ਅਠਵਾਲ ਵਿਖੇ ਹੁਨਰ ਵਿਕਾਸ ਕੇਂਦਰ ਦਾ ਉਦਘਾਟਨ ਕਰਦੇ ਹੋਏ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ।
ਮਜੀਠਾ, 13 ਦਸੰਬਰ, 2016 : ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੂੰ ਚੈਲੰਜ ਕਰਦਿਆਂ ਕਿਹਾ ਕਿ ਉਹ ਗਿੱਦੜ ਭਬਕੀਆਂ ਮਾਰਨ ਜਾਂ ਕਿਸੇ ਹੋਰ ਨੂੰ ਬਲੀ ਚਾੜ੍ਹਨ ਨਾਲੋਂ ਖ਼ੁਦ ਮਜੀਠਾ ਹਲਕੇ ਤੋਂ ਚੋਣ ਮੈਦਾਨ ਵਿੱਚ ਆਉਣ ਦੀ ਹਿੰਮਤ ਕਰੇ।
ਸ. ਮਜੀਠੀਆ ਅੱਜ ਪਿੰਡ ਅਠਵਾਲ ਵਿਖੇ ਸਕਿਲ ਡਵਿਲਪਮੈਂਟ ਮਿਸ਼ਨ ਪੰਜਾਬ ਵੱਲੋਂ ਖੋਲ੍ਹੇ ਗਏ ਪੇਂਡੂ ਹੁਨਰ ਵਿਕਾਸ ਕੇਂਦਰ ਦਾ ਉਦਘਾਟਨ ਕਰਨ ਆਏ ਸਨ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਅਤੇ ਮੇਰਾ ਪਰਿਵਾਰ ਗੁਰੂ ਦੀ ਬਖਸ਼ਿਸ਼ ਅਤੇ ਲੋਕਾਂ ਦੇ ਪਿਆਰ ਸਦਕਾ ਸਦਾ ਹੀ ਲੋਕਾਂ ਦੀ ਸੇਵਾ ਕਰਦਾ ਰਹੇਗਾ।
ਕੇਜਰੀਵਾਲ ਉਹਨਾਂ ਹੀ ਲੋਕਾਂ ਦੇ ਸਿਰ 'ਤੇ ਮਾਝੇ ਨੂੰ ਫ਼ਤਿਹ ਕਰਨ ਦੇ ਸੁਪਨੇ ਲੈ ਰਿਹਾ ਹੈ, ਜਿੰਨਾ ਨਾਲ ਉਹ ਪੈਰ ਪੈਰ 'ਤੇ ਵਿਸ਼ਵਾਸਘਾਤ ਕਰਦਾ ਆ ਰਿਹਾ ਹੈ, ਚਾਹੇ ਉਹ ਸਿੱਖ ਵਿਰਸੇ ਦਾ ਮੁੱਦਾ ਹੈ ਜਾਂ ਪੰਜਾਬ ਦੇ ਪਾਣੀਆਂ ਦਾ। ਕੇਜਰੀਵਾਲ ਵੱਲੋਂ ਕੀਤੀ ਜਾ ਰਹੀ ਮਾਝਾ ਫ਼ਤਿਹ ਰੈਲੀ 'ਤੇ ਬੋਲਦੇ ਕਿਹਾ ਕਿ ਮਾਝਾ ਜਰਨੈਲਾਂ ਅਤੇ ਸੂਰਬੀਰਾਂ ਦੀ ਧਰਤੀ ਹੈ ਅਤੇ ਜਿੱਥੋਂ ਦੇ ਜੰਮੇ ਬਹਾਦਰਾਂ ਨੇ ਮਹਿਮੂਦ ਗ਼ਜ਼ਨਵੀ ਅਤੇ ਅਬਦਾਲੀ ਵਰਗੇ ਧਾੜਵੀਆਂ ਨੂੰ ਧੂੜ ਚਟਾ ਦਿੱਤੇ ਹਨ । ਸਿਕੰਦਰ ਵਰਗੇ ਯੋਧਿਆਂ ਨੇ ਵੀ ਲੋਹੇ ਦੇ ਚਣੇ ਚਬਾਉਣਾ ਵਾਲੇ ਇਹਨਾਂ ਮਝੈਲਾਂ ਨੂੰ ਦਬਾ ਨਹੀਂ ਸਕੇ ਹਨ। ਉਨ੍ਹਾਂ ਕਿਹਾ ਕਿ ਮਾਝਾ ਫ਼ਤਿਹ ਕਰਨ ਦੇ ਸੁਪਨੇ ਲੈਣ ਵਾਲਿਆਂ ਨੂੰ ਪਹਿਲਾਂ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ ਕਿ ਉਹ ਕਿਸ ਆਧਾਰ 'ਤੇ ਲੋਕਾਂ ਨੂੰ ਮੂਰਖ ਬਨਾਉਣ ਦੇ ਸੁਪਨੇ ਲੈ ਰਹੇ ਹਨ। ਸ. ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਅਤੇ ਕਾਂਗਰਸ ਪੰਜਾਬ ਦੇ 70 ਫੀਸਦੀ ਨੌਜਵਾਨਾਂ ਨੂੰ ਵਾਰ-ਵਾਰ ਨਸ਼ਈ ਦੱਸ ਕੇ ਪੰਜਾਬ ਦੀ ਬਦਨਾਮੀ ਕਰ ਰਹੇ ਹਨ, ਜਦਕਿ ਸਚਾਈ ਇਹ ਹੈ ਕਿ ਹਾਲ ਹੀ ਵਿੱਚ ਹੋਈ ਪੁਲਿਸ ਭਰਤੀ ਦੌਰਾਨ ਹੋਏ ਡੋਪ ਟੈਸਟ, ਏਮਜ਼ ਵੱਲੋਂ ਕੀਤਾ ਸਰਵੇ, ਬਾਬਾ ਫ਼ਰੀਦ ਮੈਡੀਕਲ ਸਾਇੰਸਜ ਯੂਨੀਵਰਸਿਟੀ ਵੱਲੋਂ ਕੀਤਾ ਗਿਆ ਵਿਸ਼ਲੇਸ਼ਣ ਇਹ ਸਪਸ਼ਟ ਕਰ ਚੁੱਕਾ ਹੈ ਕਿ ਪੰਜਾਬ ਦੇ ਇੱਕ ਫੀਸਦੀ ਤੋਂ ਵੀ ਘੱਟ ਨੌਜਵਾਨ ਨਸ਼ੇ ਦੇ ਆਦੀ ਹਨ, ਜਿੰਨਾ ਨੂੰ ਨਸ਼ੇ ਤੋਂ ਮੋੜਨ ਦੇ ਉਪਰਾਲੇ ਵੀ ਪੰਜਾਬ ਸਰਕਾਰ ਕਰ ਰਹੀ ਹੈ।
ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਅਤੇ ਮੁਟਿਆਰਾਂ ਨੂੰ ਵੱਖ-ਵੱਖ ਕਿੱਤਿਆਂ ਵਿੱਚ ਸਿੱਖਿਅਤ ਕਰਨ ਵਾਸਤੇ ਪੰਜਾਬ ਦੇ 200 ਪਿੰਡਾਂ ਅਤੇ 90 ਸ਼ਹਿਰਾਂ ਵਿੱਚ ਹੁਨਰ ਸਿਖਲਾਈ ਕੇਂਦਰ ਖੋਲ੍ਹੇ ਜਾ ਚੁੱਕੇ ਹਨ। ਇਸ ਤੋਂ ਇਲਾਵਾ 5 ਮਲਟੀ ਸਕਿਲ ਸੈਂਟਰ ਖੋਲ੍ਹ ਦਿੱਤੇ ਗਏ ਹਨ, ਜਿੱਥੋਂ ਕਰੀਬ ਇੱਕ ਲੱਖ ਨੌਜਵਾਨਾਂ ਨੂੰ ਵੱਖ-ਵੱਖ ਕਿੱਤਿਆਂ ਵਿੱਚ ਹੁਨਰਮੰਦ ਕਰਕੇ ਸਵੈ ਰੋਜ਼ਗਾਰ ਜਾਂ ਨੌਕਰੀ ਦਿਵਾਉਣ ਲਈ ਉਪਰਾਲੇ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਸਵਾ ਦੋ ਲੱਖ ਲੋਕਾਂ ਨੂੰ ਸਰਕਾਰੀ ਨੌਕਰੀ ਨਿਰੋਲ ਮੈਰਿਟ ਦੇ ਆਧਾਰ 'ਤੇ ਦਿੱਤੀ ਹੈ, ਜੋ ਕਿ ਕਿਸੇ ਵੀ ਸਰਕਾਰ ਵੱਲੋਂ ਦਿੱਤੇ ਗਏ ਰੋਜ਼ਗਾਰ ਤੋਂ ਸਭ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨਾਲ ਜੋ ਵਾਅਦਾ ਕੀਤਾ ਸੀ, ਉਹ ਪੂਰਾ ਕਰਕੇ ਵਿਖਾਇਆ ਹੈ, ਚਾਹੇ ਉਹ ਬਿਜਲੀ ਸਰਪਲੱਸ ਦਾ ਮੁੱਦਾ ਹੈ ਜਾਂ ਰੋਜ਼ਗਾਰ ਪ੍ਰਾਪਤੀ ਦਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ, ਐਸ ਡੀ ਐਮ ਦਮਨਜੀਤ ਸਿੰਘ, ਮੇਜਰ ਸ਼ਿਵੀ, ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ, ਗਗਨਦੀਪ ਸਿੰਘ ਭਕਨਾ, ਤਹਿਸੀਲਦਾਰ ਪ੍ਰਦੀਪ ਸਿੰਘ ਬੈਂਸ, ਪ੍ਰਿੰਸੀਪਲ ਭੁਪਿੰਦਰ ਸਿੰਘ, ਸਰਪੰਚ ਚਿਮਨ ਸਿੰਘ ਅਤੇ ਹੋਰ ਹਾਜ਼ਰ ਸਨ।