ਚੰਡੀਗੜ੍ਹ, 13 ਦਸੰਬਰ, 2016 : ਪੰਜਾਬ ਦੇ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਉਤੇ ਸੂਬੇ ਵਿੱਚ ਨਸ਼ੇ ਦਾ ਕਾਰੋਬਾਰ ਕਰਨ ਦੇ ਦੋਸ਼ ਲਗਾਉਂਦਿਆਂ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਤੋਂ ਦੋਹਰਾਇਆ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਬਿਕਰਮ ਸਿੰਘ ਮਜੀਠੀਆ ਨੂੰ ਜੇਲ ਵਿੱਚ ਸੁੱਟਿਆ ਜਾਵੇਗਾ। ਇੱਥੋਂ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਅਤੇ ਲੀਗਲ ਸੈਲ ਦੇ ਮੁਖੀ ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧਕੇਲ ਕੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਲਈ ਮਜੀਠੀਆ ਹੀ ਜਿੰਮੇਵਾਰ ਹਨ। ਉਨਾਂ ਕਿਹਾ ਕਿ ਪੰਜਾਬ ਦੀ ਲੋਕ ਹੁਣ ਬਾਦਲਾਂ ਅਤੇ ਮਜੀਠੀਆ ਤੋਂ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬਦਲਾ ਲੈਣ ਲਈ ਉਡੀਕ ਕਰ ਰਹੇ ਹਨ।
ਬਿਕਰਮ ਮਜੀਠੀਆ ਨੂੰ ਚੁਣੌਤੀ ਦਿੰਦਿਆਂ ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮਜੀਠੀਆ ਖਿਲਾਫ ਕੌਣ ਚੋਣ ਲੜਦਾ ਹੈ, ਪਰ ਆਉਂਦੀਆਂ ਚੋਣਾਂ ਵਿੱਚ ਤੁਹਾਡੀ ਹਾਰ ਸੁਨਿਸ਼ਚਿਤ ਹੈ। ਉਨਾਂ ਕਿਹਾ ਕਿ ਮਜੀਠੀਆ ਲਈ ਜੇਲ ਹੀ ਢੁਕਵੀਂ ਥਾਂ ਹੈ, ਨਾ ਕਿ ਵਿਧਾਨ ਸਭਾ। ਸ਼ੇਰਗਿੱਲ ਨੇ ਕਿਹਾ ਕਿ ਉਨਾਂ ਨੂੰ ਪੱਕਾ ਯਕੀਨ ਹੈ ਕਿ ਚੋਣਾਂ ਤੋਂ ਬਾਅਦ ਮਜੀਠੀਆ ਖੁਦ ਨੂੰ ਢੁਕਵੀਂ ਥਾਂ ਹੀ ਪਾਉਣਗੇ।
ਸੁਖਬੀਰ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀ ਗਈ ਪਾਣੀ ਵਾਲੀ ਬੱਸ ਦੀ ਅਲੋਚਨਾ ਕਰਦਿਆਂ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਜਿਸ ਵੇਲੇ ਪੂਰਾ ਪੰਜਾਬ ਬਾਦਲਾਂ ਦੇ 10 ਸਾਲਾਂ ਦੀ ਮਾੜੀ ਕਾਰਗੁਜਾਰੀ ਵਾਲੇ ਸਾਸ਼ਨ ਦਾ ਸੰਤਾਪ ਹੰਢਾ ਰਿਹਾ ਹੈ, ਉਸ ਸਮੇਂ ਸੂਬੇ ਦੇ ਸਾਰੇ ਅਖਬਾਰ ਸੁਖਬੀਰ ਬਾਦਲ ਦੀਆਂ ਪਿਕਨਿਕ ਮਨਾਉਂਦੇ ਹੋਏ ਦੀਆਂ ਫੋਟੋਆਂ ਨਾਲ ਭਰੇ ਹੋਏ ਹਨ। ਉਨਾਂ ਕਿਹਾ ਕਿ ਨੋਟਬੰਦੀ ਕਾਰਨ ਬਹੁਤ ਹੀ ਔਖਾ ਸਮਾਂ ਲੰਘਾ ਰਹੇ ਲੋਕਾਂ ਲਈ ਇਹ ਕਿਸੇ ਭੱਦੇ ਮਜਾਕ ਤੋਂ ਘੱਟ ਨਹੀਂ। ਉਨਾਂ ਕਿਹਾ ਕਿ ਇਸ ਤੋਂ ਸਾਫ ਪਤਾ ਚਲਦਾ ਹੈ ਕਿ ਬਾਦਲਾਂ ਨੂੰ ਪੰਜਾਬ ਦੇ ਲੋਕਾਂ ਅਤੇ ਉਨਾਂ ਦੀਆਂ ਮੁਸ਼ਕਿਲਾਂ ਨਾਲ ਕੋਈ ਸਾਰੋਕਾਰ ਨਹੀਂ ਹੈ।
ਬਾਦਲ ਵੱਲੋਂ ਚੰਡੀਗੜ੍ਹ ਦੀ ਪੰਜਾਬ ਲਈ ਮੰਗ ਵਾਲੇ ਬਿਆਨ ਉਤੇ ਆਪਣਾ ਪ੍ਰਤੀਕਰਮ ਦਿੰਦਿਆਂ ਵੜੈਚ ਨੇ ਕਿਹਾ ਕਿ ਬਾਦਲ ਸਰਕਾਰ ਨੇ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਲਈ ਹੁਣ ਤੱਕ ਕੋਈ ਮੁੱਦਾ ਨਹੀਂ ਚੁੱਕਿਆ ਅਤੇ ਹੁਣ ਜਦੋਂ ਸਰਕਾਰ ਦਾ ਕਾਰਜਕਾਲ ਖਤਮ ਹੋਣ ਵਾਲਾ ਹੈ ਤਾਂ ਉਨਾਂ ਵੱਲੋਂ ਇਹ ਮੁੱਦਾ ਚੁੱਕ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸਿਸ਼ ਕੀਤੀ ਜਾ ਰਹੀ ਹੈ।
ਸ਼ੇਰਗਿੱਲ ਨੇ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਦੀ ਪੰਜਾਬ ਅਤੇ ਕੇਂਦਰ ਦੋਵਾਂ ਥਾਵਾਂ ਉਤੇ ਸਰਕਾਰਾਂ ਹਨ, ਤਾਂ ਫਿਰ ਉਹ ਕਿਸ ਤੋਂ ਮੰਗ ਕਰ ਰਹੇ ਹਨ। ਜੇਕਰ ਉਹ ਇਸ ਮਾਮਲੇ ਉਤੇ ਗੰਭੀਰ ਹਨ, ਤਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਮੇਤ ਸਾਰੇ ਅਕਾਲੀਆਂ ਵੱਲੋਂ ਅਸਤੀਫਾ ਦਿੱਤਾ ਜਾਵੇ।
ਆਪ ਆਗੂ ਯਾਮਿਨੀ ਗੋਮਰ ਵੱਲੋਂ ਪਾਰਟੀ ਤੋਂ ਅਸਤੀਫਾ ਦਿੱਤੇ ਜਾਣ ਦੇ ਮੁੱਦੇ ਉਤੇ ਵੜੈਚ ਨੇ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਉਸਨੂੰ ਟਿਕਟ ਦੇ ਕੇ ਉਮੀਦਵਾਰ ਬਣਾਇਆ ਗਿਆ ਸੀ ਅਤੇ ਉਹ ਤੀਜੇ ਨੰਬਰ ਉਤੇ ਆਈ ਸੀ। ਇਸ ਤੋਂ ਮਗਰੋਂ ਉਸਨੂੰ ਹੋਰ ਜਿੰਮੇਵਾਰੀਆਂ ਸੌਂਪਦੇ ਹੋਏ ਪਾਰਟੀ ਦੀ ਨੈਸ਼ਨਲ ਐਗਜੇਕਿਊਟਿਵ ਦਾ ਮੈਂਬਰ ਬਣਾਇਆ ਗਿਆ ਸੀ। ਪਾਰਟੀ ਵਿੱਚ ਮਿਲਿਆ ਉਥਾਨ ਹੀ ਉਸਦੇ ਝੂਠੇ ਇਲਜਾਮਾਂ ਨੂੰ ਗਲਤ ਸਾਬਿਤ ਕਰ ਰਿਹਾ ਹੈ। ਵੜੈਚ ਨੇ ਕਿਹਾ ਕਿ ਉਹ ਹੁਣ ਵਿਧਾਨਸਭਾ ਚੋਣਾਂ ਲਈ ਟਿਕਟ ਮੰਗ ਰਹੀ ਸੀ। ਉਨਾਂ ਕਿਹਾ ਕਿ ਇਸ ਤਰਾਂ ਲਗਦਾ ਹੈ ਕਿ ਟਿਕਟ ਨਾ ਮਿਲਣ ਕਾਰਨ ਉਹ ਅਜਿਹਾ ਸਭ ਕਰ ਰਹੀ ਹੈ।
ਵੜੈਚ ਨੇ ਕਿਹਾ ਕਿ ਯਾਮਿਨੀ ਗੋਮਰ ਨੇ ਸੂਬੇ ਵਿੱਚ ਦਲਿਤਾਂ ਨਾਲ ਧੋਖਾ ਕੀਤਾ ਹੈ। । ਉਨਾਂ ਕਿਹਾ ਕਿ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਪਾਰਟੀ ਨੇ ਦਲਿਤਾਂ ਦੀ ਆਰਥਿਕ ਅਤੇ ਸਮਾਜਿਕ ਹਾਲਤ ਸੁਧਾਰਨ ਲਈ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੋਵੇ। ਨਾਲ ਹੀ ਵੜੈਚ ਨੇ ਇਹ ਵੀ ਕਿਹਾ ਕਿ ਪਹਿਲੀ ਵਾਰ ਕਿਸੇ ਪਾਰਟੀ ਨੇ ਉਪ ਮੁੱਖ ਮੰਤਰੀ ਦੀ ਕੁਰਸੀ ਕਿਸੇ ਦਲਿਤ ਭਾਈਚਾਰੇ ਦੇ ਵਿਅਕਤੀ ਨੂੰ ਦੇਣ ਦਾ ਐਲਾਨ ਕੀਤਾ ਹੈ।
ਵੜੈਚ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਦਲਿਤਾਂ ਨੂੰ ਉਨਾਂ ਦਾ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਅਤੇ ਦੁਖਦਾਈ ਹੈ ਕਿ ਯਾਮਿਨੀ ਗੋਮਰ ਵੱਲੋਂ ਉਨਾਂ ਵਿਅਕਤੀਆਂ ਦੇ ਇਸ਼ਾਰਿਆਂ ਉਤੇ ਅਜਿਹਾ ਕੀਤਾ ਜਾ ਰਿਹਾ ਹੈ, ਜਿਨਾਂ ਵੱਲੋਂ ਸਦੀਆਂ ਤੱਕ ਦਲਿਤਾਂ ਨੂੰ ਉਪਰ ਨਹੀਂ ਉਠਣ ਦਿੱਤਾ ਅਤੇ ਦਲਿਤਾਂ ਦੀਆਂ ਉਭਰਨ ਦੀਆਂ ਕੋਸ਼ਿਸ਼ਾਂ ਨੂੰ ਉਹ ਦਬਾਉਂਦੇ ਰਹੇ।