ਫਰੀਦਕੋਟ, 12 ਦਸੰਬਰ, 2016 : ਪੰਜਾਬ ਦੇ ਉੱਪ ਮੁੱਖ ਮੰਤਰੀ ਸ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਾਬਕਾ ਕੈਬਨਿਟ ਮੰਤਰੀ ਪੰਜਾਬ ਅਤੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸ. ਅਵਤਾਰ ਸਿੰਘ ਬਰਾੜ ਦੇ ਫਰੀਦਕੋਟ ਸਥਿਤ ਗ੍ਰਹਿ ਵਿਖੇ ਉਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਸ. ਬਰਾੜ ਲੰਬੀ ਬਿਮਾਰੀ ਮਗਰੋ 77 ਸਾਲ ਦੀ ਉਮਰ ਵਿਚ ਸਵਰਗ ਸਿਧਾਰ ਗਏ ਸਨ।
ਬਰਾੜ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸ. ਬਰਾੜ ਸਾਰੀ ਉਮਰ ਨੈਤਿਕ ਕਦਰਾਂ ਕੀਮਤਾਂ 'ਤੇ ਪਹਿਰਾ ਦਿੰਦੇ ਹੋਏ ਸਿਧਾਂਤਾ ਤੇ ਮਜ਼ਬੂਤੀ ਨਾਲ ਚਲਦੇ ਰਹੇ । ਉਨ੍ਹਾਂ ਕਿਹਾ ਕਿ ਸਦਾ ਗਰੀਬ ਅਤੇ ਲੋੜਵੰਦ ਲੋਕਾਂ ਦੀ ਭਲਾਈ ਦੇ ਯਤਨਸ਼ੀਲ ਰਹੇ ਸ. ਬਰਾੜ ਦੀ ਮੌਤ ਨਾਲ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਘਾਟਾ ਪਿਆ ਹੈ ਉੱਥੇ ਸਮਾਜ ਇਕ ਨਾ ਪੂਰਿਆ ਜਾ ਸਕਣ ਵਾਲਾ ਖਲਾਅ ਪੈਦਾ ਹੋ ਗਿਆ ਹੈ। ਸ. ਬਾਦਲ ਨੇ ਪਰਮਾਤਮਾ ਅੱਗੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਦੀ ਅਰਦਾਸ ਵੀ ਕੀਤੀ।
ਇਸ ਮੌਕੇ ਬੀਬੀ ਮਨਜੀਤ ਕੌਰ ਸੁਪਤਨੀ ਸ. ਅਵਤਾਰ ਸਿੰਘ ਬਰਾੜ, ਸਪੁੱਤਰ ਸ. ਨਵਦੀਪ ਸਿੰਘ ਬੱਬੂ ਬਰਾੜ, ਪੋਤਰਾ ਤਨਵੀਰ ਬਰਾੜ, ਜਵਾਈ ਗੁਰਮੀਤ ਸਿੰਘ ਢਿੱਲੋਂ, ਸ. ਮਨਤਾਰ ਸਿਘ ਬਰਾੜ, ਸ੍ਰੀ ਦੀਪ ਮਲਹੋਤਰਾ ਵਿਧਾਇਕ, ਚੇਅਰਮੈਨ ਪੰਜਾਬ ਯੁਵਕ ਵਿਕਾਸ ਬੋਰਡ ਸ. ਪਰਮਬੰਸ ਸਿੰਘ ਬੰਟੀ ਰੋਮਾਣਾ, ਸੀਨੀਅਰ ਪੁਲਿਸ ਕਪਤਾਨ ਸ. ਦਰਸ਼ਨ ਸਿੰਘ ਮਾਨ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਕੇਸ਼ਵ ਹਿੰਗੋਨੀਆ, ਸੂਬਾ ਸਿੰਘ ਬਾਦਲ, ਜਥੇਦਾਰ ਲਖਵੀਰ ਸਿੰਘ ਅਰਾਈਆਂ ਵਾਲਾ, ਮੱਘਰ ਸਿੰਘ ਸੀਨੀਅਰ ਅਕਾਲੀ ਆਗੂ, ਚੇਅਰਮੈਨ ਮਾਰਕਿਟ ਕਮੇਟੀ ਸ. ਗੁਰਤੇਜ ਸਿੰਘ ਗਿੱਲ ਤੋਂ ਇਲਾਵਾ ਅਕਾਲੀ ਦਲ-ਭਾਜਪਾ ਵਰਕਰ ਹਾਜ਼ਰ ਸਨ।