ਟਿੱਕਾ ਯਸ਼ਵੀਰ ਚੰਦ ਜਿਹਨਾਂ ਨੂੰ ਪਾਰਟੀ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦਾ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਹੈ।
ਰੂਪਨਗਰ, 19 ਦਸੰਬਰ, 2016 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਡਿਪਟੀ ਸੀ ਐੱਮ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਮਿਹਨਤੀ ਤੇ ਟਕਸਾਲੀ ਆਗੂ ਟਿੱਕਾ ਯਸ਼ਵੀਰ ਚੰਦ ਨੂੰ ਪਾਰਟੀ ਦਾ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਹੈ। ਪਾਰਟੀ ਪ੍ਰਧਾਨ ਵੱਲੋਂ ਅੱਜ ਸੌਂਪੇ ਗਏ ਨਿਯੁਕਤੀ ਪੱਤਰ ਵਿਚ ਸ੍ਰੀ ਬਾਦਲ ਨੇ ਕਿਹਾ ਕਿ ਟਿੱਕੀ ਯਸ਼ਵੀਰ ਚੰਦ ਦੀਆਂ ਸ਼ਲਾਘਾਯੋਗ ਪੰਥਕ ਸੇਵਾਵਾਂ ਨੂੰ ਵੇਖਦਿਆਂ ਪਾਰਟੀ ਨੇ ਇਹ ਜ਼ਿੰਮੇਵਾਰੀ ਉਹਨਾਂ ਨੂੰ ਸੌਂਪਣ ਦਾ ਫੈਸਲਾ ਕੀਤਾ ਹੈ।
ਦੱਸਣਯੋਗ ਹੈ ਕਿ ਟਿੱਕਾ ਯਸ਼ਵੀਰ ਚੰਦ ਜੀ ਦੇ ਪਿਤਾ ਟਿੱਕਾ ਸ਼ਿਵ ਚੰਦ 1961 ਵਿਚ ਪੰਚਾਇਤ ਸੰਮਤੀ ਨੰਗਲ ਦੇ ਚੇਅਰਮੈਨ ਰਹੇ, 1975 ਵਿਚ ਨੂਰਪੁਰ ਬੇਦੀ ਪੰਚਾਇਤ ਸੰਮਤੀ ਦੇ ਚੇਅਰਮੈਨ ਬਣੇ ਤੇ ਫਿਰ 1985 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਨੰਗਲ ਵਿਧਾਨ ਸਭਾ ਹਲਕੇ ਤੋਂ ਚੋਣ ਲੜੀ ਸੀ। ਇਸੇ ਤਰ੍ਹਾਂ ਟਿੱਕਾ ਯਸ਼ਵੀਰ ਚੰਦ ਆਪ ਨੋਟੀਫਾਈਡ ਏਰੀਆ ਕਮੇਟੀ ਨਯਾ ਨੰਗਲ ਦੇ 1986 ਤੋਂ 1990 ਤੱਕ ਪ੍ਰਧਾਨ ਰਹੇ ਹਨ ਅਤੇ 1991 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਨੰਗਲ ਹਲਕੇ ਤੋਂ ਉਮੀਦਵਾਰ ਵਜੋ ਚੋਣ ਲੜ ਰਹੇ ਸਨ ਜਦੋਂ ਕੇਂਦਰ ਸਰਕਾਰ ਦੇ ਹੁਕਮਾਂ 'ਤੇ ਇਹ ਚੋਣ ਰੁਕਵਾ ਦਿੱਤੀ ਗਈ ਸੀ।
ਪੰਜਾਬ ਦੇ ਸਿੱਖਿਆ ਮੰਤਰੀ ਅਤੇ ਰੂਪਨਗਰ ਹਲਕੇ ਦੇ ਵਿਧਾਇਕ ਡਾ. ਦਲਜੀਤ ਸਿੰਘ ਚੀਮਾ ਨੇ ਇਸ ਨਿਯੁਕਤੀ ਲਈ ਪਾਰਟੀ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਟਿੱਕਾ ਯਸ਼ਵੀਰ ਚੰਦ ਪਰਿਵਾਰ ਦੀ ਪਾਰਟੀ ਪ੍ਰਤੀ ਵੱਡੀ ਦੇਣ ਹੈ ਤੇ ਉਹਨਾਂ ਵਰਗੇ ਮਿਹਨਤੀ ਤੇ ਟਕਸਾਲੀ ਆਗੂਆਂ ਦੇ ਸਿਰ 'ਤੇ ਹੀ ਪਾਰਟੀ ਪੂਰੀ ਚੜ੍ਹਦੀਕਲਾ ਵਿਚ ਹੈ। ਉਹਨਾਂ ਆਸ ਪ੍ਰਗਟ ਕੀਤੀ ਕਿ 2017 ਦੀਆਂ ਆਉਂਦੀਆਂ ਚੋਣਾਂ ਵਿਚ ਸੂਬੇ ਵਿਚ ਲਗਾਤਾਰ ਤੀਜੀ ਵਾਰ ਬਾਦਲ ਸਰਕਾਰ ਦੀ ਸਥਾਪਨਾ ਲਈ ਟਿੱਕਾ ਯਸ਼ਵੀਰ ਚੰਦ ਅਹਿਮ ਯੋਗਦਾਨ ਪਾਉਣਗੇ।