ਚੰਡੀਗੜ੍ਹ, 12 ਦਸੰਬਰ, 2016 : ਕਾਂਗਰਸ ਅਤੇ ਆਪ ਦੋਵੇਂ ਦਲਬਦਲੂਆਂ ਦੇ ਆਸਰੇ ਸੱਤਾ ਦੀ ਜੰਗ ਜਿੱਤਣ ਦਾ ਭਰਮ ਪਾਲ ਰਹੀਆਂ ਹਨ, ਜਦਕਿ ਅਕਾਲੀ ਦਲ ਆਪਣੇ ਬਲਬੂਤੇ ਚੋਣ ਮੈਦਾਨ ਵਿਚ ਪੱਕੇ ਪੈਰੀਂ ਅੱਗੇ ਵਧ ਰਿਹਾ ਹੈ। ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਲੋਕ ਸਭਾ ਮੈਂਬਰ ਸ਼ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਥੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਹੇ। ਉਹ ਕਾਂਗਰਸ ਪ੍ਰਧਾਨ ਮਹਾਰਾਜਾ ਅਮਰਿੰਦਰ ਸਿੰਘ ਵੱਲੋਂ ਐਤਵਾਰ ਨੂੰ ਦਿੱਤੇ ਬਿਆਨ ਕਿ ਪੰਜਾਬ ਵਿਚ ਮੁੱਖ ਮੁਕਾਬਲਾ ਕਾਂਗਰਸ ਅਤੇ ਆਪ ਵਿਚਕਾਰ ਹੈ, ਉੱਤੇ ਟਿੱਪਣੀ ਕਰ ਰਹੇ ਸਨ। ਸ਼ ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਅਤੇ ਆਪ ਦੋਵਾਂ ਵਿਚਕਾਰ ਇੱਕ ਦੂਜੇ ਦੇ ਆਗੂਆਂ ਨੂੰ ਤੋੜਣ-ਰਲਾਉਣ ਦੀ ਮੁਕਾਬਲਾ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ। ਪਰ ਉਧਾਰੇ ਖੰਭਾਂ ਨਾਲ ਕਦੇ ਵੀ ਸਿਆਸੀ ਜੰਗ ਨਹੀਂ ਜਿੱਤੀ ਜਾਂਦੀ। ਉਹਨਾਂ ਕਿਹਾ ਕਿ ਅਕਾਲੀ ਦਲ ਇਹ ਲੜਾਈ ਆਪਣੇ ਪੱਕੇ ਸਿਪਾਹੀਆਂ ਦੇ ਸਿਰ 'ਤੇ ਲੜ ਰਿਹਾ ਹੈ। ਜਿਸ ਕਰਕੇ ਦਲਬਦਲੂਆਂ ਦੀ ਰਾਜਨੀਤੀ ਕਰਨ ਵਾਲੇ ਚੋਣਾਂ ਦੌਰਾਨ ਅਕਾਲੀਆਂ ਅੱਗੇ ਕੱਖਾਂ-ਕਾਨਿਆਂ ਵਾਂਗ ਉੱਡਦੇ ਨਜ਼ਰ ਆਉਣਗੇ।
ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਦੀ ਸਿਆਸੀ ਹਾਲਤ ਇੰਨੀ ਪਤਲੀ ਹੋ ਚੁੱਕੀ ਹੈ ਕਿ ਉਹ ਅਕਾਲੀ ਦਲ ਦੇ ਨਕਾਰੇ ਅਤੇ ਥੱਕੇ ਹੋਏ ਆਗੂਆਂ ਨੂੰ ਚੋਣ ਮੈਦਾਨ ਵਿਚ ਉਤਰਾਨ ਲਈ ਤਰਲੋਮੱਛੀ ਹੋ ਰਹੀ ਹੈ। ਮਹਾਰਾਜੇ ਨੇ ਅਕਾਲੀ ਦਲ ਵਿਚੋਂ ਬਾਹਰ ਸੁੱਟੇ ਸਾਰੇ ਮਲਬੇ ਨੂੰ ਇੱਕਠਾ ਕਰਕੇ ਕਾਂਗਰਸ ਦੇ ਵਿਹੜੇ ਅੰਦਰ ਸੁਟਵਾ ਲਿਆ ਹੈ। ਉਹਨਾਂ ਕਿਹਾ ਕਿ ਆਪ ਦੀ ਹਾਲਤ ਇਹ ਹੈ ਕਿ ਇਹ ਪੰਜਾਬੀਆਂ ਉੱਤੇ ਭਰੋਸਾ ਹੀ ਨਹੀਂ ਕਰਦੀ। ਪਹਿਲਾਂ ਇਸ ਪਾਰਟੀ ਨੂੰ ਚਲਾਉਣ ਵਾਲੇ ਦਿੱਲੀ ਤੋਂ ਆਏ ਸਨ ਅਤੇ ਹੁਣ ਇਸ ਨੇ ਚੋਣਾਂ 'ਚ ਉਤਾਰਨ ਵਾਸਤੇ ਉਮੀਦਵਾਰ ਵੀ ਦਿੱਲੀ ਤੋ ਲਿਆਉਣ ਦੀ ਯੋਜਨਾ ਬਣਾ ਲਈ ਹੈ।
ਚੰਦੂਮਾਜਰਾ ਨੇ ਕਿਹਾ ਕਿ ਇਹ ਦੋਵੇਂ ਪਾਰਟੀਆਂ ਦੇ ਬਹੁ ਗਿਣਤੀ ਉਮੀਦਵਾਰਾਂ ਦੀ ਜ਼ਮਾਨਤਾਂ ਜ਼ਬਤ ਹੋਣਗੀਆਂ ਅਤੇ ਅਕਾਲੀ-ਭਾਜਪਾ ਗਠਜੋੜ ਲਗਾਤਾਰ ਤੀਜੀ ਵਾਰ ਸੱਤਾ 'ਚ ਆ ਕੇ ਇਤਿਹਾਸ ਸਿਰਜੇਗਾ।