕਿ ਅਕਾਲੀ ਦਲ-ਭਾਜਪਾ ਗੱਠਜੋੜ ਵਿਕਾਸ ਦੇ ਆਧਾਰ 'ਤੇ ਜਨਤਾ 'ਚ ਜਾਵੇਗਾ ਅਤੇ ਜਿਸ ਪ੍ਰਕਾਰ ਲੋਕਾਂ ਦਾ ਹੁੰਗਾਰਾ ਮਿਲ ਰਿਹਾ ਹੈ ਉਸ ਤੋਂ ਸਪੱਸ਼ਟ ਹੈ ਕਿ ਗੱਠਜੋੜ ਸੂਬੇ 'ਚ ਲਗਾਤਾਰ ਤੀਸਰੀ ਵਾਰ ਸਰਕਾਰ ਬਣਾਏਗਾ। ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਇੰਨ੍ਹਾਂ ਸੰਮੇਲਨਾਂ ਰਾਹੀਂ ਪੰਜਾਬ 'ਚ ਭਾਜਪਾ ਤੇ ਅਕਾਲੀ ਦਲ ਗੱਠਜੋੜ ਸਰਕਾਰ ਵਲੋਂ ਪਿਛਲੇ ਲਗਭਗ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਕੇਂਦਰ ਸਰਕਾਰ ਵਲੋਂ ਦੇਸ਼ 'ਚ ਢਾਈ ਸਾਲ ਦੇ ਕਾਰਜਕਾਲ ਵਿਚ ਕੀਤੇ ਗਏ ਵਿਕਾਸ ਕਾਰਜਾਂ ਤੇ ਵੱਖ-ਵੱਖ ਵਰਗਾਂ ਦੀ ਭਲਾਈ ਲਈ ਕੀਤੇ ਕੰਮਾਂ ਨੂੰ ਜਨਤਾ ਦੇ ਸਾਹਮਣੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਗਰੀਬਾਂ, ਦਬੇ ਕੁਚਲੇ ਲੋਕਾਂ, ਦਲਿਤਾਂ ਲਈ ਨਵੀਂਆਂ ਨਵੀਆਂ ਯੋਜਨਾਵਾਂ ਰਾਹੀਂ ਕੇਂਦਰ ਸਰਕਾਰ ਵਲੋਂ ਅਥਾਂਹ ਵਿਕਾਸਮਈ ਕੰਮ ਕੀਤੇ ਜਾ ਰਹੇ ਹਨ, ਜਦਕਿ ਪੰਜਾਬ ਵਿਚ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵਲੋਂ ਖੇਤੀ, ਪੇਂਡੂ ਵਿਕਾਸ, ਸਿਹਤ, ਰੁਜਗਾਰ ਦੇਣ ਸਮੇਤ ਹਰ ਦ੍ਰਿਸ਼ਟੀ ਤੋਂ ਪੰਜਾਬ ਨੂੰ ਆਦਰਸ਼ ਸੂਬਾ ਬਣਾਉਣ ਲਈ ਇੰਨ੍ਹਾਂ ਲਗਭਗ ਦਸ ਸਾਲਾਂ ਵਿਚ ਵਿਕਾਸ ਕਾਰਜਾਂ ਕੀਤੇ ਗਏ ਹਨ।