ਚੰਡੀਗੜ੍ਹ, 20 ਦਸੰਬਰ, 2016 : ਆਮ ਆਦਮੀ ਪਾਰਟੀ (ਆਪ) ਨੇ ਐਲਾਨ ਕੀਤਾ ਹੈ ਕਿ ਬਾਦਲ ਪਰਿਵਾਰ ਵੱਲੋਂ ਨਿਯਮਾਂ-ਕਾਨੂੰਨਾਂ ਨੂੰ ਛਿੱਕੇ ਟੰਗਦਿਆਂ ਨਿਊ ਚੰਡੀਗੜ੍ਹ ਦੇ ਕੋਲ ਬਣਾਇਆ ਗਿਆ ਸੱਤ ਸਿਤਾਰਾ ਹੋਟਲ ‘ਓਬਰਾਏ ਸੁਖਵਿਲਾਸ ਰਿਜੌਰਟ ਐਂਡ ਸਪਾ’ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ ਕੁਰਕ ਕੀਤਾ ਜਾਵੇਗਾ। ਐਨਾ ਹੀ ਨਹੀਂ, ਇਸ ਗੈਰਕਾਨੂੰਨੀ ਪ੍ਰੋਜੈਕਟ ਲਈ ਸਰਕਾਰੀ ਖਜਾਨੇ ਤੋਂ ਖਰਚ ਕੀਤੇ ਗਏ ਲਗਭਗ 30 ਕਰੋੜ ਰੁਪਏ ਦੀ ਭਰਪਾਈ ਬਾਦਲਾਂ ਦੀ ਜੇਬ ਤੋਂ ਕੀਤੀ ਜਾਵੇਗੀ।
ਮੰਗਲਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸੱਤਾਧਾਰੀ ਬਾਦਲ ਪਰਿਵਾਰ ਨੇ ਜਨਤਾ ਤੋਂ ਲੁੱਟੇ ਗਏ ਇਸ ਪੈਸੇ ਨਾਲ ਪੰਜ ਸਿਤਾਰਾ ਹੋਟਲ ਦਾ ਨਿਰਮਾਣ ਕਰਵਾਇਆ ਹੈ ਅਤੇ ਇਸਦੇ ਲਈ ਸਰਕਾਰੀ ਤੰਤਰ ਅਤੇ ਖਜਾਨੇ ਦੀ ਜਮਕੇ ਲੁੱਟ ਕੀਤੀ ਗਈ। ਆਪਣੇ ਪ੍ਰੋਜੈਕਟ ਦਾ ਮਹੱਤਵ ਵਧਾਉਣ ਲਈ ਪਹਿਲਾਂ ਸਰਕਾਰੀ ਖਜਾਨੇ ਵਿਚੋਂ ਲੱਖਾਂ-ਕਰੋੜਾਂ ਰੁਪਏ ਖਰਚ ਕਰਕੇ ਨਿਊ ਚੰਡੀਗੜ੍ਹ ਵਸਾਇਆ ਗਿਆ। ਫਿਰ ਸਿਸਵਾਂ ਟੀ-ਪੁਆਇੰਟ ਤੱਕ ਜੋ 8 ਲੇਨ ਸੜਕ ਬਣਾਈ ਗਈ, ਉਸ ਤਰਾਂ ਦੀ ਅਮਰੀਕਾ ਦੇ ਨਿਊਯਾਰਕ ਸਿਟੀ ਵਿੱਚ ਵੀ ਨਹੀਂ ਹੈ। ਐਥੇ ਹੀ ਬੱਸ ਨਹੀਂ, ਸਿਸਵਾਂ ਟੀ-ਪੁਆਇੰਟ ਤੋਂ ਪੱਲਣਪੁਰ ਪਿੰਡ ਵਿੱਚ ਸਥਿੱਤ ਸੁਖਵਿਲਾਸ ਰਿਜੌਰਟ ਤੱਕ ਕਿਸਾਨਾਂ ਦੀ ਜਮੀਨ ਐਕਵਾਇਰ ਕਰਕੇ 2.8 ਕਿੱਲੋਮੀਟਰ ਲੰਬਾ ਸ਼ਾਨਦਾਰ ਹਾਈਵੇ ਬਣਾਇਆ ਗਾ, ਜਿਸ ਉਤੇ ਸਰਕਾਰੀ ਖਜਾਨੇ ਵਿੱਚੋਂ ਲਗਭਗ 30 ਕਰੋੜ ਰੁਪਏ ਖਰਚ ਕੀਤੇ ਗਏ।
ਇਸ ਤੋਂ ਇਲਾਵਾ ਖਹਿਰਾ ਨੇ ਕਿਹਾ ਕਿ ਪੂਰਾ ਪ੍ਰੋਜੈਕਟ ਗੈਰ-ਕਾਨੂੰਨੀ ਰੂਪ ਨਾਲ ਬਣਾਇਆ ਗਿਆ ਹੈ ਅਤੇ ਗੈਰ-ਸੰਵੈਧਾਨਿਕ ਪ੍ਰੋਜੈਕਟ ਹੈ। ‘ਆਪ’ਦੇ ਆਰਟੀਆਈ ਵਿੰਗ ਵੱਲੋਂ ਬਰੀਕੀ ਨਾਲ ਜਾਣਕਾਰੀ ਜੁਟਾਉਣ ਮਗਰੋਂ ਕੇਂਦਰ ਨੂੰ ਸ਼ਿਕਾਇਤ ਦਿੱਤੀ ਗਈ ਸੀ, ਉਸੇ ਆਧਾਰ ਉਤੇ ਹੁਣ ਕੇਂਦਰੀ ਵਾਤਾਵਰਣ ਮੰਤਰਾਲੇ ਨੇ ਇਸ ਦਾ ਨੋਟਿਸ ਤਾਂ ਲੈ ਲਿਆ, ਪਰ ਨਰਿੰਦਰ ਮੋਦੀ ਸਰਕਾਰ ਵੱਲੋਂ ਉਚਿਤ ਕਾਰਵਾਈ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਇਸ ਲਈ ਇਸ ਪੂਰੇ ਪ੍ਰੋਜੈਕਟ ਦੀ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀ ਨਿਗਰਾਨੀ ਵਿੱਚ ਸਮਾਂਬੱਧ ਜਾਂਚ ਹੋਣੀ ਚਾਹੀਦੀ ਹੈ।
ਆਪ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਬਾਦਲ ਪਰਿਵਾਰ ਵੱਲੋਂ ਸੱਤਾ ਦਾ ਦੁਰਉਪਯੋਗ ਕਰਦਿਆਂ ਇਕੱਠੀ ਕੀਤੀ ਗਈ ਨਾਮੀ-ਬੇਨਾਮੀ ਜਾਇਦਾਦਾਂ ਦੀ ਜਾਂਚ ਲਈ ‘ਵਿਸ਼ੇਸ਼ ਜਾਂਚ ਕਮਿਸ਼ਨ’ ਦਾ ਗਠਨ ਕੀਤਾ ਜਾਵੇਗਾ।
ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਸੰਗਰੂਰ ਵਿੱਚ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦੀ ਕੋਠੀ ਦੇ ਸਾਹਮਣੇ ਸੈਦੋਪੁਰ ਪਿੰਡ ਦੇ ਕਿਸਾਨ ਦਰਸ਼ਨ ਸਿੰਘ ਵੱਲੋਂ ਕੀਤੀ ਗਈ ਆਤਮ-ਹੱਤਿਆ ਅਸਲ ਵਿੱਚ ਹੱਤਿਆ ਹੈ, ਜਿਸਦੇ ਲਈ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨਾਂ ਦੀ ਸਮੁੱਚੀ ਕੈਬਿਨੇਟ ਸਿੱਧੂ ਰੂਪ ਵਿੱਚ ਜਿੰਮੇਵਾਰ ਹੈ। ਖਹਿਰਾ ਨੇ ਕਿਸਾਨ ਅਤੇ ਖੇਤ ਮਜਦੂਰਾਂ ਵੱਲੋਂ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਉਤੇ ਡੂੰਘਾ ਅਫਸੋਸ ਜਤਾਉਂਦਿਆਂ ਕਿਹਾ ਕਿ ਡੇਢ ਦਰਜਨ ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਖਿਲਾਫ ਸੰਘਰਸ਼ ਕਰ ਰਹੀਆਂ ਹਨ, ਪਰ ਬਾਦਲ ਸਰਕਾਰ ਨੇ ਕਿਸਾਨਾਂ ਅਤੇ ਖੇਤ ਮਜਦੂਰਾਂ ਦੀਆਂ ਉਚਿਤ ਮੰਗਾਂ ਨੂੰ ਪੂਰੀ ਤਰਾਂ ਨਜਰਅੰਦਾਜ ਕੀਤਾ ਹੈ। ਉਨਾਂ ਕਿਹਾ ਕਿ ਸਿਰਫ ਆਮ ਆਦਮੀ ਪਾਰਟੀ ਹੀ ਅਜਿਹਾ ਸਿਆਸੀ ਦਲ ਹੈ, ਜਿਸਨੇ ਵੱਖਰਾ ਚੋਣ ਮਨੋਰਥ ਪੱਤਰ ਜਾਰੀ ਕਰਕੇ ਦਸੰਬਰ 2018 ਤੱਕ ਸਾਰੇ ਕਿਸਾਨਾਂ ਨੂੰ ਕਰਜਾ-ਮੁਕਤ ਕਰਨ ਦਾ ਪ੍ਰੋਗਰਾਮ ਦਿੱਤਾ ਹੈ।
ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਗਾਮੀ 28 ਦਸੰਬਰ ਨੂੰ ਲੰਬੀ ਵਿੱਚ ਰੈਲੀ ਆਯੋਜਿਤ ਕਰਨ ਜਾ ਰਹੀ ਹੈ, ਪਰ ਬਾਦਲ ਪਰਿਵਾਰ ਲਈ ਦਲਾਲਾਂ ਵਾਂਗ ਕੰਮ ਕਰਨ ਵਾਲੇ ਦਿਆਲ ਸਿੰਘ ਕੋਲਿਆਂਵਾਲੀ ਨੇ ਰੈਲੀ ਵਾਲੀ ਥਾਂ ਉਤੇ ਆਮ ਆਦਮੀ ਪਾਰਟੀ ਦੇ ਪ੍ਰਬੰਧਕਾਂ ਨੂੰ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਬੇਹੱਦ ਨਿੰਦਣਯੋਗ ਹੈ। ਖਹਿਰਾ ਨੇ ਅਕਾਲੀ ਆਗੂਆਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਰੈਲੀ ਹਰ ਹਾਲ ਵਿੱਚ ਹੋ ਕੇ ਰਹੇਗੀ ਕਿਉਂਕਿ ਉਨਾਂ ਨੇ ਚੂੜੀਆਂ ਨਹੀਂ ਪਾਈਆਂ ਹੋਈਆਂ।
ਖਹਿਰਾ ਨੇ ਪੰਜਾਬ ਵਿਧਾਨ ਸਭਾ ਵਿੱਚ ਸੋਮਵਾਰ ਨੂੰ 27 ਹਜਾਰ ਕੱਚੇ ਕਰਮਚਾਰੀਆਂ ਦੀ ਨੌਕਰੀ ਪੱਕੀ ਕਰਨ ਸਮੇਤ 39 ਮਿੰਟ ਵਿੱਚ ਪਾਸ ਕੀਤੇ ਗਏ 9 ਬਿਲਾਂ ਨੂੰ ਜਨਤਾ ਨਾਲ ਧੋਖਾ ਦੱਸਿਆ ਹੈ। ਉਨਾਂ ਕਿਹਾ ਕਿ ਜੋ ਕੰਮ ਸਰਕਾਰ ਨੂੰ ਸਾਲਾਂ ਪਹਿਲਾਂ ਕਰਨੇ ਚਾਹੀਦੇ ਸਨ, ਉਹ ਕੰਮ ਆਖਰੀ ਪਲਾਂ ਵਿੱਚ ਕੀਤੇ ਜਾ ਰਹੇ ਹਨ, ਜੋ ਕਿ ਸਰਕਾਰ ਦੇ ਆਪਣੇ ਹੀ ਕਾਨੂੰਨ ਦੇ ਖਿਲਾਫ ਹੈ ਅਤੇ ਸਰਕਾਰ ਦੀ ਖੋਟੀ ਨੀਅਤ ਦਾ ਸਬੂਤ ਹੈ। ਉਨਾਂ ਨੇ ਕਿਹਾ ਕਿ ਜੇਕਰ ਸਰਕਾਰ ਦੀ ਨੀਅਤ ਸਾਫ ਹੁੰਦੀ ਤਾਂ ਸਾਲਾਂ ਤੋਂ ਪੱਕੀ ਨੌਕਰੀ ਲਈ ਸੰਘਰਸ਼ ਕਰਦੇ ਆ ਰਹੇ ਕੱਚੇ ਅਤੇ ਠੇਕਾ ਆਧਾਰਿਤ ਕਰਮਚਾਰੀਆਂ ਨੂੰ ਕਦੋਂ ਦਾ ਪੱਕਾ ਕਰ ਦਿੱਤਾ ਹੁੰਦਾ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਇਕੱਲੀ ਪਾਰਟੀ ਹੈ ਜੋ ਠੇਕਾ ਭਰਤੀ ਪ੍ਰਣਾਲੀ ਦੇ ਖਿਲਾਫ ਹੈ ਅਤੇ ਸਥਾਈ ਨੌਕਰੀਆਂ ਦੇਣ ਵਿੱਚ ਭਰੋਸਾ ਰੱਖਦੀ ਹੈ। ਆਮ ਆਦਮੀ ਪਾਰਟੀ ਦੇ ਨੌਜਵਾਨ ਚੋਣ ਮਨੋਰਥ ਪੱਤਰ ਵਿੱਚ ਨਾ ਕੇਵਲ ਇਹ ਵਾਅਦਾ ਦਰਜ ਹੈ ਬਲਕਿ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਇਸ ਤਰਾਂ ਦਾ ਵਾਅਦਿਆਂ ਨੂੰ ਲਾਗੂ ਵੀ ਕੀਤਾ ਹੈ। ਇਸ ਮੌਕੇ ਉਨਾਂ ਦੇ ਨਾਲ ਪਾਰਟੀ ਦੀ ਕੌਮੀ ਕੌਂਸਲ ਦੇ ਮੈਂਬਰ ਦੀਪਕ ਬਾਜਪਾਈ ਅਤੇ ਪ੍ਰਦੇਸ਼ ਸਕੱਤਰ ਗੁਲਸ਼ਨ ਛਾਬੜਾ ਵੀ ਮੌਜੂਦ ਸਨ।