ਲੁਧਿਆਣਾ, 11 ਦਸੰਬਰ, 2016 : ਆਮ ਆਦਮੀ ਪਾਰਟੀ ਦੇ 2017 ਪੰਜਾਬ ਚੋਣਾਂ ਲਈ ਬਣਾਏ ਜਾ ਰਹੇ ਚੋਣ ਮਨੋਰਥ ਪੱਤਰ ਵਿਚ ਅਪਾਹਿਜ ਵਿਅਕਤੀਆਂ ਲਈ ਖਾਸ ਤਰਾਂ ਦੀਆਂ ਸੁਵਿਧਾਵਾਂ ਦਾ ਜਿਕਰ ਕੀਤਾ ਜਾਵੇਗਾ। ਅਪਾਹਿਜਾਂ ਦੇ ਮੰਡਲ ਅਪੰਗ-ਸਵਾਂਗ ਲੋਕ ਮੰਚ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਵਾਅਦਾ ਕੀਤਾ।
ਕੇਜਰੀਵਾਲ ਨੇ ਕਿਹਾ ਕਿ ਇਸ ਸਮੇਂ ਸੂਬੇ ਵਿਚ 10 ਲੱਖ ਦੇ ਕਰੀਬ ਅਪਾਹਿਜ ਲੋਕ ਹਨ ਜੋ ਕਿ ਕਰੀਬ 7 ਲੱਖ ਪਰਿਵਾਰਾਂ ਨੂੰ ਪ੍ਰਭਾਵਿਤ ਕਰਦੇ ਹਨ। ਮੰਡਲ ਦੇ ਨੁਮਾਇੰਦਿਆਂ ਨੂੰ ਵਾਅਦਾ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਉਨਾਂ ਦੁਆਰਾ ਦਿੱਤਾ ਮੰਗ ਪੱਤਰ ਤੋਂ ਬਿਨਾ ਹੋਰ ਸੁਵਿਧਾਵਾਂ ਵੀ ਦਿੱਤੀਆਂ ਜਾਣਗੀਆਂ।
ਬਲਵਿੰਦਰ ਸਿੰਘ ਪ੍ਰਧਾਨ ਏਐਸਯੂਐਲ ਨੇ ਕੇਜਰੀਵਾਲ ਦੁਆਰਾ ਉਨਾਂ ਦੀਆਂ ਮੰਗਾਂ ਨੂੰ ਧਿਆਨ ਪੂਰਵਕ ਸੁਣਨ ਅਤੇ ਉਨਾਂ ਦੇ ਹੱਲ ਦਾ ਵਾਅਦਾ ਕਰਨ ਲਈ ਧੰਨਵਾਦ ਕੀਤਾ। ਉਨਾਂ ਨੇ ਕੇਜਰੀਵਾਲ ਨੂੰ ਫਰੰਟ ਦੁਆਰਾ ਜਲਦ ਹੀ ਆਯੋਜਿਤ ਕੀਤੀ ਜਾਣ ਵਾਲੀ ਰੈਲੀ ਲਈ ਵੀ ਸੱਦਾ ਦਿੱਤਾ। ਜਿਸ ਵਿਚ ਕਿ 25 ਹਜਾਰ ਦੇ ਕਰੀਬ ਇਸ ਵਰਗ ਨਾਲ ਸੰਬੰਧਤ ਵਿਅਕਤੀ ਪਹੁੰਚਣਗੇ। ਕੇਜਰੀਵਾਲ ਨੇ ਨਿਮਰਤਾ ਸਹਿਤ ਸੱਦੇ ਨੂੰ ਕਬੂਲ ਕਰ ਲਿਆ।