ਜਲੰਧਰ, 12 ਦਸੰਬਰ, 2016 : ਪੰਜਾਬ ਵਿਧਾਨ ਸਭਾ ਚੋਣਾਂ 2017 ਦੇ ਮੱਦੇਨਜ਼ਰ ਭਾਰਤੀ ਚੋਣ ਕਮਿਸ਼ਨ ਵਲੋਂ ਰਿਟਰਨਿੰਗ ਅਫਸਰਾਂ ਨੂੰ ਚੋਣ ਪ੍ਰਕ੍ਰਿਆ ਨਾਲ ਜੁੜੇ ਵੱਖ-ਵੱਖ ਪਹਿਲੂਆਂ ਸਬੰਧੀ ਕਰਵਾਈ ਗਈ ਸਿਖਲਾਈ ਦਾ ਮੁਲਾਂਕਣ ਕਰਨ ਲਈ ਚੋਣ ਕਮਿਸ਼ਨ ਦੀ ਇਕ ਉੱਚ ਪੱਧਰੀ ਟੀਮ ਵਲੋਂ ਜਲੰਧਰ ਦਾ ਦੌਰਾ ਕੀਤਾ ਗਿਆ।
ਚੋਣ ਕਮਿਸ਼ਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਐਸ.ਬੀ. ਜੋਸ਼ੀ ਸਕੱਤਰ ਭਾਰਤੀ ਚੋਣ ਕਮਿਸ਼ਨ, ਭਵਾਨੀ ਪ੍ਰਸ਼ਾਦ ਰੇਅ ਜੁਆਇੰਟ ਮੁੱਖ ਚੋਣ ਅਫਸਰ ਓੜੀਸਾ , ਸਿਬਨ ਸੀ, ਵਧੀਕ ਮੁੱਖ ਚੋਣ ਅਫਸਰ ਪੰਜਾਬ ਤੇ ਐਨ. ਮੋਆ ਅਈਅਰ ਸੰਯੁਕਤ ਮੁੱਖ ਚੋਣ ਅਫਸਰ, ਨਾਗਾਲੈਂਡ ਦੀ ਸ਼ਮੂਲੀਅਤ ਵਾਲੀ ਟੀਮ ਵਲੋਂ ਪੰਜਾਬ ਦੇ 11 ਜਿਲਿਆਂ ਦੇ ਰਿਟਰਨਿੰਗ ਅਫਸਰਾਂ ਨੂੰ 3 ਤੋਂ 6 ਅਕਤੂਬਰ 2016 ਨੂੰ ਦਿੱਤੀ ਗਈ ਸਿਖਲਾਈ ਦਾ ਸਵਾਲ ਜਵਾਬ ਦੀ ਵਿਧੀ ਰਾਹੀਂ ਮੁਲਾਂਕਣ ਕੀਤਾ ਗਿਆ। ਇਨ੍ਹਾਂ ਜਿਲਿਆਂ ਵਿਚ ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ, ਸ਼ਹੀਦ ਭਗਤ ਸਿੰਘ ਨਗਰ, ਤਰਨਤਾਰਨ, ਗੁਰਦਾਸਪੁਰ, ਪਠਾਨਕੋਟ, ਮੋਗਾ , ਫਾਜ਼ਲਿਕਾ ਤੇ ਫਿਰੋਜ਼ਪੁਰ ਸ਼ਾਮਿਲ ਹਨ।
ਚੋਣ ਕਮਿਸ਼ਨ ਦੀ ਟੀਮ ਵਲੋਂ ਇਨ੍ਹਾਂ 11 ਜਿਲਿਆਂ ਦੇ 70 ਦੇ ਕਰੀਬ ਰਿਟਰਨਿੰਗ ਅਫਸਰਾਂ ਨੂੰ ਇਕੱਲੇ-ਇਕੱਲੇ ਤੌਰ 'ਤੇ ਬੁਲਾਕੇ ਉਨ੍ਹਾਂ ਨੂੰ ਦਿੱਤੀ ਗਈ ਸਿਖਲਾਈ, ਚੋਣ ਪ੍ਰਕ੍ਰਿਆ ਦੌਰਾਨ ਪੈਦਾ ਹੋਣ ਵਾਲੀਆਂ ਸੰਭਾਵੀ ਸਥਿਤੀਆਂ ਤੇ ਉਨ੍ਹਾਂ ਦੇ ਹੱਲ ਲਈ ਚੁੱਕੇ ਜਾਣ ਵਾਲੇ ਕਦਮਾਂ, ਨਾਮਜਗਦੀਆਂÎ ਤੇ ਉਨ੍ਹਾਂ ਦੀ ਪੜਤਾਲ, ਚੋਣ ਖਰਚ, ਮੋਨੀਟਰਿੰਗ ਟੀਮਾਂ, ਈ.ਵੀ.ਐਮਜ਼ ਰਾਹੀਂ ਵੋਟਿੰਗ ਅਤੇ ਪੋਲਿੰਗ ਸਟੇਸ਼ਨਾਂ 'ਤੇ ਕੀਤੇ ਜਾਣ ਵਾਲੇ ਪ੍ਰਬੰਧਾਂ ਆਦਿ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ।