ਹਰੀਕੇ (ਫਿਰੋਜ਼ਪੁਰ/ਤਰਨਤਾਰਨ), 12 ਦਸੰਬਰ, 2016 : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਉਤਰੀ ਭਾਰਤ ਦੇ ਆਪਣੀ ਕਿਸਮ ਦੇ ਪਹਿਲੇ ਸੁਪਨਮਈ ਪ੍ਰੋਜੈਕਟ- ਜਲ-ਥਲੀ ਬੱਸ ਦਾ ਮੱਖੂ ਨੇੜੇ ਹਰੀਕੇ ਪੱਤਣ ਵਿਖੇ ਉਦਘਾਟਨ ਕੀਤਾ ਅਤੇ ਮੀਡੀਆ ਨਾਲ ਖੁਦ ਬੱਸ ਵਿਚ ਬੈਠ ਕੇ ਸਤਲੁਜ-ਬਿਆਸ ਦਰਿਆ ਦੇ ਸੰਗਮ ਉਤੇ ਹਰੀਕੇ ਝੀਲ ਵਿਚ ਇਸ ਬੱਸ ਰਾਹੀਂ ਗੇੜਾ ਵੀ ਲਗਾਇਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ. ਬਾਦਲ ਨੇ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਜੋ ਵੀ ਵਾਅਦਾ ਕੀਤਾ ਉਹ ਪੂਰਾ ਕੀਤਾ ਹੈ ਅਤੇ ਕਾਂਗਰਸ ਤੇ ਆਮ ਆਦਮੀ ਪਾਰਟੀਆਂ ਦੇ ਆਗੂ ਜਲ-ਥਲੀ ਬੱਸ ਨੂੰ ਲੈ ਕੇ ਜੋ ਆਲੋਚਨਾ ਕਰਦੇ ਸਨ ਹੁਣ ਸਭ ਦਾ ਮੂੰਹ ਬੰਦ ਹੋ ਗਿਆ ਹੈ। ਉਨ੍ਹਾਂ ਆਪਣੇ ਸਿਆਸੀ ਵਿਰੋਧੀਆਂ ਨੂੰ ਸੱਦਾ ਦਿੱਤਾ ਕਿ ਉਹ ਖੁਦ ਆ ਕੇ ਇਸ ਜਲ-ਥਲੀ ਬੱਸ ਰਾਹੀਂ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣ ਸਕਦੇ ਹਨ।
ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲਾਂ ਦੌਰਾਨ ਉਨ੍ਹਾਂ ਦਾ ਅਗਲਾ ਟੀਚਾ ਪਵਿੱਤਰ ਨਗਰ ਅੰਮ੍ਰਿਤਸਰ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਨੂੰ ਵਿਰਾਸਤੀ ਦਿੱਖ ਪ੍ਰਦਾਨ ਕਰਕੇ ਖੂਬਸੂਰਤ ਬਣਾਉਣ ਦਾ ਹੈ ਅਤੇ ਹਰੀਕੇ ਪੱਤਣ ਦੀ ਤਰਜ਼ 'ਤੇ ਬਠਿੰਡਾ ਵਿਚ ਵੀ ਜਲ-ਥਲੀ ਬੱਸਾਂ ਚਲਾਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਸਰਬਪੱਖੀ ਵਿਕਾਸ ਦੇ ਨਾਲ-ਨਾਲ ਲੋਕ ਭਲਾਈ ਦੀਆਂ ਅਜਿਹੀਆਂ ਬਹੁਤ ਸਾਰੀਆਂ ਸਕੀਮਾਂ ਤੇ ਯੋਜਵਾਨਾਂ ਵੀ ਸ਼ੁਰੂ ਕੀਤੀਆਂ ਹਨ ਜਿਸ ਨਾਲ ਪੰਜਾਬ ਵਾਸੀਆਂ ਦਾ ਜੀਵਨ ਪੱਧਰ ਉੱਚਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਜਦੋਂ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਪੰਜਾਬ ਵਿਚ ਬਿਜਲੀ ਵਾਧੂ ਕਰ ਦਿੱਤੀ ਜਾਵੇਗੀ ਅਤੇ ਪੰਜਾਬ ਦੀਆਂ ਸੜਕਾਂ ਦੀ ਨੁਹਾਰ ਬਦਲ ਦਿੱਤੀ ਜਾਵੇਗੀ ਤਾਂ ਵਿਰੋਧੀ ਇਸ ਨੂੰ 'ਸ਼ੋਸ਼ਾ' ਦੱਸਦੇ ਸਨ ਪਰ ਅੱਜ ਉਨ੍ਹਾਂ ਵੱਲੋਂ ਕੀਤਾ ਗਿਆ ਹਰੇਕ ਵਾਅਦਾ ਪੂਰਾ ਕਰ ਦਿੱਤਾ ਗਿਆ ਹੈ। ਉੱਪ ਮੁੱਖ ਮੰਤਰੀ ਨੇ ਕਿਹਾ ਕਿ ਤੀਜੀ ਵਾਰ ਸਰਕਾਰ ਬਣਨ 'ਤੇ ਉਨ੍ਹਾਂ ਨੇ ਜੋ ਐਲਾਨ ਹੁਣ ਕੀਤੇ ਹਨ ਜਿਵੇਂ ਕਿ ਸਾਰੇ ਪੰਜਾਬ ਦੇ ਪਿੰਡਾਂ ਦੀਆਂ ਗਲੀਆਂ-ਨਾਲੀਆਂ ਸੀਮੇਂਟ ਦੀਆਂ ਬਣਾਉਣਾ, ਪਿੰਡਾਂ ਵਿਚ ਸੋਲਰ ਲਾਈਟਾਂ ਲਗਾਉਣਾ ਅਤੇ ਬੇਘਰਿਆਂ ਨੂੰ ਪਿੰਡਾਂ ਵਿਚ ਕਲੋਨੀਆਂ ਬਣਾ ਕੇ ਘਰ ਮੁਹੱਈਆ ਕਰਵਾਉਣੇ, ਉਹ ਸਾਰੇ ਵਾਅਦੇ ਵੀ ਅਗਲੇ ਪੰਜ ਸਾਲਾਂ ਵਿਚ ਪੂਰੇ ਕਰ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਕਾਸ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਦੇ ਲੋਕ ਤੀਜੀ ਵਾਰ ਵੀ ਅਕਾਲੀ-ਭਾਜਪਾ ਗੱਠਜੋੜ ਨੂੰ ਸੱਤਾ ਸੰਭਾਲ ਕੇ ਸੇਵਾ ਦਾ ਮੌਕਾ ਦੇਣਗੇ। ਸ. ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਕਾਂਗਰਸ ਤੇ ਆਪ ਨੂੰ ਕਰਾਰੀ ਹਾਰ ਦੇ ਕੇ ਤੀਜੀ ਵਾਰ ਵੀ ਅਕਾਲੀ-ਭਾਜਪਾ ਗੱਠਜੋੜ ਪੰਜਾਬ ਵਾਸੀਆਂ ਦੀ ਸੇਵਾ ਕਰੇਗੀ ਅਤੇ ਸੂਬੇ ਨੂੰ ਹੋਰ ਤਰੱਕੀ ਦੀਆਂ ਰਾਹਾਂ 'ਤੇ ਲੈ ਕੇ ਜਾਵੇਗੀ।
ਕਾਬਿਲੇਗੌਰ ਹੈ ਕਿ ਇਸ ਜਲਥਲੀ ਬੱਸ ਪ੍ਰਾਜੈਕਟ 'ਤੇ 10 ਕਰੋੜ ਰੁਪਏ ਦੀ ਲਾਗਤ ਆਈ ਹੈ ਅਤੇ ਇਸ ਰਾਹੀਂ ਜਿਥੇ ਹਰੀਕੇ ਪੱਤਣ ਛੰਬ ਦੀ ਖੁਬਸੂਰਤੀ ਨੂੰ ਨੇੜਿਓ ਮਾਣਿਆਂ ਜਾ ਸਕਦਾ ਹੈ ਉਥੇ ਹੀ ਬਹੁਤ ਤਰ੍ਹਾਂ ਦੇ ਵਿਦੇਸ਼ੀ ਪੰਛੀਆਂ ਨੂੰ ਵੀ ਵੇਖਿਆ ਜਾ ਸਕਦਾ ਹੈ। ਇਸ ਬੱਸ ਦੇ ਸਫਰ ਲਈ ਬੁਕਿੰਗ ਜਿਥੇ ਹਰੀਕੇ ਪੱਤਣ ਵਿਖੇ ਸਥਾਪਤ ਕੀਤੇ ਗਏ ਸੈਰ ਸਪਾਟਾ ਵਿਭਾਗ ਦੇ ਦਫਤਰ ਤੋ ਕੀਤੀ ਜਾ ਸਕਦੀ ਹੈ ਉਥੇ ਹੀ ਅੰਮ੍ਰਿਤਸਰ ਦੀਆਂ ਵੱਖ-ਵੱਖ ਥਾਵਾਂ ਅਤੇ ਆਨਲਾਈਨ ਬੁਕਿੰਗ ਦੀ ਸੁਵਿਧਾ ਵੀ ਮਿਲੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਹਰੀ ਸਿੰਘ ਜ਼ੀਰਾ ਤੇ ਰਵਿੰਦਰ ਸਿੰਘ ਬ੍ਰਹਮਪੁਰਾ, ਬੀਬੀ ਪ੍ਰਨੀਤ ਕੌਰ, ਚੇਅਰਮੈਨ ਅਵਤਾਰ ਸਿੰਘ ਜ਼ੀਰਾ, ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਸਕੱਤਰ ਸੈਰ ਸਪਾਟਾ ਹੁਸਨ ਲਾਲ, ਉੱਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਜੰਗਵੀਰ ਸਿੰਘ ਤੇ ਵਿਸ਼ੇਸ਼ ਪ੍ਰਮੁੱਖ ਸਕੱਤਰ ਰਾਹੁਲ ਤਿਵਾੜੀ, ਡਾਇਰੈਕਟਰ ਸੈਰ ਸਪਾਟਾ ਨਵਜੋਤ ਪਾਲ ਸਿੰਘ ਰੰਧਾਵਾ ਆਦਿ ਵੀ ਹਾਜ਼ਰ ਸਨ।