ਚੰਡੀਗੜ੍ਹ, 10 ਦਸੰਬਰ, 2016 : ਪੰਜਾਬ ਕਾਂਗਰਸ ਨੇ ਗਾਇਕ ਹੰਸ ਰਾਜ ਹੰਸ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਚਲੇ ਜਾਣ ਨੂੰ ਉਨ੍ਹਾਂ ਦੀ ਮੌਕਾਪ੍ਰਸਤੀ ਕਰਾਰ ਦਿੰਦਿਆਂ, ਇਸ ਘਟਨਾ ਨੂੰ ਮਹੱਤਵਹੀਣ ਕਰਾਰ ਦਿੱਤਾ ਹੈ।
ਇਥੇ ਜ਼ਾਰੀ ਬਿਆਨ 'ਚ, ਪਾਰਟੀ ਆਗੂਆਂ ਡਾ. ਰਾਜ ਕੁਮਾਰ ਵੇਰਕਾ, ਗੇਜਾ ਰਾਮ ਵਾਲਮੀਕਿ ਤੇ ਐਡਵੋਕੇਟ ਰਜਨੀਸ਼ ਸਹੋਤਾ ਨੇ ਕਿਹਾ ਹੈ ਕਿ ਗਾਇਕ ਨੇ ਹਿੰਦੁਤਵ ਦੀ ਗੱਡੀ 'ਚ ਸਵਾਰ ਹੋਣ ਵਾਸਤੇ ਵਾਲਮੀਕਿ ਸਮਾਜ ਤੇ ਉਸਦੇ ਮੁੱਦਿਆਂ ਨੂੰ ਤਿਆਗ ਦਿੱਤਾ ਪ੍ਰਤੀਤ ਹੁੰਦਾ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਇਸ ਨਾਲ ਸਾਫ ਸਾਬਤ ਹੋ ਰਿਹਾ ਹੈ ਕਿ ਹੰਸ ਦਾ ਇਹ ਕਦਮ ਕਿਨ੍ਹਾਂ ਸਿਧਾਂਤਾਂ ਦੇ ਅਧਾਰ 'ਤੇ ਨਹੀਂ, ਸਗੋਂ ਵਿਅਕਤੀਗਤ ਫਾਇਦਿਆਂ ਦੀ ਮੌਕਾਪ੍ਰਸਤੀ ਦੀ ਸੋਚ ਦਾ ਨਤੀਜ਼ਾ ਹੈ।
ਪਾਰਟੀ ਆਗੂਆਂ ਨੇ ਕਿਹਾ ਹੈ ਕਿ ਹੰਸ ਦੇ ਕਾਂਗਰਸ ਛੱਡਣ ਦੇ ਫੈਸਲੇ 'ਤੇ ਕੋਈ ਕੀ ਦੱਸ ਸਕਦਾ ਹੈ, ਜਿਸ ਪਾਰਟੀ ਨੇ ਉਨ੍ਹਾਂ ਉਪਰ ਬਹੁਤ ਸਾਰਾ ਪਿਆਰ ਤੇ ਸਨਮਾਨ ਵਰ੍ਹਾਇਆ, ਅਤੇ ਉਹ ਵੀ ਉਸ ਪਾਰਟੀ 'ਚ ਜਾਣ ਵਾਸਤੇ ਜਿਸਨੂੰ ਆਪਣੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਹੰਸ ਦੇ ਅਕਾਲੀ ਦਲ ਤੋਂ ਆਉਣ ਦੇ ਬਾਵਜੂਦ, ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਵੱਧ ਕੇ ਉਨ੍ਹਾਂ ਦੇ ਨਾਂਮ ਦੀ ਰਾਜ ਸਭਾ ਲਈ ਸਿਫਾਰਿਸ਼ ਕੀਤੀ ਸੀ, ਜਿਹੜਾ ਕਦਮ ਹੰਸ ਨੂੰ ਕਾਂਗਰਸ 'ਚ ਮਿੱਲੀ ਇਜੱਤ ਨੂੰ ਬਿਆਨ ਕਰਦਾ ਹੈ।
ਹਾਲਾਂਕਿ, ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਇਸ ਨਾਲ ਪੰਜਾਬ 'ਚ ਕਾਂਗਰਸ 'ਤੇ ਕੋਈ ਪ੍ਰਭਾਵ ਨਹੀਂ ਪੈਣ ਵਾਲਾ, ਕਿਉਂਕਿ ਉਕਤ ਗਾਇਕ ਦੀ ਪਾਰਟੀ ਦੀ ਚੋਣ ਯੋਜਨਾ 'ਚ ਬਹੁਤ ਛੋਟੀ ਭੂਮਿਕਾ ਸੀ। ਜਦਕਿ ਹੰਸ ਪਹਿਲਾਂ ਸ੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਜਾਣ ਅਤੇ ਥੋੜ੍ਹੇ ਵਕਤ ਬਾਅਦ ਹੁਣ ਭਾਜਪਾ 'ਚ ਜਾ ਕੇ ਆਪਣੀ ਸਾਰੀ ਭਰੋਸੇਮੰਦੀ ਖੋਹ ਚੁੱਕੇ ਹਨ।