ਸੋਹੀਆਂ ਵਿਖੇ 22 ਕਰੋੜ ਰੁਪਏ ਦੀ ਲਾਗਤ ਨਾਲ ਸੋਹੀਆਂ ਤੋਂ ਮਜੀਠਾ ਅਤੇ ਬੋਪਾਰਾਏ ਵਾਇਆ ਕਥੂਨੰਗਲ ਦੀ ਸੜਕ ਨੂੰ 23 ਫੁੱਟ ਚੌੜੀ ਕਰਨ ਲਈ ਨੀਂਹ ਪੱਥਰ ਰੱਖਦੇ ਹੋਏ ਸ: ਬਿਕਰਮ ਸਿੰਘ ਮਜੀਠੀਆ ਤੇ ਹੋਰ।
30 ਕਰੋੜ ਲਾਗਤ ਨਾਲ ਬਣਨ ਵਾਲੀਆਂ ਸੋਹੀਆਂ ਤੋਂ ਮਜੀਠਾ, ਮਧੀਪੁਰ ਤੋਂ ਭਾਲੋਵਾਲੀ ਅਤੇ ਵਡਾਲਾ ਤੋਂ ਜਿਜੇਆਣੀ ਸੜਕਾਂ ਦੇ ਨੀਂਹ ਪੱਥਰ ਰੱਖੇ।
ਮਜੀਠਾ 11 ਦਸੰਬਰ () ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਲਈ ਵਿਕਾਸ ਅਹਿਮ ਚੋਣ ਮੁੱਦਾ ਹੋਵੇਗਾ, ਪਰ ਐਸ ਵਾਈ ਐਲ ਅਤੇ ਪੰਜਾਬ ਦੇ ਪਾਣੀਆਂ ਦੀ 70 ਸਾਲਾਂ ਤੋਂ ਕੀਤੀ ਜਾ ਰਹੀ ਲੁੱਟ ਅਤੇ ਬੇ ਇਨਸਾਫੀ ਲਈ ਕਾਂਗਰਸ ਨਿਸ਼ਾਨੇ 'ਤੇ ਰਹੇਗਾ ਹੀ ਸਗੋਂ ਪਾਣੀਆਂ ਲਈ ਪੰਜਾਬ ਦਾ ਵਿਰੋਧ ਕਰਦਿਆਂ ਹਰਿਆਣੇ ਨਾਲ ਖਲੋਣ ਵਾਲਿਆਂ ਵਿਰੁੱਧ ਲੜਾਈ ਵੀ ਇੱਕ ਅਹਿਮ ਮੁੱਦਾ ਰਹੇਗਾ।
ਸ: ਮਜੀਠੀਆ ਅੱਜ ਪਿੰਡ ਸੋਹੀਆਂ ਵਿਖੇ 22 ਕਰੋੜ ਰੁਪਏ ਦੀ ਲਾਗਤ ਨਾਲ ਸੋਹੀਆਂ ਤੋਂ ਮਜੀਠਾ ਅਤੇ ਬੋਪਾਰਾਏ ਵਾਇਆ ਕਥੂਨੰਗਲ ਦੀ 18 ਫੁੱਟ ਸੜਕ ਨੂੰ 23 ਫੁੱਟ ਚੌੜੀ ਕਰਨ ਲਈ ਨੀਂਹ ਪੱਥਰ ਰੱਖਣ ਆਏ ਸਨ। ਇਸ ਦੌਰਾਨ ਉਹਨਾਂ 3.5 ਕਰੋੜ ਦੀ ਲਾਗਤ ਨਾਲ ਮਧੀਪੁਰ ਤੋਂ ਭਾਲੋਵਾਲੀ ਅਤੇ 4 ਕਰੋੜ ਦੀ ਲਾਗਤ ਨਾਲ ਵਡਾਲਾ ਤੋਂ ਜਿਜੇਆਣੀ ਵਾਇਆ ਬੁੱਢਾਥੇਹ ਸੜਕ ਨੂੰ 18 ਫੁੱਟ ਚੌੜੀ ਕਰਨ ਦੇ ਵੀ ਨੀਂਹ ਪੱਥਰ ਰੱਖੇ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ: ਮਜੀਠੀਆ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਸੂਬੇ ਦੇ 138 ਬਲਾਕਾਂ ਵਿੱਚੋਂ 105 ਬਲਾਕ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਹਨ। ਪਾਣੀ ਨਾ ਰਿਹਾ ਤਾਂ ਖੇਤੀ ਤਬਾਹ ਹੋ ਜਾਵੇਗੀ ਅਤੇ ਪੰਜਾਬ ਦੀ ਆਰਥਿਕਤਾ ਤਹਿਸ ਨਹਿਸ ਹੋਣ ਤੋਂ ਬਚਾਇਆ ਨਹੀਂ ਜਾ ਸਕੇਗਾ। ਉਹਨਾਂ ਦੱਸਿਆ ਕਿ ਐਸ ਵਾਈ ਐਲ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸ਼ੁਰੂ ਕਰਾਇਆ ਜਿਸ ਨੂੰ ਬੰਦ ਕਰਨ ਲਈ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਨਹਿਰ ਦੀ ਜ਼ਮੀਨ ਅਸਲ ਮਾਲਕਾਂ ਨੂੰ ਮੁਫ਼ਤ ਵਾਪਸ ਕਰਦਿਤੀਆਂ ਹਨ । ਉਹਨਾਂ ਕਿਹਾ ਕਿ ਪੰਜਾਬ ਕੋਲ ਫਾਲਤੂ ਪਾਣੀ ਨਹੀਂ ਹੈ ਲਿਹਾਜ਼ਾ ਪੰਜਾਬ ਦਾ ਇਹ ਦ੍ਰਿੜ੍ਹ ਸੰਕਲਪ ਹੈ ਕਿ ਇੱਕ ਬੂੰਦ ਪਾਣੀ ਵੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ।
ਦਿਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮਾਝਾ ਫ਼ਤਿਹ ਰੈਲੀ 'ਤੇ ਟਿੱਪਣੀ ਕਰਦਿਆਂ ਸ: ਮਜੀਠੀਆ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਮਾਝਾ ਫ਼ਤਿਹ ਕਰਨ ਦੇ ਹਰੇਕ ਧਾੜਵੀਂ ਅਤੇ ਹੰਕਾਰੀਆਂ ਦੇ ਮਨਸੂਬੇ ਧਰੇ ਧਰਾਏ ਰਹਿ ਗਏ, ਨਾ ਅਹਿਮਦ ਸ਼ਾਹ ਅਬਦਾਲੀ ਤੋਂ ਮਾਝਾ ਫ਼ਤਿਹ ਹੋਇਆ ਨਾ ਸਿਕੰਦਰ ਏ ਆਲਮ ਤੋਂ , ਨਾ ਹੀ ਮਹਿਮੂਦ ਗ਼ਜ਼ਨਵੀ ਅਤੇ ਨਾ ਹੀ ਮੱਸੇ ਰੰਘੜ ਵਰਗਿਆਂ ਦਾ ਸੁਪਨਾ ਪੂਰਾ ਹੋਇਆ, ਲੇਕਿਨ ਮਝੈਲਾਂ ਨੇ ਉਕਤ ਧਾੜਵੀਆਂ ਨੂੰ ਕਰਾਰਾ ਸਬਕ ਜ਼ਰੂਰ ਸਿਖਾਇਆ।