ਚੰਡੀਗੜ੍ਹ, 11 ਦਸੰਬਰ, 2016 : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ 'ਮੋਦੀ ਫੋਬੀਆ' ਹੋ ਗਿਆ ਹੈ, ਜਿਸ ਕਰਕੇ ਉਨ੍ਹਾਂ ਨੂੰ ਹਰ ਗੱਲ ਪਿੱਛੇ ਸ੍ਰੀ ਮੋਦੀ ਹੀ ਨਜ਼ਰ ਆਉਂਦੇ ਹਨ। ਪਾਰਲੀਮੈਂਟ ਦੀ ਸੁਰੱਖਿਆ ਨੂੰ ਦਾਅ 'ਤੇ ਲਾਉਣ ਵਾਲੇ ਭਗਵੰਤ ਮਾਨ ਨੂੰ ਸੰਸਦ ਦੇ ਸੈਸ਼ਨ ਵਿਚੋਂ ਬਾਹਰ ਕਰਨ ਦੇ ਫੈਸਲੇ ਤੋਂ ਬਾਅਦ ਕੇਜਰੀਵਾਲ ਨੇ ਇਸ ਮਾਮਲੇ 'ਚ ਸ੍ਰੀ ਮੋਦੀ ਦਾ ਨਾਮ ਲਿਆ ਹੈ, ਜਿਸ ਉਤੇ ਸ੍ਰੀ ਸਾਂਪਲਾ ਨੇ ਕਿਹਾ ਕਿ ਸੰਸਦੀ ਕਮੇਟੀ ਦੀ ਸਿਫ਼ਾਰਿਸ਼ 'ਤੇ ਸਪੀਕਰ ਵਲੋਂ ਦਿੱਤੇ ਫੈਸਲੇ ਉਤੇ ਕੇਜਰੀਵਾਲ ਨੂੰ ਨੁਕਤਾਚੀਨੀ ਕਰਨ ਦੀ ਜਗ੍ਹਾ ਇਸਨੂੰ ਸਵੀਕਾਰ ਕਰਨਾ ਚਾਹੀਦਾ ਹੈ।
ਵਿਜੇ ਸਾਂਪਲਾ ਨੇ ਕਿਹਾ ਕਿ ਸੰਸਦੀ ਕਮੇਟੀ ਵਿਚ ਭਾਜਪਾ ਨੂੰ ਛੱਡਕੇ ਬਾਕੀ ਦਲਾਂ ਦੇ ਮੈਂਬਰ ਸ਼ਾਮਲ ਸਨ, ਜਦਕਿ ਸਪੀਕਰ ਦਾ ਇਕ ਅਹਿਮ ਸੰਵਿਧਾਨਿਕ ਅਹੁਦਾ ਹੋਣ ਕਰਕੇ ਉਨ੍ਹਾਂ ਦੇ ਨਿਰਣੇ ਹਰ ਮੈਂਬਰ ਵਲੋਂ ਸਵੀਕਾਰ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਕੋਲ ਮੁੱਖ ਮੰਤਰੀ ਦਾ ਸੰਵਿਧਾਨਿਕ ਅਹੁਦਾ ਹੈ, ਪਰੰਤੂ ਇਸਦੇ ਬਾਵਜੂਦ ਉਸਨੂੰ ਸੰਸਦ ਦੀ ਮਰਿਆਦਾ ਤੇ ਨਿਯਮਾਂ ਦੀ ਹੀ ਸਮਝ ਨਹੀਂ ਹੈ। ਸ੍ਰੀ ਸਾਂਪਲਾ ਨੇ ਕਿਹਾ ਕਿ ਦਿੱਲੀ 'ਚ ਮੁੱਖ ਮੰਤਰੀ ਖੁਦ ਕੇਜਰੀਵਾਲ ਹੈ, ਪਰੰਤੂ ਬਿਜਲੀ-ਪਾਣੀ ਦੀ ਕਮੀਂ, ਘਟੀਆ ਸਫ਼ਾਈ ਵਿਵਸਥਾ ਜਾਂ ਹਸਪਤਾਲਾਂ ਦੇ ਮਾੜੇ ਪ੍ਰਬੰਧਾਂ ਨੂੰ ਸੁਧਾਰਨ ਦੀ ਜਗ੍ਹਾ ਇਸ ਪਿੱਛੇ ਪ੍ਰਧਾਨ ਮੰਤਰੀ ਨੂੰ ਕਸੂਰਵਾਰ ਦੱਸਦੇ ਹਨ। ਉਨ੍ਹਾਂ ਕਿਹਾ ਕਿ ਇਹ ਕੇਜਰੀਵਾਲ ਦੀ ਆਦਤ ਬਣ ਚੁੱਕੀ ਹੈ ਕਿ ਉਹ ਆਪਣੀਆਂ ਨਾਕਾਮੀਆਂ ਦਾ ਇਲਜ਼ਾਮ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਸ੍ਰੀ ਸਾਂਪਲਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਉਸਦੀ ਪਾਰਟੀ ਦਾ ਦਿੱਲੀ ਵਿਚ ਸੱਚ ਸਾਹਮਣੇ ਆ ਚੁੱਕਿਆ ਹੈ ਅਤੇ ਪੰਜਾਬ ਵਿਚ ਉਸਨੂੰ ਆਪਣੇ ਹੀ ਆਗੂਆਂ ਤੇ ਵਰਕਰਾਂ ਦੇ ਜ਼ਬਰਦਸਤ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਰਕੇ ਬੁਖਲਾਹਟ ਵਿਚ ਕੇਜਰੀਵਾਲ ਤੇ ਉਸਦੇ ਕੁਝ ਆਗੂ ਆਪਣਾ ਆਪਾ ਗੁਆ ਬੈਠਦੇ ਹਨ। ਸ੍ਰੀ ਸਾਂਪਲਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਬੜੀ ਸੂਝਵਾਨ ਹੈ ਅਤੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਾਲੀ ਸਰਕਾਰ ਅਤੇ ਪੰਜਾਬ ਦੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਵਿਕਾਸ ਕਾਰਜਾਂ 'ਤੇ ਮੋਹਰ ਲਗਾਉਂਦੇ ਹੋਏ ਸੂਬੇ 'ਚ ਤੀਸਰੀ ਵਾਰ ਗੱਠਜੋੜ ਨੂੰ ਸੇਵਾ ਦਾ ਮੌਕਾ ਦੇਵੇਗੀ।