← ਪਿਛੇ ਪਰਤੋ
ਅੰਮ੍ਰਿਤਸਰ 16 ਦਸੰਬਰ 2016: ਐਸਵਾਈਐਲ ਨੂੰ ਲੈ ਕੇ ਕੇਜਰੀਵਾਲ ਦੀ ਨੀਅਤ 'ਚ ਖੋਟ ਹੈ। ਉਹ ਪੰਜਾਬ ਦਾ ਪਾਣੀ ਖੋਹਣ ਲਈ ਤਰ੍ਹਾਂ-ਤਰ੍ਹਾਂ ਦੇ ਬਹਾਨੇ ਘੜ ਰਿਹਾ ਹੈ। ਉਹ ਕਦੇ ਭ੍ਰਿਸ਼ਟਾਚਾਰ ਦੂਰ ਕਰਨ ਅਤੇ ਕਦੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਗੱਲ ਕਰਦਾ ਹੈ। ਪਰ ਸੱਚਾਈ ਇਹ ਹੈ ਕਿ ਉਹ ਐਸਵਾਈਐਲ ਦੇ ਜ਼ਰੀਏ ਪੰਜਾਬ ਦੇ ਪਾਣੀਆਂ ਨੂੰ ਲੁੱਟਣਾ ਚਾਹੁੰਦਾ ਹੈ। ਇਹ ਸ਼ਬਦ ਮਾਲ ਮੰਤਰੀ ਸ਼ ਬਿਕਰਮ ਸਿੰਘ ਮਜੀਠੀਆ ਨੇ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹ ਆਪ ਮੁਖੀ ਅਰਵਿੰਦ ਕੇਜਰੀਵਾਲ ਵੱਲੋਂ ਪਿਛਲੇ ਦਿਨੀਂ ਮਜੀਠਾ ਵਿਖੇ ਪੰਜਾਬ ਦੇ ਪਾਣੀਆਂ ਬਾਰੇ ਬਿਆਨ ਦਿੰਦਿਆਂ ਮਾਰੀ ਪੁੱਠੀ ਛਾਲ ਉੱਤੇ ਟਿੱਪਣੀ ਕਰ ਰਹੇ ਸਨ। ਉਹਨਾਂ ਕਿਹਾ ਕਿ ਕੇਜਰੀਵਾਲ ਮੁੱਢ ਤੋਂ ਹੀ ਪੰਜਾਬ ਦੇ ਪਾਣੀਆਂ ਨੂੰ ਲੁੱਟਣ ਵਾਸਤੇ ਸਾਜਿਸ਼ਾਂ ਘੜਦਾ ਆ ਰਿਹਾ ਹੈ। ਇਸ ਬਾਰੇ ਦਿੱਲੀ ਸਰਕਾਰ ਸੁਪਰੀਮ ਕੋਰਟ ਵਿਚ ਲਿਖ ਕੇ ਦੇ ਚੁੱਕੀ ਹੈ ਕਿ ਪੰਜਾਬ ਦਾ ਪਾਣੀ ਹਰਿਆਣਾ ਅਤੇ ਦਿੱਲੀ ਨੂੰ ਮਿਲਣਾ ਚਾਹੀਦਾ ਹੈ। ਇਸ ਕਰਕੇ ਪੰਜਾਬ ਦੇ ਚੋਣ ਦੌਰਿਆਂ ਦੌਰਾਨ ਕੇਜਰੀਵਾਲ ਇਸ ਮਾਮਲੇ ਉੱਤੇ ਲੰਬੀ ਦੇਰ ਤੋਂ ਚੁੱਪ ਵੱਟੀ ਬੈਠਾ ਸੀ। ਪਿਛਲੇ ਦਿਨੀ ਲੁਧਿਆਣਾ ਰੈਲੀ ਦੌਰਾਨ ਵੀ ਐਸਵਾਈਐਲ ਬਾਰੇ ਗੱਲ ਕਰਨ ਲੱਗਿਆਂ ਉਸ ਦੀ ਜ਼ਬਾਨ ਥਿੜਕ ਗਈ ਸੀ ਅਤੇ ਉਸ ਨੇ ਜੁਆਬ ਦੇਣ ਲਈ ਸਿਮਰਜੀਤ ਸਿੰਘ ਬੈਂਸ ਨੂੰ ਅੱਗੇ ਕਰ ਦਿੱਤਾ ਸੀ। ਅਕਾਲੀ ਆਗੂ ਨੇ ਅੱਗੇ ਦੱਸਿਆ ਕਿ ਮਜੀਠਾ ਵਿਖੇ ਰੈਲੀ ਦੌਰਾਨ ਜਦੋਂ ਕੇਜਰੀਵਾਲ ਤੋਂ ਐਸਵਾਈਐਲ ਬਾਰੇ ਪੁੱਛਿਆ ਤਾਂ ਉਸ ਨੇ ਆਪਣਾ ਅਸਲੀ ਰੰਗ ਵਿਖਾ ਦਿੱਤਾ ਕਿ ਪੰਜਾਬ ਦੇ ਪਾਣੀਆਂ ਉੱਤੇ ਸਾਰਿਆਂ ਦਾ ਹੱਕ ਹੈ। ਉਹਨਾਂ ਕਿਹਾ ਕਿ ਭਗਤ ਸਿੰਘ ਵਰਗੀਆਂ ਕੇਸਰੀ ਪੱਗਾਂ ਬੰਨ੍ਹ ਕੇ ਪੰਜਾਬ ਦੇ ਹਿੱਤਾਂ ਦੀ ਰਾਖੀ ਦੇ ਦਾਅਵੇ ਕਰਨ ਵਾਲੇ ਭਗਵੰਤ ਮਾਨ ਅਤੇ ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾ ਲੋਕਾਂ ਨੂੰ ਜੁਆਬ ਦੇਣ ਕਿ ਕੀ ਪਾਣੀਆਂ ਦੇ ਮੁੱਦੇ ਉੱਤੇ ਉਹ ਕੇਜਰੀਵਾਲ ਦੇ ਨਾਲ ਖੜ੍ਹੇ ਹਨ ਜਾਂ ਉਹਨਾਂ ਦੀ ਸੋਚ ਵੱਖਰੀ ਹੈ? ਸ਼ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਮੋਗੇ ਵਿਚ ਕੀਤੀ 'ਪਾਣੀ ਬਚਾਓ, ਪੰਜਾਬ ਬਚਾਓ' ਰੈਲੀ ਵਿਚ ਲੱਖਾਂ ਪੰਜਾਬੀਆਂ ਨੇ ਪਹੁੰਚ ਕੇ ਇਹ ਸੁਨੇਹਾ ਦੇ ਚੁੱਕੇ ਹਨ ਕਿ ਪੰਜਾਬ ਦੇ ਪਾਣੀਆਂ ਦੀ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਵੱਲ ਮੈਲੀ ਨਜ਼ਰ ਨਾਲ ਤੱਕਣ ਵਾਲਿਆਂ ਨੂੰ ਪੰਜਾਬੀਆਂ ਨੇ ਸਦਾ ਹੀ ਕਰਾਰਾ ਜਵਾਬ ਦਿੱਤਾ ਹੈ। ਆਪ ਦਾ ਵੀ ਚੋਣਾਂ ਵਿਚ ਉਹ ਹਾਲ ਹੋਣਾ ਹੈ ਕਿ ਟੋਪੀਆਂ ਵਾਲੇ ਨੇ ਮੁੜ ਪੰਜਾਬ ਵੱਲ ਮੂੰਹ ਨਹੀਂ ਕਰਨਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਰੇ ਵੱਡੇ ਆਗੂ ਪੰਜਾਬ ਤੋਂ ਬਾਹਰਲੇ ਹਨ, ਜਿਸ ਕਰਕੇ ਉਹਨਾਂ ਦਾ ਪੰਜਾਬ ਦੇ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ ਹੈ। ਕੇਜਰੀਵਾਲ ਦੇ ਹਿੱਤ ਦਿੱਲੀ ਅਤੇ ਹਰਿਆਣੇ ਨਾਲ ਜੁੜੇ ਹਨ। ਉਹਨਾਂ ਕਿਹਾ ਕਿ ਜੇਕਰ ਆਪ ਦੇ ਹੱਥ ਵਿਚ ਸੱਤਾ ਆ ਗਈ ਤਾਂ ਇਹ ਪੰਜਾਬ ਨੂੰ ਬਰਬਾਦ ਕਰ ਦੇਵੇਗੀ। ਦਿੱਲੀ ਵਾਲੇ ਲੋਕਾਂ ਨੂੰ ਮਿਲਦੀਆਂ ਸਾਰੀਆਂ ਸਹੂਲਤਾ ਬੰਦ ਕਰ ਦੇਣਗੇ ਅਤੇ ਪੰਜਾਬੀਆਂ ਨੂੰ ਇਸ ਤਰ੍ਹਾਂ ਲੁੱਟਣਾ ਸ਼ੁਰੂ ਕਰ ਦੇਣਗੇ ਕਿ ਉਹਨਾਂ ਨੂੰ ਮੁਗਲ ਹਮਲਾਵਰਾਂ ਵਾਲੇ ਦਿਨ ਚੇਤੇ ਆ ਜਾਣਗੇ।
Total Responses : 266