ਉਹਨਾਂ ਕਿਹਾ ਕਿ ਸਮਾਂ ਨੇੜੇ ਆ ਰਿਹਾ ਹੈ ਅਤੇ ਮਾਝੇ ਦੇ ਲੋਕ ਦਸ ਦੇਣਗੇ ਕਿ ਕੌਣ ਕਿਸ ਨੂੰ ਫ਼ਤਿਹ ਕਰਦਾ ਹੈ। ਪੰਜਾਬ ਨੂੰ ਲੁੱਟਣ ਦੇ ਇਰਾਦੇ ਨਾਲ ਆਏ ਦਿੱਲੀ ਦੇ ਮੌਜੂਦਾ ਧਾੜਵੀਆਂ ਨੂੰ ਮਝੈਲਾਂ ਨੇ ਅਜਿਹਾ ਮੂੰਹ ਤੋੜਵਾਂ ਜਵਾਬ ਦੇਣਾ ਹੈ ਕਿ ਇਹ ਲੋਕ ਅੱਗੇ ਤੋਂ ਪੰਜਾਬ ਵਲ ਮੂੰਹ ਨਹੀਂ ਕਰ ਸਕਣਗੇ। ਉਹਨਾਂ ਕਿਹਾ ਕਿ 'ਆਪ' ਵੱਲੋਂ ਮਜੀਠੇ ਦੀ ਰੈਲੀ ਲਈ ਪੂਰੇ ਪੰਜਾਬ ਨੂੰ ਸਦਾ ਦੇਣਾ ਆਪ ਦੇ ਮਜੀਠੇ ਦੇ ਆਗੂਆਂ 'ਤੇ ਕੇਜਰੀਵਾਲ ਦਾ ਵਿਸ਼ਵਾਸ ਨਾ ਰਹਿਣ ਦਾ ਸਬੂਤ ਹੈ। ਉਹਨਾਂ ਕਿਹਾ ਕਿ ਕੇਜਰਵਾਲ ਵੱਲੋਂ ਲੋਕਾਂ ਨੂੰ ਭਰਮਾਉਣ ਲਈ ਮਾਰੇ ਗਏ ਝੂਠ ਨੇ ਹੀ ਇਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕਾ ਦਿੱਤਾ ਹੈ।ਇਹਨਾਂ ਨੂੰ ਪਤਾ ਲਗ ਚੁਕਾ ਹੈ ਕਿ ਪੰਜਾਬ ਦੇ ਲੋਕ ਇਹਨਾਂ 'ਤੇ ਕਿਸੇ ਤਰਾਂ ਵੀ ਵਿਸ਼ਵਾਸ ਨਹੀਂ ਕਰਨਗੇ।
ਸ: ਮਜੀਠੀਆ ਨੇ ਕਿਹਾ ਕਿ ਟਿਕਟਾਂ ਦੀ ਵੰਡ ਨੂੰ ਲੈ ਕੇ ਪੂਰੀ ਕਾਂਗਰਸ ਪਾਰਟੀ ਵਿੱਚ ਹੀ ਆਪਸੀ ਵਿਰੋਧ ਅਤੇ ਤਣਾਓ ਵਧ ਗਿਆ ਹੈ । ਕੈਪਟਨ ਨੂੰ ਪ੍ਰਤਾਪ ਬਾਜਵਾ, ਬੀਬੀ ਭੱਠਲ , ਸ਼ਮਸ਼ੇਰ ਦੂਲੋ, ਸ: ਬਿੱਟੂ ਅਤੇ ਨਵਜੋਤ ਸਿੱਧੂ ਤਕ ਵੀ ਆਪਣਾ ਲੀਡਰ ਮੰਨ ਕੇ ਰਾਜ਼ੀ ਨਹੀਂ ਹਨ। ਇਹੀ ਕਾਰਨ ਹੈ ਕਿ ਕੈਪਟਨ ਨੂੰ ਕਾਂਗਰਸ ਨੇ ਅੱਜ ਤੱਕ ਮੁੱਖ ਮੰਤਰੀ ਉਮੀਦਵਾਰ ਵਜੋਂ ਪੇਸ਼ ਨਹੀਂ ਕੀਤਾ। ਉਹਨਾਂ ਕਿਹਾ ਕਿ ਕੈਪਟਨ ਨੇ ਅੰਮ੍ਰਿਤਸਰ ਹਲਕੇ ਦੀ ਵਕਾਲਤ ਨਾ ਕਰ ਕੇ ਇਲਾਕੇ ਦਾ ਵੱਡਾ ਨੁਕਸਾਨ ਕੀਤਾ ਹੈ। ਕੈਪਟਨ ਆਪਣੀਆਂ ਸ਼ਾਹੀ ਆਦਤਾਂ ਸਦਕਾ ਆਪਣਾ ਵਿਸ਼ਵਾਸ ਗਵਾ ਲਿਆ ਹੈ ਹੁਣ ਉਹ ਮੋਬਾਈਲ ਹੀ ਨਹੀਂਂ ਸਗੋਂ ਮੋਬਾਈਲਾਂ ਨੂੰ ਚਾਰਜ ਕਰ ਕੇ ਦੇਣ ਦਾ ਵਾਅਦਾ ਵੀ ਕਰ ਲੈਣ ਪਰ ਨੌਜਵਾਨ ਉਸ ਦੇ ਝਾਂਸੇ ਵਿੱਚ ਨਹੀਂ ਆਉਣਗੇ। ਉਹਨਾਂ ਮਾਹੌਲ ਖਰਾਬ ਕਰਨ ਦੀ ਤਾਕ ਵਿੱਚ ਲੱਗੇ ਲੋਕਾਂ ਤੋਂ ਸੁਚੇਤ ਰਹਿਣ ਦੀ ਲੋੜ 'ਤੇ ਜ਼ੋਰ ਦਿੱਤਾ ਤੇ ਕਿਹਾ ਕਿ ਮਜੀਠਾ ਹਲਕੇ ਨੂੰ ਵਿਕਾਸ ਪੱਖੋਂ ਨੰਬਰ ਇੱਕ 'ਤੇ ਲਿਜਾਣਾ ਉਹਨਾਂ ਦੀ ਦਿੱਲੀ ਖਵਾਇਸ ਰਿਹਾ ਜਿਸ ਲਈ ਉਹਨਾਂ ਕੰਮ 'ਚ ਕੋਈ ਕਸਰ ਨਹੀਂ ਛੱਡੀ ਜਿਸ ਨੂੰ ਉਹ ਅੱਗੇ ਤੋਂ ਵੀ ਜਾਰੀ ਰੱਖਣਗੇ।
ਇਸ ਮੌਕੇ ਉੱਚ ਅਧਿਕਾਰੀਆਂ ਤੋਂ ਇਲਾਵਾ ਸ: ਰਾਜ ਮਹਿੰਦਰ ਸਿੰਘ ਮਜੀਠਾ,ਜੋਧ ਸਿੰਘ ਸਮਰਾ, ਹਰਵਿੰਦਰ ਸਿੰਘ ਪੱਪੂ ਕੋਟਲਾ,ਸਰਪੰਚ ਸਵਿੰਦਰ ਸਿੰਘ ਵਰਪਾਲ, ਸਰਪੰਚ ਨਿਸ਼ਾਨ ਸਿੰਘ ਸੋਹੀਆਂ, ਸਰਪੰਚ ਬਲਰਾਜ ਸਿੰਘ ਦਬੁਰਜੀ, ਸਰਪੰਚ ਕੁੰਦਣ ਸਿੰਘ ਵਡਾਲਾ, ਸਰਪੰਚ ਸੁਖਚੈਨ ਸਿੰਘ ਭੋਮਾ, ਸਰਪੰਚ ਨਿਰਮਲ ਸਿੰਘ ਵੀਰਮ, ਸਰਪੰਚ ਬਲਰਾਜ ਸਿੰਘ ਪੰਧੇਰ ਕਲਾਂ, ਸਰਪੰਚ ਪੂਰਨ ਸਿੰਘ ਜੌਹਲ, ਸਰਪੰਚ ਸਵਿੰਦਰ ਸਿੰਘ ਬੁਢਾਥੇਹ, ਸਰਪੰਚ ਰੇਸ਼ਮ ਸਿੰਘ ਪੰਧੇਰ, ਸਰਪੰਚ ਕੇਵਲ ਸਿੰਘ ਮੱਧੀਪੁਰ,ਕੁਲਵੰਤ ਸਿੰਘ ਮਧੀਪੁਰ, ਜੋਗਾ ਸਿੰਘ, ਸਰਪੰਚ ਬਲਵਿੰਦਰ ਸਿੰਘ ਭਾਲੋਵਾਲ, ਲਖਵੰਤ ਸਿੰਘ ਗਿਲ, ਗਿਆਨ ਸਿੰਘ ਨੰਬਰਦਾਰ, ਕਾਬਲ ਸਿੰਘ,ਜਗੀਰ ਸਿੰਘ, ਤਰਸੇਮ ਸਿੰਘ ਸਾ: ਸਰਪੰਚ, ਦਰਸ਼ਨ ਨੰਬਰਦਾਰ, ਸੁਰਜੀਤ ਸਿੰਘ, ਨੰਬਰਦਾਰ ਕਸ਼ਮੀਰ ਸਿੰਘ ਆਦਿ ਮੌਜੂਦ ਸਨ।