ਮਜੀਠਾ, 14 ਦਸੰਬਰ, 2016 : ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਵੱਲੋਂ ਮਾਝੇ ਨੂੰ ਫਤਿਹ ਕਰਨ ਲਈ ਮਜੀਠਾ ਵਿਖੇ ਕੀਤੀ ਮਾਝਾ ਫਤਿਹ ਰੈਲੀ ਨੂੰ ਪੂਰੀ ਤਰਾਂ ਠੁੱਸ ਕਰਾਰ ਦਿੰਦੇ ਕਿਹਾ ਕਿ ਜਿਸ ਤਰਾਂ ਇੰਨਾਂ ਦੀ ਉਕਤ ਰੈਲੀ ਠੁੱਸ ਹੋ ਕੇ ਰਹਿ ਗਈ ਹੈ, ਉਹੀ ਹਾਲ ਚੋਣਾਂ ਵਿਚ ਹੋਵੇਗਾ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਨੇ ਮੇਰੇ ਵੱਲੋਂ ਦਿੱਤੀ ਚੁਣੌਤੀ ਤੋਂ ਭੱਜਦੇ ਹੋਏ ਪੰਜਾਬ ਵਾਸੀਆਂ ਵੱਲੋਂ ਨਕਾਰੇ ਜਾ ਚੁੱਕੇ ਪਾਰਟੀ ਦੇ ਇਕ ਨੇਤਾ ਨੂੰ ਮਜੀਠਾ ਵਿਖੇ ਚੋਣ ਮੈਦਾਨ ਵਿਚ ਉਤਾਰ ਦਿੱਤਾ।
ਸ. ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਟੋਲੇ ਨੇ ਮਜੀਠਾ ਵਿਖੇ ਹੋਣ ਵਾਲੀ ਰੈਲੀ ਵਿਚ ਪੰਜਾਬ ਅਤੇ ਪੰਜਾਬ ਤੋਂ ਬਾਹਰੋਂ ਭੀੜ ਜੁਟਾਉਣ ਦਾ ਪੂਰਾ ਤਾਣ ਲਗਾ ਦਿੱਤਾ, ਪਰ ਫਿਰ ਵੀ ਕਾਮਯਾਬ ਨਹੀਂ ਹੋ ਸਕੇ। ਉਨਾਂ ਕਿਹਾ ਕਿ ਮਾਝੇ ਨੂੰ ਫਤਿਹ ਕਰਨ ਲਈ ਤੁਰੇ ਇੰਨਾਂ ਆਗੂਆਂ ਦੀ ਇਹ ਰੈਲੀ ਖੋਦਿਆ ਪਹਾੜ ਤੇ ਨਿਕਲਿਆ ਚੂਹਾ ਵਾਲੀ ਹੋ ਨਿਬੜੀ ਹੈ। ਉਨਾਂ ਕਿਹਾ ਕਿ ਰੈਲੀ ਵਿਚ ਉਨਾਂ ਦਿਹਾੜੀ 'ਤੇ ਆਏ ਉਨਾਂ ਲੋਕਾਂ ਦੀ ਗਿਣਤੀ ਜ਼ਿਆਦੀ ਸੀ, ਜਿੰਨਾਂ ਨੇ ਅੱਜ ਪਹਿਲੀ ਵਾਰ ਮਾਝੇ ਵਿਚ ਪੈਰ ਪਾਏ ਸਨ। ਉਨਾਂ ਕਿਹਾ ਕਿ ਮਾਝੇ ਨੂੰ ਫਤਿਹ ਕਰਨ ਲਈ ਤੁਰੇ ਇੰਨਾਂ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਅਪਰਾਧ, ਭ੍ਰਿਸ਼ਟਾਚਾਰ ਅਤੇ ਕਿਰਦਾਰਹੀਣ ਹੋਏ ਤੁਹਾਡੇ ਆਗੂਆਂ ਦਾ ਸਾਥ ਹੁਣ ਲੋਕਾਂ ਨੇ ਨਹੀਂ ਦੇਣਾ। ਉਨਾਂ ਕਿਹਾ ਕਿ ਆਪ ਦੀ ਇਸ ਰੈਲੀ ਦਾ ਫਲਾਪ ਹੋਣਾ ਅਤੇ ਮਾਝੇ ਦੇ ਲੋਕਾਂ ਵੱਲੋਂ ਬਾਈਕਾਟ ਕਰਨ ਦਾ ਵੱਡਾ ਕਾਰਨ ਇਸ ਵੱਲੋਂ ਐਸ ਵਾਈ ਐਲ ਮੁੱਦੇ 'ਤੇ ਪੰਜਾਬ ਦੀ ਹਮਾਇਤ ਨਾ ਕਰਨਾ ਅਤੇ ਆਪ ਦੀ ਪੰਜਾਬ ਵਿਚ ਆਮਦ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨਾਲ ਹੋਈਆਂ ਘਟਨਾਵਾਂ ਜਿੰਮੇਵਾਰ ਹਨ।
ਸ. ਮਜੀਠੀਆ ਨੇ ਕਿਹਾ ਕਿ ਮੈਂ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਨੂੰ ਮਜੀਠਾ ਤੋਂ ਚੋਣ ਮੈਦਾਨ ਵਿਚ ਉਤਰਨ ਦੀ ਚੁਣੌਤੀ ਦਿੱਤੀ, ਪਰ ਉਹ ਇਸ ਤੋਂ ਭੱਜਦੇ ਹੋਏ ਮੁਹਾਲੀ ਤੋਂ ਪਾਰਟੀ ਵਰਕਰਾਂ ਅਤੇ ਲੋਕਾਂ ਵੱਲੋਂ ਨਕਾਰੇ ਜਾ ਚੁੱਕੇ ਹਿੰਮਤ ਸਿੰਘ ਸ਼ੇਰਗਿਲ ਨੂੰ ਐਲਾਨ ਕੇ ਭੱਜ ਤੁਰਿਆ। ਉਨਾਂ ਕਿਹਾ ਕਿ ਇਹ ਸ਼ੇਰਗਿਲ ਪਹਿਲਾਂ ਮੇਰੇ ਵੱਲੋਂ ਕੇਜਰੀਵਾਲ ਟੋਲੇ 'ਤੇ ਕੀਤੇ ਅਪਰਾਧਿਕ ਮਾਨਹਾਨੀ ਕੇਸ ਵਿਚ ਅਦਾਲਤ ਤੋਂ ਹਾਰ ਚੁੱਕਾ ਹੈ ਅਤੇ ਹੁਣ ਲੋਕਾਂ ਦੀ ਕਚਿਹਰੀ ਵਿਚ ਹਾਰਨ ਲਈ ਆ ਗਿਆ ਹੈ। ਉਨਾਂ ਕਿਹਾ ਕਿ ਕੇਜਰੀਵਾਲ ਵੱਲੋਂ ਬਾਹਰੋਂ ਉਮੀਦਵਾਰ ਮਾਝੇ ਭੇਜਣਾ ਇਹ ਵੀ ਸਪੱਸ਼ਟ ਕਰਦਾ ਹੈ ਕਿ ਉਸ ਨੂੰ ਮਜੀਠਾ ਅਤੇ ਮਾਝੇ ਵਿਚ ਲੱਗੇ ਉਸਦੇ ਵਰਕਰਾਂ ਤੇ ਆਗੂਆਂ 'ਤੇ ਰਤੀ ਭਰ ਵੀ ਵਿਸਵਾਸ਼ ਨਹੀਂ ।
ਸ. ਮਜੀਠੀਆ ਨੇ ਕਿਹਾ ਕਿ ਮਾਝੇ ਨੂੰ ਫਤਿਹ ਕਰਨ ਤੁਰੇ ਇੰਨਾਂ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਮਾਝੇ ਦੇ ਬਹਾਦਰ ਲੋਕਾਂ ਨੇ ਤਾਂ ਅਹਿਮਦ ਸ਼ਾਹ ਅਬਦਾਲੀ ਅਤੇ ਗਜਨਵੀਂ ਵਰਗੇ ਧਾੜਵੀਆਂ ਨੂੰ ਲੋਹੇ ਦੇ ਚਨੇ ਚਭਾ ਦਿੱਤੇ ਸਨ ਅਤੇ ਇਹ ਕਿਹਾੜੇ ਬਾਗ ਦੀ ਮੂਲੀ ਹੈ। ਸ. ਮਜੀਠੀਆ ਨੇ ਮਾਝੇ ਦੇ ਲੋਕਾਂ ਵੱਲੋਂ ਕੇਜਰੀਵਾਲ ਟੋਲੇ ਦੇ ਕੀਤੇ ਗਏ ਬਾਈਕਾਟ ਲਈ ਧੰਨਵਾਦ ਕਰਦੇ ਕਿਹਾ ਕਿ ਅੱਜ ਦੀ ਇਹ ਰੈਲੀ ਆਪ ਦੇ ਕਫਨ ਵਿਚ ਆਖਰੀ ਕਿਲ ਸਾਬਤ ਹੋਵੇਗੀ।