ਸਮਰਾਲਾ/ਲੁਧਿਆਣਾ, 21 ਦਸੰਬਰ, 2016 : ਡਿਪਟੀ ਸੀ ਐੱਮ ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਨੂੰ ਚੱਲੇ ਹੋਏ ਕਾਰਤੂਸਾਂ ਦਾ ਨਾਮ ਦਿੰਦਿਆਂ ਕਿਹਾ ਹੈ ਕਿ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਨਾ ਤਾਂ ਕਾਂਗਰਸ ਪਾਰਟੀ ਨੂੰ ਅਤੇ ਨਾ ਹੀ ਇਨਾਂ ਨੇਤਾਵਾਂ ਨੂੰ ਲੋਕਾਂ ਨੇ ਮੂੰਹ ਲਾਉਣਾ ਹੈ। ਇਨਾਂ ਨੇਤਾਵਾਂ ਦੀ ਰਾਜਸੀ ਹੋਂਦ ਇਨਾਂ ਚੋਣਾਂ ਤੱਕ ਹੀ ਹੈ। ਚੋਣਾਂ ਦੇ ਨਤੀਜੇ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਆਉਣ ਉਪਰੰਤ ਇਹ ਲੱਭਣੇ ਨਹੀਂ।
ਅੱਜ ਸਥਾਨਕ ਚੰਡੀਗੜ ਸੜਕ 'ਤੇ ਖਰੜ ਤੋਂ ਸਮਰਾਲਾ ਚੌਕ (ਲੁਧਿਆਣਾ ਸ਼ਹਿਰ) ਤੱਕ ਸੜਕ ਨੂੰ 4/6 ਮਾਰਗੀ ਕਰਨ ਸੰਬੰਧੀ ਰੱਖੇ ਭੂਮੀ ਪੂਜਨ ਸਮਾਗਮ ਵਿੱਚ ਸ਼ਿਰਕਤ ਕਰਨ ਮੌਕੇ ਪੱਤਰਕਾਰਾਂ ਵੱਲੋਂ ਨਵਜੋਤ ਸਿੰਘ ਸਿੱਧੂ ਅਤੇ ਰਾਹੁਲ ਗਾਂਧੀ ਦਰਮਿਆਨ ਹੋਈ ਮੁਲਾਕਾਤ ਬਾਰੇ ਪੁੱਛੇ ਜਾਣ 'ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਲੋਕਾਂ ਵੱਲੋਂ ਨਕਾਰੇ ਹੋਏ ਅਤੇ ਚੱਲੇ ਹੋਏ ਕਾਰਤੂਸ ਹਨ, ਜੋ ਕਿ ਪੰਜਾਬ ਦੀ ਰਾਜਨੀਤੀ ਅਤੇ ਮੌਜੂਦਾ ਸਿਆਸੀ ਸਮੀਕਰਨਾਂ 'ਤੇ ਕੋਈ ਅਸਰ ਨਹੀਂ ਪਾ ਸਕਦੇ ਹਨ।
ਉਨਾਂ ਕਿਹਾ ਕਿ ਸਾਲ 2014 ਵਿੱਚ ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਆਮ ਚੋਣਾਂ ਲੜੀਆਂ ਸਨ ਪਰ ਪਾਰਟੀ ਨੂੰ ਇਤਿਹਾਸ ਵਿੱਚ ਪਹਿਲੀ ਵਾਰ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸੇ ਤਰਾਂ ਕੈਪਟਨ ਅਮਰਿੰਦਰ ਸਿੰਘ ਦੇ 5 ਸਾਲ ਦੇ ਰਾਜ ਨੂੰ ਲੋਕ ਚੰਗੀ ਤਰਾਂ ਜਾਣਦੇ ਹਨ। ਕੈਪਟਨ ਨੇ ਮੁੱਖ ਮੰਤਰੀ ਹੁੰਦਿਆਂ ਲੋਕਾਂ ਦੀ ਭਲਾਈ ਲਈ ਹੋਰ ਕੰਮ ਤਾਂ ਕੀ ਕਰਨਾ ਸੀ, ਸਗੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਵੱਲੋਂ ਚਲਾਈਆਂ ਸਾਰੀਆਂ ਯੋਜਨਾਵਾਂ ਨੂੰ ਵੀ ਬੰਦ ਕਰ ਦਿੱਤਾ ਸੀ। ਕੈਪਟਨ ਨੇ ਆਪਣੇ ਕਾਰਜਕਾਲ ਦੌਰਾਨ ਇੱਕ ਵੀ ਨੌਜਵਾਨ ਨੂੰ ਨੌਕਰੀ ਨਹੀਂ ਦਿੱਤੀ ਜਦਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਸਰਕਾਰ ਵੱਲੋਂ ਪਿਛਲੇ 10 ਸਾਲਾਂ ਦੌਰਾਨ 2.5 ਲੱਖ ਨੌਜਵਾਨਾਂ ਨੂੰ ਨੌਕਰੀ ਦੇ ਕੇ ਨਵਾਂ ਇਤਿਹਾਸ ਸਿਰਜਿਆ ਗਿਆ ਹੈ।
ਉਨਾਂ ਕਿਹਾ ਕਿ ਕੈਪਟਨ ਇੱਕ ਪਾਸੇ ਤਾਂ ਕਹਿੰਦੇ ਹਨ ਕਿ ਉਹ ਸੱਤਾ ਵਿੱਚ ਆਉਣ 'ਤੇ ਕਿਸਾਨਾਂ ਦਾ ਕਰਜ਼ਾ ਖੁਦ ਮੁਆਫ਼ ਕਰਨਗੇ, ਦੂਜੇ ਪਾਸੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਫਰਿਆਦਾਂ ਕਰਨ ਦਾ ਢੌਂਗ ਰਚ ਰਹੇ ਹਨ। ਪੰਜਾਬ ਦੇ ਕਿਸਾਨ ਜਾਣਦੇ ਹਨ ਕਿ ਕੈਪਟਨ ਇਸ ਮੁੱਦੇ 'ਤੇ ਝੂਠ ਬੋਲ ਕੇ ਗੁੰਮਰਾਹ ਕਰਨ ਲੱਗੇ ਹੋਏ ਹਨ। ਇਸੇ ਤਰਾਂ ਨਵਜੋਤ ਸਿੰਘ ਸਿੱਧੂ ਨੂੰ ਜਦ ਕਿਸੇ ਹੋਰ ਪਾਰਟੀ ਨੇ ਮੂੰਹ ਨਹੀਂ ਲਗਾਇਆ ਤਾਂ ਉਹ ਕਾਂਗਰਸ ਵਿੱਚ ਚਲਾ ਗਿਆ। ਉਨਾਂ ਕਾਂਗਰਸ ਪਾਰਟੀ ਨੂੰ ਕਬਾੜ ਪਾਰਟੀ ਕਹਿੰਦਿਆਂ ਕਿਹਾ ਕਿ ਜਿਨਾਂ ਲੀਡਰਾਂ ਨੂੰ ਪਾਰਟੀਆਂ ਵੱਲੋਂ ਟਿਕਟਾਂ ਨਹੀਂ ਦਿੱਤੀਆਂ ਜਾ ਰਹੀਆਂ ਹਨ, ਕਾਂਗਰਸੀ ਨੇਤਾ ਇਨਾਂ ਲੀਡਰਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕਰਨ 'ਚ ਲੱਗੇ ਹੋਏ ਹਨ। ਉਨਾਂ ਕਿਹਾ ਕਿ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੇ ਸੂਝਵਾਨ ਲੋਕ ਕਾਂਗਰਸ ਅਤੇ ਇਸਦੇ ਨੇਤਾਵਾਂ ਨੂੰ ਕਦੇ ਵੀ ਮੂੰਹ ਨਹੀਂ ਲਗਾਉਣਗੇ।
ਇਸ ਮੌਕੇ ਰੱਖੇ ਭਰਵੇਂ ਇਕੱਠ ਵਾਲੇ ਸਮਾਗਮ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਦੀ ਲੜਾਈ ਲੜੀ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਸਰਕਾਰ ਨੇ 10 ਸਾਲ ਪਹਿਲਾਂ ਜੋ ਵਾਅਦੇ ਕੀਤੇ ਸਨ, ਉਹ ਤਕਰੀਬਨ ਸਾਰੇ ਪੂਰੇ ਕਰ ਦਿੱਤੇ ਹਨ। ਸੂਬੇ ਵਿੱਚ ਵਿਕਾਸ ਬਹੁਤ ਤੇਜ਼ੀ ਨਾਲ ਜਾਰੀ ਹੈ, ਜਿਸ ਨੂੰ ਚਾਲੂ ਰੱਖਣ ਲਈ ਸੂਬੇ ਵਿੱਚ ਤੀਜੀ ਵਾਰ ਗਠਜੋੜ ਦੀ ਸਰਕਾਰ ਲਿਆਉਣਾ ਸਮੇਂ ਦੀ ਵੱਡੀ ਲੋੜ ਹੈ। ਉਨਾਂ ਕਿਹਾ ਕਿ ਉਨਾਂ ਦਾ ਨਿਸ਼ਾਨਾ ਹੈ ਕਿ ਅਗਲੇ ਪੰਜ ਸਾਲਾਂ ਵਿੱਚ ਪੰਜਾਬ ਦੇ ਸਾਰੇ 12 ਹਜ਼ਾਰ ਪਿੰਡਾਂ ਵਿੱਚ ਮੁਕੰਮਲ ਸੀਵਰੇਜ਼, ਪੀਣ ਵਾਲਾ ਪਾਣੀ ਅਤੇ ਸੋਲਰ ਲਾਈਟਾਂ ਮੁਹੱਈਆ ਕਰਵਾਇਆ ਜਾਵੇ। ਇਸੇ ਤਰਾਂ ਬੁਨਿਆਦੀ ਸਹੂਲਤਾਂ, ਸੂਬੇ ਦੇ ਸਨਅਤੀ ਵਿਕਾਸ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਿਲ ਬਣਾਉਣ ਦੇ ਨਾਲ-ਨਾਲ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ।
ਉਨਾਂ ਦਾਅਵੇ ਨਾਲ ਕਿਹਾ ਕਿ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਸਾਲ 2012 ਦੇ ਮੁਕਾਬਲੇ ਜਿਆਦਾ ਸੀਟਾਂ ਜਿੱਤੇਗਾ ਅਤੇ ਗਠਜੋੜ ਪੂਰਨ ਬਹੁਮਤ ਨਾਲ ਸਰਕਾਰ ਬਣਾਵੇਗਾ। ਜਦਕਿ ਆਪ ਪਾਰਟੀ ਨੂੰ 6-7 ਸੀਟਾਂ ਮਿਲਣਗੀਆਂ ਅਤੇ ਕਾਂਗਰਸੀਆਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿਚਲੀਆਂ ਸਾਰੀਆਂ ਸੜਕਾਂ ਨੂੰ 4 ਜਾਂ ਛੇ ਮਾਰਗੀ ਕੀਤਾ ਜਾ ਰਿਹਾ ਹੈ। ਅਗਲੇ ਡੇਢ ਸਾਲ ਵਿੱਚ ਸੂਬੇ ਦੀ ਕੋਈ ਵੀ ਮਹੱਤਵਪੂਰਨ ਸੜਕ 4 ਜਾਂ 6 ਮਾਰਗੀ ਤੋਂ ਘੱਟ ਨਹੀਂ ਹੋਵੇਗੀ। ਇਸੇ ਤਰਾਂ ਜਲਦ ਹੀ ਰਾਜ ਮਾਰਗਾਂ ਨੂੰ ਵੀ 4 ਮਾਰਗੀ ਕਰਨ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ।
ਇਸ ਮੌਕੇ ਉਨਾਂ ਖਰੜ ਤੋਂ ਲੈ ਕੇ ਸਮਰਾਲਾ ਚੌਕ (ਲੁਧਿਆਣਾ ਸ਼ਹਿਰ) ਤੱਕ 1967 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪ੍ਰੋਜੈਕਟ ਅਤੇ ਲੁਧਿਆਣਾ ਸਥਿਤ ਸਿੱਧਵਾਂ ਨਹਿਰ ਦੇ ਨਾਲ ਲਾਡੋਵਾਲ ਬਾਈਪਾਸ ਪ੍ਰੋਜੈਕਟ ਦੇ ਭੂਮੀ ਪੂਜਨ ਸਮਾਰੋਹ ਵਿੱਚ ਸ਼ਿਰਕਤ ਕੀਤੀ। ਲਾਡੋਵਾਲ ਬਾਈਪਾਸ ਪ੍ਰੋਜੈਕਟ ਵੀ 392 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਕੀਤਾ ਜਾਵੇਗਾ। ਇਸ ਦੌਰਾਨ ਉਨਾਂ ਰਾਮਗੜੀਆ ਭਲਾਈ ਬੋਰਡ ਦੇ ਸਾਬਕਾ ਚੇਅਰਮੈਨ ਅਤੇ ਪ੍ਰਸਿੱਧ ਸਨਅਤਕਾਰ ਸ੍ਰ. ਗੁਰਮੀਤ ਸਿੰਘ ਕੁਲਾਰ ਦੇ ਗ੍ਰਹਿ ਦਾ ਵੀ ਦੌਰਾ ਕੀਤਾ ਅਤੇ ਸਨਅਤਕਾਰਾਂ ਨਾਲ ਸੂਬੇ ਦੇ ਸਨਅਤੀ ਵਿਕਾਸ ਬਾਰੇ ਵਿਚਾਰਾਂ ਕੀਤੀਆਂ। ਉਨਾਂ ਹਲਕਾ ਸਮਰਾਲਾ ਤੋਂ ਪਾਰਟੀ ਉਮੀਦਵਾਰ ਸ੍ਰ. ਸੰਤਾ ਸਿੰਘ ਉਮੈਦਪੁਰੀ ਅਤੇ ਹਲਕਾ ਆਤਮ ਨਗਰ (ਲੁਧਿਆਣ) ਤੋਂ ਗੁਰਮੀਤ ਸਿੰਘ ਕੁਲਾਰ ਨੂੰ ਜਿਤਾਉਣ ਦੀ ਅਪੀਲ ਕੀਤੀ।
ਵੱਖ-ਵੱਖ ਸਮਾਗਮਾਂ ਨੂੰ ਅਧੀਨ ਸੇਵਾਵਾਂ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਸੰਤਾ ਸਿੰਘ ਉਮੈਦਪੁਰੀ, ਮਾਰਕਫੈੱਡ ਪੰਜਾਬ ਦੇ ਚੇਅਰਮੈਨ ਜਗਜੀਵਨ ਸਿੰਘ ਖੀਰਨੀਆਂ, ਗੁਰਮੀਤ ਸਿੰਘ ਕੁਲਾਰ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ। ਸ੍ਰ. ਬਾਦਲ ਨਾਲ ਹੋਰਨਾਂ ਤੋਂ ਇਲਾਵਾ ਸਿੰਚਾਈ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਵਿਧਾਇਕ ਸ੍ਰ. ਦਰਸ਼ਨ ਸਿੰਘ ਸ਼ਿਵਾਲਿਕ, ਸਾਬਕਾ ਵਿਧਾਇਕ ਸ੍ਰ. ਰਣਜੀਤ ਸਿੰਘ ਢਿੱਲੋਂ, ਉੱਪ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਤਿਵਾੜੀ ਕਮਿਸ਼ਨਰ ਪੁਲਿਸ ਸ੍ਰ. ਜਤਿੰਦਰ ਸਿੰਘ ਔਲਖ਼, ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ, ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸ੍ਰ. ਭੁਪਿੰਦਰ ਸਿੰਘ ਚੀਮਾ, ਭਾਜਪਾ ਨੇਤਾ ਸ੍ਰ. ਬਿਕਰਮਜੀਤ ਸਿੰਘ ਚੀਮਾ, ਸ੍ਰ. ਹਰਪ੍ਰੀਤ ਸਿੰਘ ਸ਼ਿਵਾਲਿਕ, ਸ੍ਰੀ ਮਦਨ ਲਾਲ ਬੱਗਾ, ਬਾਬਾ ਜਗਰੂਪ ਸਿੰਘ, ਸ੍ਰ. ਪਰਮਜੀਤ ਸਿੰਘ ਢਿੱਲੋਂ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।