← ਪਿਛੇ ਪਰਤੋ
ਚੰਡੀਗੜ੍ਹ, 18 ਦਸੰਬਰ, 2016 : ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਭਾਰਤੀ ਜੂਨੀਅਰ ਹਾਕੀ ਟੀਮ ਨੂੰ 15 ਵਰ੍ਹਿਆਂ ਬਾਅਦ ਜੂਨੀਅਰ ਹਾਕੀ ਵਿਸ਼ਵ ਕੱਪ ਆਪਣੇ ਨਾਮ ਕਰਕੇ ਇਤਿਹਾਸ ਸਿਰਜਣ ਲਈ ਵਧਾਈ ਦਿੱਤੀ ਹੈ। ਇਕ ਵਧਾਈ ਸੰਦੇਸ਼ ਵਿਚ ਮੁੱਖ ਮੰਤਰੀ ਨੇ ਭਾਰਤੀ ਟੀਮ ਦੀ ਸ਼ਾਨਦਾਰ ਜਿੱਤ ਦੀ ਸ਼ਲਾਘਾ ਕੀਤੀ ਜਿਨ੍ਹਾਂ ਨੇ 2-1 ਗੋਲ ਨਾਲ ਬੈਲਜੀਅਮ ਦੀ ਟੀਮ ਨੂੰ ਮਾਤ ਦਿੱਤੀ। ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਇਸ ਟੀਮ ਦੇ ਕਪਤਾਨ ਹਰਜੀਤ ਸਿੰਘ ਸਮੇਤ ਪੰਜ ਖਿਡਾਰੀ ਪੰਜਾਬੀ ਹਨ। ਬਾਦਲ ਨੇ ਉਮੀਦ ਜ਼ਾਹਰ ਕੀਤੀ ਕਿ ਖਿਡਾਰੀਆਂ ਦੀ ਇਹ ਵਿਲੱਖਣ ਪ੍ਰਾਪਤੀ ਉਭਰਦੇ ਖਿਡਾਰੀਆਂ ਤੇ ਨੌਜਵਾਨਾਂ ਨੂੰ ਪ੍ਰੇਰਿਤ ਕਰੇਗੀ। ਟੀਮ ਦੇ ਬਿਹਤਰ ਭਵਿੱਖ ਤੇ ਸਫਲਤਾ ਲਈ ਕਾਮਨਾ ਕਰਦਿਆਂ ਮੁੱਖ ਮੰਤਰੀ ਨੇ ਆਸ ਪ੍ਰਗਟਾਈ ਕਿ ਇਹ ਟੀਮ ਖੇਡਾਂ ਦੇ ਖੇਤਰ ਵਿਚ ਦੇਸ਼ ਦੀ ਝੋਲੀ ਵਿਚ ਹੋਰ ਪ੍ਰਾਪਤੀਆਂ ਪਾਉਣ ਤੋਂ ਇਲਾਵਾ ਅਜਿਹੀਆਂ ਜਿੱਤਾਂ ਹਾਸਲ ਕਰਕੇ ਕੌਮਾਂਤਰੀ ਹਾਕੀ ਵਿਚ ਭਾਰਤ ਦਾ ਨਾਂ ਚਮਕਾਏਗੀ।
Total Responses : 266