'ਆਪ' ਛਡ ਕੇ ਸ਼੍ਰੋਮਣੀ ਅਕਾਲੀ ਦਲ 'ਚ ਵਾਪਸੀ ਕਰਨ ਵਾਲਿਆਂ ਦਾ ਸਨਮਾਨ ਕਰਦੇ ਹੋਏ ਮੰਤਰੀ ਸ. ਸੁਰਜੀਤ ਸਿੰਘ ਰੱਖੜਾ, ਜ਼ਿਲ੍ਹਾ ਪ੍ਰਧਾਨ ਰਣਧੀਰ ਸਿੰਘ ਰੱਖੜਾ, ਉਮੀਦਵਾਰ ਨਾਭਾ ਕਬੀਰ ਦਾਸ ਤੇ ਨਰਦੇਵ ਸਿੰਘ ਆਕੜੀ ਸਮੇਤ ਹੋਰ।
ਪਟਿਆਲਾ, 18 ਦਸੰਬਰ, 2016 : ਕੁਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ 'ਚ ਗਏ ਦੋ ਅਕਾਲੀ ਜਥੇਦਾਰਾਂ ਨੂੰ ਆਪ ਦੀ ਕਾਰਜ ਪ੍ਰਣਾਲੀ ਪ੍ਰਭਾਵਤ ਨਾ ਕਰ ਸਕੀ, ਜਿਸ ਕਰਕੇ ਉਨ੍ਹਾਂ ਨੇ ਘਰ ਵਾਪਸੀ ਕਰ ਲਈ ਹੈ।
ਸਰਕਲ ਜਥੇਦਾਰ ਹਰਵਿੰਦਰ ਸਿੰਘ ਟੌਹੜਾ ਅਤੇ ਪੰਚਾਇਤ ਮੈਂਬਰ ਪਿੰਡ ਟੌਹੜਾ ਕੁਲਵਿੰਦਰ ਸਿੰਘ ਨੇ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਸ. ਸੁਰਜੀਤ ਸਿੰਘ ਰੱਖੜਾ, ਜ਼ਿਲ੍ਹਾ ਦਿਹਾਤੀ ਪ੍ਰਧਾਨ ਸ. ਰਣਧੀਰ ਸਿੰਘ ਰੱਖੜਾ, ਨਾਭਾ ਤੋਂ ਅਕਾਲੀ ਦਲ ਦੇ ਉਮੀਦਵਾਰ ਸ੍ਰੀ ਕਬੀਰ ਦਾਸ ਅਤੇ ਪਾਰਟੀ ਦੇ ਜ਼ਿਲ੍ਹਾ ਮੁੱਖ ਬੁਲਾਰੇ ਤੇ ਚੇਅਰਮੈਨ ਨਰਦੇਵ ਸਿੰਘ ਆਕੜੀ ਦੀ ਮੌਜੂਦਗੀ 'ਚ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ 'ਚ ਸ਼ਮੂਲੀਅਤ ਕੀਤੀ।
ਉਂਜ ਅਕਾਲੀ ਦਲ ਨੇ ਹਰਵਿੰਦਰ ਸਿੰਘ ਟੌਹੜਾ ਨੂੰ ਨੂੰ ਪਹਿਲਾਂ ਆਪ 'ਚ ਜਾਣ ਕਰਕੇ ਸਰਕਲ ਜਥੇਦਾਰੀ ਤੋਂ ਬਰਖਾਸਤ ਕਰ ਦਿਤਾ ਸੀ ਪਰੰਤੂ ਹੁਣ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਣ ਮਗਰੋਂ ਸਰਕਲ ਜਥੇਦਾਰੀ 'ਤੇ ਬਹਾਲ ਕਰ ਦਿਤਾ ਗਿਆ। ਜਦੋਂ ਕਿ ਕੁਲਵਿੰਦਰ ਸਿੰਘ ਨੂੰ ਯੂਥ ਅਕਾਲੀ ਦਲ ਦਾ ਜ਼ਿਲ੍ਹਾ ਜਨਰਲ ਸਕੱਤਰ ਦਾ ਅਹਿਮ ਅਹੁਦਾ ਦਿਤਾ ਗਿਆ ਹੈ।
ਇਸ ਮੌਕੇ ਸ. ਸੁਰਜੀਤ ਸਿੰਘ ਰੱਖੜਾ ਨੇ ਇਨ੍ਹਾਂ ਦਾ ਸਵਾਗਤ ਕਰਦਿਆਂ ਇਨ੍ਹਾਂ ਨੂੰ ਸਨਮਾਨਤ ਕੀਤਾ ਤੇ ਆਸ ਪ੍ਰਗਟਾਈ ਕਿ ਇਹ ਆਗੂ ਪਹਿਲਾਂ ਤੋਂ ਵੀ ਵਧੇਰੇ ਜੋਸ਼ ਨਾਲ ਪਾਰਟੀ ਅਤੇ ਹਲਕੇ ਦੇ ਲੋਕਾਂ ਦੀ ਸੇਵਾ ਕਰਨਗੇ। ਸ੍ਰੀ ਕਬੀਰ ਦਾਸ ਨੇ ਕਿਹਾ ਕਿ ਇਨ੍ਹਾਂ ਆਗੂਆਂ ਦੀ ਘਰ ਵਾਪਸੀ ਨਾਲ ਪਾਰਟੀ ਨੂੰ ਤਕੜਾ ਹੁਲਾਰਾ ਮਿਲਿਆ ਹੈ। ਰਣਧੀਰ ਸਿੰਘ ਰੱਖੜਾ ਨੇ ਕਿਹਾ ਕਿ ਸ. ਟੌਹੜਾ ਤੇ ਯੂਥ ਆਗੂ ਨੂੰ ਪਹਿਲਾਂ ਤੋਂ ਵੀ ਵਧੇਰੇ ਮਾਣ ਸਨਮਾਨ ਦਿਤਾ ਜਾਵੇਗਾ। ਇਸ ਮੌਕੇ ਚੇਅਰਮੈਨ ਜਸਪਾਲ ਸਿੰਘ ਕਲਿਆਣ, ਰਵਿੰਦਰ ਸਿੰਘ ਵਿੰਦਾ, ਅਜੇ ਥਾਪਰ, ਸੁਖਵਿੰਦਰ ਸਿੰਘ ਗਾਗੂ, ਸਤਨਾਮ ਸਿੰਘ ਸੱਤਾ ਤੇ ਹੋਰ ਵੀ ਕਈ ਸੀਨੀਅਰ ਆਗੂ ਮੌਜੂਦ ਸਨ। ਸ੍ਰੀ ਆਕੜੀ ਨੇ ਸਭ ਦਾ ਧਨਵਾਦ ਕੀਤਾ।