ਅੰਮ੍ਰਿਤਸਰ,
15 ਦਸੰਬਰ 2016: ਆਮ ਆਦਮੀ ਪਾਰਟੀ ਦੇ ਮਜੀਠਾ ਤੋਂ ਉਮੀਦਵਾਰ ਅਤੇ ਪਾਰਟੀ ਦੇ ਲੀਗਲ ਸੈਲ ਦੇ ਮੁਖੀ ਹਿੰਮਤ ਸਿੰਘ ਸ਼ੇਰਗਿੱਲ ਨੇ ਅੱਜ ਕਿਹਾ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਐਸਵਾਈਐਲ ਸਬੰਧੀ ਦਿੱਤੇ ਬਿਆਨ ਨੂੰ ਪੰਜਾਬ ਦੇ ਲੋਕਾਂ ਗੁਮਰਾਹ ਕਰਨ ਲਈ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।
ਸ਼ੇਰਗਿੱਲ ਨੇ ਕਿਹਾ ਕਿ ਕੇਜਰੀਵਾਲ ਪਹਿਲਾਂ ਹੀ ਪੂਰੀ ਤਰਾਂ ਸਪਸ਼ਟ ਕਰ ਚੁੱਕੇ ਹਨ ਕਿ ਪੰਜਾਬ ਕੋਲ ਦੂਜੇ ਰਾਜਾਂ ਨੂੰ ਦੇਣ ਲਈ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ। ਪਰ ਫਿਰ ਵੀ ਮੀਡੀਆ ਦੇ ਕਈ ਹਿੱਸਿਆਂ ਵੱਲੋਂ ਉਨਾਂ ਦੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ, ਜਿਸਦਾ ਕਾਰਣ ਉਨਾਂ ਨੂੰ ਚੰਗੀ ਤਰਾਂ ਪਤਾ ਹੈ।
ਹਿੰਮਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਉਹ ਯਾਦ ਦੁਆਉਣਾ ਚਾਹੁੰਦੇ ਹਨ ਕਿ 11 ਦਸੰਬਰ 2016 ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਦੋਂ ਜਗਰਾਓਂ ਵਿਖੇ ਪੱਤਰਕਾਰਾਂ ਦੇ ਰੂ-ਬ-ਰੂ ਹੋਏ ਸਨ, ਤਾਂ ਉਨਾਂ ਨੇ ਸਾਫ ਸ਼ਬਦਾਂ ਵਿੱਚ ਕਿਹਾ ਸੀ ਕਿ ਪੰਜਾਬ ਦਾ ਨਾ ਕੇਵਲ ਉਸਦੇ ਪਾਣੀਆਂ ਉਤੇ ਪੂਰਾ ਅਧਿਕਾਰ ਹੈ, ਬਲਕਿ ਉਸ ਕੋਲ ਕਿਸੇ ਹੋਰ ਸੂਬੇ ਨੂੰ ਦੇਣ ਲਈ ਵਾਧੂ ਪਾਣੀ ਬਿਲਕੁਲ ਨਹੀਂ ਹੈ।
ਸ਼ੇਰਗਿੱਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸਦੇ ਹੱਕ ਵਿੱਚ ਨਹੀਂ ਕਿ ਪੰਜਾਬ ਦਾ ਪਾਣੀ ਸੂਬੇ ਤੋਂ ਬਾਹਰ ਜਾਣ ਦਿੱਤਾ ਜਾਵੇ। ਉਨਾਂ ਕਿਹਾ ਕਿ ਕੇਜਰੀਵਾਲ ਕਹਿ ਚੁੱਕੇ ਹਨ ਕਿ ਪੰਜਾਬ ਦਾ ਪਾਣੀ ਉਸਦੀ ਆਪਣੀ ਮਲਕੀਅਤ ਹੈ ਅਤੇ ਇਸ ਮਸਲੇ ਉਤੇ ਪੰਜਾਬ ਦੇ ਹਿੱਤਾਂ ਦਾ ਘਾਣ ਨਹੀਂ ਹੋਣ ਦਿੱਤਾ ਜਾਵੇਗਾ।
