ਚੰਡੀਗੜ੍ਹ, 7 ਦਸੰਬਰ, 2016 : ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਨੇ ਦੋਸ਼ ਲਾਇਆ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਆਪਣੇ ਮੁੱਖ ਮੰਤਰੀ ਪਿਤਾ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਮਨਾਉਣ ਲਈ ਮੋਗਾ ਵਿਖੇ ਰੱਖੀ ਗਈ ਰੈਲੀ ਲਈ ਜਿੱਥੇ ਪ੍ਰਾਈਵੇਟ ਬਸ ਅਪਰੇਟਰਾਂ ਅਤੇ ਪ੍ਰਾਈਵੇਟ ਸਕੂਲ ਮਾਲਕਾਂ ਕੋਲੋਂ ਬੱਸਾਂ ਲੈਣ ਲਈ ਸਰਕਾਰੀ ਤੰਤਰ ਦਾ ਦੁਰਪਯੋਗ ਕੀਤਾ ਜਾ ਰਿਹਾ ਹੈ ਉਥੇ ਸਰਕਾਰੀ ਖਜਾਨੇ ਉਤੇ ਵੀ ਬੇਲੋੜਾ ਭਾਰੀ ਬੋਝ ਪਾਇਆ ਜਾ ਰਿਹਾ ਹੈ।
ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਨਲਾਇਕ ਸਰਕਾਰਾਂ ਕਾਰਨ ਇਕ ਪਾਸੇ ਪੰਜਾਬ ਪਹਿਲਾਂ ਹੀ ਭਾਰੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਦੂਜੇ ਪਾਸੇ ਸਰਕਾਰੀ ਮਸ਼ੀਨਰੀ ਦਾ ਦੁਰਪਯੋਗ ਕਰਕੇ ਜਨਮ ਦਿਨ ਮਨਾਉਣ ਦੇ ਸ਼ੌਂਕ ਪੂਰੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਬੱਸ ਅਪਰੇਟਰਾਂ ਅਤੇ ਨਿਜੀ ਸਕੂਲਾਂ ਕੋਲੋਂ ਅਫਸਰਾਂ ਰਾਹੀਂ ਧੱਕੇ ਨਾਲ ਬੱਸਾਂ ਲਈਆਂ ਜਾ ਰਹੀਆਂ ਹਨ। ਜੋ ਨਿੰਦਣਯੋਗ ਹੈ। ਬੇਸ਼ਕ ਬਹੁਤ ਸਾਰੇ ਨਿੱਜੀ ਬੱਸ ਅਪਰੇਟਰਾਂ ਨੇ ਬੱਸਾਂ ਦੇਣ ਤੋਂ ਕੋਰੀ ਨਾ ਕਰ ਦਿੱਤੀ ਹੈ ਫਿਰ ਵੀ ਡਰਾ ਧਮਕਾ ਕੇ ਬੱਸਾਂ ਇਕੱਠੀਆਂ ਕਰਨ ਲਈ ਸਰਕਾਰੀ ਮਸ਼ਨੀਰੀ ਝੋਕੀ ਹੋਈ ਹੈ। ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਦੀ ਪੜਾਈ ਦੀ ਪ੍ਰਵਾਹ ਨਾ ਕਰਦੇ ਹੋਏ ਦਬਾਅ ਨਾਲ ਸਕੂਲਾਂ ਵੈਨਾਂ ਅਤੇ ਬੱਸਾਂ ਇਕਠੀਆਂ ਕਰਨ ਦੀਆਂ ਰਿਪੋਰਟਾਂ ਮਿਲੀਆਂ ਹਨ।
ਮਾਨ ਨੇ ਅਫਸਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੁਝ ਦਿਨਾਂ ਦੇ ਮਹਿਮਾਨ ਰਹੇ ਬਾਦਲਾਂ ਦੇ ਦਬਾਅ ਥੱਲੇ ਗਲਤ ਕੰਮ ਨਾ ਕਰਨ। ਮਾਨ ਨੇ ਦੱਸਿਆ ਕਿ ਪਹਿਲਾਂ ਹੀ ਬਾਦਲ ਪਰਿਵਾਰ ਅਤੇ ਬਾਦਲਾਂ ਦੇ ਕਰੀਬੀਆਂ ਵਲੋਂ ਚਲਾਏ ਜਾ ਰਹੇ ਬੱਸ ਮਾਫੀਆ ਕਾਰਨ ਬੁਰੀ ਤਰ੍ਹਾਂ ਘਾਟੇ ਦਾ ਸ਼ਿਕਾਰ ਹੋਏ ਪੀਆਰਟੀਸੀ ਅਤੇ ਪੰਜਾਬ ਰੋਡਵੇਜ ਵਰਗੇ ਅਧਾਰਿਆਂ ਕੋਲੋਂ ਵੀ ਮੋਗਾ ਰੈਲੀ ਲਈ ਬੱਸਾਂ ਲਈਆਂ ਜਾ ਰਹੀਆਂ ਹਨ। ਸਾਫ ਹੈ ਕਿ ਰੂਟ ਮਿਸ ਕਰਕੇ ਬਾਦਲਾਂ ਨੂੰ ਦਿੱਤੀਆਂ ਗਈਆਂ ਸਰਕਾਰੀ ਬੱਸਾਂ ਉਪਰ ਨਿਰਭਰ ਆਮ ਜਨਤਾ ਬੇਵਜ੍ਹਾ ਖਜਲ-ਖੁਆਰ ਹੋਵੇਗੀ।
ਮਾਨ ਨੇ ਕਿਹਾ ਕਿ ਪਿਤਾ ਦੇ ਜਨਮ ਦਿਨ ਮਨਾਉਣ ਲਈ ਰੈਲੀਆਂ ਅਯੋਜਿਤ ਕਰਨਾ ਸੁਖਬੀਰ ਬਾਦਲ ਦਾ ਪੁਰਾਣਾ ਸ਼ੌਂਕ ਹੈ। ਲੇਕਿਨ ਸੁਖਬੀਰ ਬਾਦਲ ਦੇ ਅਜਿਹੇ ਸ਼ੌਂਕ ਉਸ ਕਹਾਵਤ ਨੂੰ ਸੱਚ ਕਰ ਰਹੇ ਹਨ ਜਦੋਂ ਰੋਮ ਜਲ ਰਿਹਾ ਸੀ ਤੇ ਨਿਰੋ ਬੰਸਰੀ ਬਜਾਉਣ ਦੇ ਸ਼ੌਂਕ ਪੁਗਾ ਰਿਹਾ ਸੀ।