ਆਦਮਪੁਰ (ਜਲੰਧਰ), 10 ਦਸੰਬਰ, 2016 : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਇਸ ਵਾਰ ਬਾਦਲ ਪਰਿਵਾਰ ਅਤੇ ਕੈਪਟਨ ਅਮਰਿੰਦਰ ਸਿੰਘ ਰਲ ਮਿਲ ਕੇ ਚੋਣ ਲੜ ਹਨ, ਤਾਂਕਿ ਆਮ ਆਦਮੀ ਪਾਰਟੀ ਨੂੰ ਰੋਕਿਆ ਜਾ ਸਕੇ। ਸ਼ਨੀਵਾਰ ਨੂੰ ਆਦਮਪੁਰ ਵਿਖੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਬਾਦਲਾਂ ਤੇ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿੱਚ ਮੀਟਿੰਗ ਕਰਕੇ ਕੈਪਟਨ ਨੂੰ ਅੱਗੇ ਕਰਨ ਦਾ ਸਮਝੌਤਾ ਕਰ ਲਿਆ ਹੈ ਅਤੇ ਜਾਣ-ਬੁੱਝ ਕੇ ਕਮਜੋਰ ਉਮੀਦਵਾਰ ਦਿੱਤੇ ਜਾ ਰਹੇ ਹਨ। ਐਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਦੇ ਹੋਰਡਿੰਗ ਬੈਨਰ ਵੀ ਬਾਦਲ ਸਪਾਂਸਰ ਕਰ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ ਬਾਦਲ ਅਤੇ ਕੈਪਟਨ ਦੋਵੇਂ ਨਹੀਂ ਚਾਹੁੰਦੇ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਅਤੇ ਦੋਵਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਜੇਲਾਂ ‘ਚ ਸੁੱਟੇ। ਇਸ ਲਈ ਬਾਦਲਾਂ ਨੇ ਕੈਪਟਨ ਨੂੰ ਅੱਗੇ ਕਰਨਾ ਸ਼ੁਰੂ ਕਰ ਦਿੱਤਾ ਹੈ।
ਕੇਜਰੀਵਾਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਸਵਿਸ ਬੈਂਕ ਦੇ ਖਾਤਿਆਂ ਨੰਬਰ ਦਸਦੇ ਹੋਏ ਕਿਹਾ ਕਿ ਮੁੱਖ ਮੰਤਰੀ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਨੂੰ ਲੁੱਟ ਨੇ ਕਰੋੜਾਂ-ਅਰਬਾਂ ਰੁਪਏ ਸਵਿਸ ਬੈਂਕ ਵਿੱਚ ਜਮਾਂ ਕਰਵਾਏ, ਲੇਕਿਨ ਬਾਦਲਾਂ ਅਤੇ ਨਰਿੰਦਰ ਮੋਦੀ ਨੇ ਉਸ ਉਤੇ ਕੋਈ ਕਾਰਵਾਈ ਨਹੀਂ ਕੀਤੀ। ਉਨਾਂ ਕਿਹਾ ਕਿ ਉਹ ਪਿਛਲੇ ਇੱਕ ਮਹੀਨੇ ਤੋਂ ਪੰਜਾਬ ਵਿੱਚ ਥਾਂ-ਥਾਂ ਸ਼ਾਹੀ ਪਰਿਵਾਰ ਦੇ ਖਾਤਿਆਂ ਦੇ ਨੰਬਰ ਦੱਸ ਰਹੇ ਹਨ, ਪ੍ਰੰਤੂ ਕੈਪਟਨ ਅਮਰਿੰਦਰ ਸਿੰਘ ਐਨੇ ਗੰਭੀਰ ਦੋਸ਼ਾਂ ਦੇ ਬਾਵਜੂਦ ਚੂੰ ਤੱਕ ਨਹੀਂ ਕਰ ਰਹੇ। ਕੇਜਰੀਵਾਲ ਨੇ ਚੁਣੌਤੀ ਦਿੱਤੀ ਕਿ ਕੈਪਟਨ ਉਨਾਂ ਉਪਰ ਕੇਸ ਕਰਨ ਅਤੇ ਉਹ ਸਾਬਿਤ ਕਰ ਦੇਣਗੇ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਲੁੱਟ ਕੇ ਕਿਸ ਤਰਾਂ ਵਿਦੇਸ਼ਾਂ ਵਿੱਚ ਕਾਲਾ ਧਨ ਜਮਾਂ ਕਰਵਾਇਆ। ਉਨਾਂ ਕਿਹਾ ਕਿ ਕਾਲੇ ਧਨ ਦੇ ਨਾਂਅ ਉਤੇ ਆਮ ਅਤੇ ਗਰੀਬ ਲੋਕਾਂ ਨੂੰ ਦੇਸ਼ ਅੰਦਰ ਲਾਈਨਾਂ ਵਿੱਚ ਖੜਾ ਕਰਨ ਵਾਲੇ ਨਰਿੰਦਰ ਮੋਦੀ ਕੈਪਟਨ ਅਮਰਿੰਦਰ ਸਿੰਘ ਵਰਗੇ ਭ੍ਰਿਸ਼ਟ ਲੋਕਾਂ ਉਤੇ ਕਾਰਵਾਈ ਕਿਓਂ ਨਹੀਂ ਕਰਦੇ। ਕੇਜਰੀਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਨਸ਼ਿਆਂ ਦੇ ਮੁੱਦੇ ਉਤੇ ਬਿਕਰਮ ਸਿੰਘ ਮੀਜੀਠੀਆ ਨੂੰ ਬਚਾਇਆ ਸੀ ਅਤੇ ਬਦਲੇ ਵਿੱਚ ਬਾਦਲਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਘੋਟਾਲਿਆਂ ਦੇ ਕੇਸ ਵਾਪਿਸ ਲੈ ਲਏ।
ਅਰਵਿੰਦ ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਬਾਦਲਾਂ ਦੇ ਰਾਜ ਵਿੱਚ ਦਲਿਤਾਂ ਉਤੇ ਸਭ ਤੋਂ ਜਿਆਦਾ ਅੱਤਿਆਚਾਰ ਹੋਇਆ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਲਿਤਾਂ ਦੇ ਹੱਕ ਅਤੇ ਮਾਣ-ਸਨਮਾਨ ਬਹਾਲ ਕਰੇਗੀ। ਦਲਿਤ ਸਮਾਜ ਦੇ ਨੁਮਾਇੰਦੇ ਨੂੰ ਉਪ ਮੁੱਖ ਮੰਤਰੀ ਬਣਾ ਕੇ ਸੁਖਬੀਰ ਸਿੰਘ ਬਾਦਲ ਦੀ ਕੁਰਸੀ ਉਤੇ ਬਿਠਾਇਆ ਜਾਵੇਗਾ। ਦਲਿਤਾਂ ਨੂੰ 400 ਯੂਨਿਟ ਬਿਜਲੀ ਅਤੇ ਗੈਸ ਕੁਨੈਕਸ਼ਨ ਮੁਫਤ ਦਿੱਤੇ ਜਾਣਗੇ, ਆਟਾ-ਦਾਲ ਸਕੀਮ ਨੂੰ ਵਧਾਇਆ ਜਾਵੇਗਾ ਅਤੇ 25 ਲੱਖ ਨੌਕਰੀਆਂ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ। ਉਨਾਂ ਕਿਹਾ ਕਿ ਦਿੱਲੀ ਦੀ ਤਰਜ ਉਤੇ ਸਰਕਾਰੀ ਹਸਪਤਾਲਾਂ ਵਿੱਚ ਹਰ ਅਮੀਰ-ਗਰੀਬ ਦਾ ਮੁਫਤ ਇਲਾਜ ਹੋਵੇਗਾ ਅਤੇ ਹਰ ਪਿੰਡ ਵਿੱਚ ਸਰਕਾਰੀ ਪੇਂਡੂ ਕਲੀਨਕ ਖੋਲੇ ਜਾਣਗੇ। ਉਨਾਂ ਕਿਹਾ ਕਿ ਸਰਕਾਰੀ-ਪ੍ਰਾਈਮਰੀ ਸਕੂਲਾਂ ਵਿੱਚ 14 ਲੱਖ ਤੋਂ ਜਿਆਦਾ ਦਲਿਤਾਂ ਅਤੇ ਸਧਾਰਨ ਪਰਿਵਾਰਾਂ ਦੇ ਬੱਚਿਆਂ ਨੂੰ ਬਰਾਬਰ ਦੀ ਸਿੱਖਿਆ ਦੇਣ ਲਈ ਸਰਕਾਰੀ ਸਕੂਲਾਂ ਦਾ ਪੱਧਰ ਪ੍ਰਾਈਵੇਟ ਸਕੂਲਾਂ ਤੋਂ ਵਧੀਆ ਕੀਤਾ ਜਾਵੇਗਾ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ (ਘੁੱਗੀ) ਨੇ ਕਿਹਾ ਕਿ ਅਕਾਲੀ, ਕਾਂਗਰਸੀ ਅਤੇ ਭਾਜਪਾ ਵਾਲੇ 70 ਸਾਲਾਂ ਤੋਂ ਭੇਸ ਬਦਲ-ਬਦਲ ਕੇ ਪੰਜਾਬ ਨੂੰ ਲੁੱਟ ਰਹੇ ਹਨ। ਅੱਜ ਪੰਜਾਬ ਦੀ ਜਵਾਨੀ, ਕ੍ਰਿਸਾਨੀ ਅਤੇ ਪਾਣੀ ਬਰਬਾਦ ਕਰ ਦਿੱਤੇ ਹਨ। ਪੰਜਾਬ ਨੂੰ ਹਰ ਪੱਖ ਤੋਂ ਖੋਖਲਾ ਕਰਕੇ ਅਕਾਲੀ ਅਤੇ ਕਾਂਗਰਸੀ ਦੁਬਾਰਾ ਫਿਰ ਤੁਹਾਨੂੰ ਗੁਮਰਾਹ ਕਰਨ ਅਤੇ ਖਰੀਦਣ ਦੀ ਕੋਸ਼ਿਸ਼ ਕਰਨਗੇ। ਲੇਕਿਨ ਤੁਸੀਂ ਆਪਣੇ ਬੱਚਿਆਂ ਅਤੇ ਪੰਜਾਬ ਦੇ ਬਿਹਤਰ ਭਵਿੱਖ ਲਈ ਇਨਾਂ ਨੂੰ ਮੂੰਹ ਨਾ ਲਾਉਣਾ।
ਵੜੈਚ ਨੇ ਕਿਹਾ ਕਿ ਪੰਜਾਬ ਸਮੇਤ ਕਈ ਹੋਰ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਕਾਲੇ ਧਨ ਦੇ ਨਾਂਅ ਉਤੇ ਨੋਟਬੰਦੀ ਲਾਗੂ ਕਰਨਾ ਵੀ ਇੱਕ ਸਾਜਿਸ਼ ਹੈ, ਤਾਂਕਿ ਆਮ ਅਤੇ ਗਰੀਬ ਪਰਿਵਾਰ ਨੂੰ ਐਨਾ ਤੰਗ ਕਰ ਦਿੱਤਾ ਜਾਵੇ ਕਿ ਉਹ 500 ਰੁਪਏ ਨੂੰ ਵੀ ਤਰਸ ਜਾਵੇ, ਤਾਂ ਜੋ ਵੋਟਾਂ ਵੇਲੇ ਉਸਦੀ ਮਜਬੂਰੀ ਦਾ ਫਾਇਦਾ ਲੈ ਕੇ ਉਸ ਨੂੰ ਖਰੀਦਿਆ ਜਾਵੇ।
ਕਰਤਾਰਪੁਰ ਅਤੇ ਆਦਮਪੁਰ ਹਲਕੇ ਵੱਲੋਂ ਆਯੋਜਿਤ ਇਸ ਰੈਲੀ ਵਿੱਚ ਆਦਮਪੁਰ ਤੋਂ ਉਮੀਦਵਾਰ ਹੰਸਰਾਜ ਰਾਣਾ, ਕਰਤਾਰਪੁਰ ਤੋਂ ਉਮੀਦਵਾਰ ਚੰਦਨ ਗਰੇਵਾਲ, ਜਲੰਧਰ ਕੈਂਟ ਤੋਂ ਉਮੀਦਵਾਰ ਐਚ ਐਸ ਵਾਲੀਆ, ਜਲੰਧਰ ਵੈਸਟ ਤੋਂ ਉਮੀਦਵਾਰ ਦਰਸ਼ਨ ਭਗਤ, ਜਲੰਧਰ ਸੈਂਟ੍ਰਲ ਤੋਂ ਉਮੀਦਵਾਰ ਡਾ. ਸੰਜੀਵ ਸ਼ਰਮਾ, ਜਲੰਧਰ ਨਾਰਥ ਤੋਂ ਉਮੀਦਵਾਰ ਗੁਲਸ਼ਨ ਸ਼ਰਮਾ, ਜਲੰਧਰ ਜੋਨ ਕੋਆਰਡੀਨੇਟਰ ਸੁਖਦੀਪ ਸਿੰਘ ਅਤਰਾ, ਪਾਰਟੀ ਆਗੂ ਬੱਬੂ ਨੀਲ ਕੰਠ ਅਤੇ ਹੋਰ ਆਗੂ ਮੰਚ ਉਤੇ ਮੌਜੂਦ ਸਨ।