ਸ਼ੇਰਗਿੱਲ ਨੇ ਕਿਹਾ ਕਿ ਪੂਰਾ ਪੰਜਾਬ ਜਾਣਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਅਤੇ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਪੰਜਾਬ ਕਾਂਗਰਸ ਐਸਵਾਈਐਲ ਦੇ ਉਦਘਾਟਨ ਅਤੇ ਨਿਰਮਾਣ ਲਈ ਸਿੱਧੇ ਤੌਰ ਉਤੇ ਜਿੰਮੇਵਾਰ ਹਨ।
ਸ਼ੇਰਗਿੱਲ ਨੇ ਕਿਹਾ ਕਿ ਦੋਵੇਂ ਪਾਰਟੀਆਂ ਨੇ ਹੁਣ ਐਸਵਾਈਐਲ ਦੇ ਮਸਲੇ ਉਤੇ ਆਮ ਆਦਮੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਹੱਥ ਮਿਲਾ ਲਿਆ ਹੈ, ਜਦੋਂ ਕਿ ਇਹ ਵਿਵਾਦ ਉਨਾਂ ਵੇਲਿਆਂ ਦਾ ਹੈ, ਜਦੋਂ ਆਮ ਆਦਮੀ ਪਾਰਟੀ ਹੋਂਦ ਵਿੱਚ ਵੀ ਨਹੀਂ ਆਈ ਸੀ। ਉਨਾਂ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਬਾਦਲਾਂ ਨੇ ਐਸਵਾਈਐਲ ਲਈ ਜਮੀਨ ਐਕਵਾਇਰ ਕੀਤੀ ਸੀ ਅਤੇ ਇਸ ਦਾ ਨੀਂਹ ਪੱਥਰ ਰੱਖਣ ਮੌਕੇ ਮਰਹੂਮ ਮੰਤਰੀ ਇੰਦਰਾ ਗਾਂਧੀ ਨਾਲ ਕੈਪਟਨ ਅਮਰਿੰਦਰ ਸਿੰਘ ਮੌਜੂਦ ਸਨ।
ਵਿਧਾਨ ਸਭਾ ਹਲਕਾ ਮਜੀਠਾ ਤੋਂ ਉਮੀਦਵਾਰ ਉਤਾਰੇ ਜਾਣ ਸਬੰਧੀ ਇੱਕ ਸਵਾਲ ਦਾ ਜਵਾਬ ਦਿੰਦਿਆਂ ਸ਼ੇਰਗਿੱਲ ਨੇ ਕਿਹਾ ਕਿ ਉਨਾਂ ਨੇ ਪ੍ਰਸ਼ਾਸ਼ਨਿਕ ਅਤੇ ਸਿਆਸੀ ਪੱਧਰ ਉਤੇ ਹੋ ਰਹੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਸਿਆਸਤ ਵਿੱਚ ਪੈਰ ਧਰਿਆ ਹੈ ਅਤੇ ਨਾਲ ਹੀ ਉਹ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣਾ ਚਾਹੁੰਦੇ ਹਨ। ਸ਼ੇਰਗਿੱਲ ਨੇ ਕਿਹਾ ਕਿ ਹੁਣ ਪਾਰਟੀ ਨੇ ਡਰੱਗ ਧੰਦੇ ਦੇ ਮੁੱਖ ਦੋਸ਼ੀ ਦੇ ਖਿਲਾਫ ਉਨਾਂ ਨੂੰ ਉਮੀਦਵਾਰ ਵਜੋਂ ਉਤਾਰਿਆ ਹੈ ਅਤੇ ਉਨਾਂ ਨੂੰ ਭਰੋਸਾ ਹੈ ਕਿ ਪੰਜਾਬ ਹੁਣ ਨੂੰ ਦੁਸ਼ਟ ਬਿਕਰਮ ਸਿੰਘ ਮਜੀਠੀਆ ਤੋਂ ਨਿਜਾਤ ਮਿਲੇਗੀ, ਜਿਸਨੇ ਨਸ਼ਿਆਂ ਦੇ ਨਾਲ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ।
ਸ਼ੇਰਗਿੱਲ ਨੇ ਕਿਹਾ ਕਿ ਮਜੀਠਾ ਫਤਿਹ ਰੈਲੀ ਵਿੱਚ ਲੋਕਾਂ ਦੇ ਉਤਸ਼ਾਹ ਤੋਂ ਸਾਫ ਪਤਾ ਲਗਦਾ ਹੈ ਕਿ ਮਜੀਠਾ ਦੇ ਲੋਕ ਹੁਣ ਫੈਸਲਾਕੁੰਨ ਲੜਾਈ ਨੂੰ ਉਤਸ਼ਾਹ ਨਾਲ ਲੜਨ ਲਈ ਮਨ ਬਣਾ ਚੁੱਕੇ ਹਨ ਅਤੇ ਉਹ ਬਾਦਲਾਂ ਅਤੇ ਮਜੀਠੀਆ ਨੂੰ ਪੰਜਾਬ ਦੇ ਸਿਆਸੀ ਨਕਸ਼ੇ ਤੋਂ ਉਖਾੜ ਸੁੱਟਣਗੇ।