ਅੰਮ੍ਰਿਤਸਰ ਪ੍ਰੈੱਸ ਕਲੱਬ ਦਾ ਉਦਘਾਟਨ ਕਰਦੇ ਹੋਏ ਸ: ਬਿਕਰਮ ਸਿੰਘ ਮਜੀਠੀਆ ਤੇ ਹੋਰ ।
ਅੰਮ੍ਰਿਤਸਰ, 21 ਦਸੰਬਰ, 2016 : ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਵਾਅਦੇ ਪੂਰੇ ਕਰਨ 'ਚ ਵਿਸ਼ਵਾਸ ਰੱਖਦਾ ਹੈ, ਜਦਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਿਰਫ਼ ਝੂਠੇ ਵਾਅਦੇ ਕਰਨ ਤੱਕ ਹੀ ਸੀਮਿਤ ਹਨ। ਉਨ੍ਹਾਂ ਕਿਹਾ ਕਿ ਸੱਤਾਧਾਰੀ ਗੱਠਜੋੜ ਕਰਾਏ ਗਏ ਵਿਕਾਸ ਦੇ ਏਜੰਡੇ 'ਤੇ ਆਗਾਮੀ ਵਿਧਾਨ ਸਭਾ ਚੋਣਾਂ ਲੜੇਗਾ ਅਤੇ ਜਿੱਤ ਹਾਸਲ ਕਰ ਕੇ ਲਗਾਤਾਰ ਤੀਜੀ ਵਾਰ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਵਿਕਸਤ ਕਰਕੇ ਜਿੱਥੇ ਸੂਬੇ ਨੂੰ ਵਾਧੂ ਬਿਜਲੀ ਵਾਲਾ ਤੇ ਵਧੀਆ ਸੜਕੀ ਤੇ ਹਵਾਈ ਸੰਪਰਕ ਵਾਲਾ ਬਣਾਇਆ ਹੈ, ਉੱਥੇ ਹੀ ਕਿਸਾਨ ਅਤੇ ਦਲਿਤ ਵਰਗ ਨੂੰ ਸਹੂਲਤਾਂ ਦੇ ਗੱਫੇ ਦਿੱਤੇ ਗਏ ਅਤੇ ਵਿਸ਼ਾਲ ਯਾਦਗਾਰਾਂ ਸਥਾਪਿਤ ਕਰਦਿਆਂ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਦਾ ਹੰਭਲਾ ਮਾਰਿਆ ਗਿਆ।
ਸ. ਮਜੀਠੀਆ ਨੇ ਇਹ ਪ੍ਰਗਟਾਵਾ ਅੱਜ ਇੱਥੇ ਪੰਜਾਬ ਸਰਕਾਰ ਵੱਲੋਂ ਨਿਊ ਅੰਮ੍ਰਿਤਸਰ ਵਿਖੇ 2.50 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਆਲੀਸ਼ਾਨ ਅਤੇ ਅਤਿ-ਆਧੁਨਿਕ ਸਹੂਲਤਾਂ ਵਾਲੇ ਅੰਮ੍ਰਿਤਸਰ ਪ੍ਰੈੱਸ ਕਲੱਬ ਦਾ ਉਦਘਾਟਨ ਕਰਦਿਆਂ ਅੰਮ੍ਰਿਤਸਰ ਦੇ ਪੱਤਰਕਾਰ ਭਾਈਚਾਰੇ ਨੂੰ ਨਵੇਂ ਸਾਲ ਦਾ ਬਿਹਤਰੀਨ ਤੋਹਫ਼ਾ ਦੇਣ ਮੌਕੇ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਐੱਸ ਵਾਈ ਐਲ ਅਤੇ 27 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਵਰਗੇ ਗੰਭੀਰ ਮੁੱਦਿਆਂ 'ਤੇ ਕਾਂਗਰਸ ਅਤੇ 'ਆਪ' ਦੋਵਾਂ ਪਾਰਟੀਆਂ ਦਾ ਪੰਜਾਬ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਅਰਵਿੰਦ ਕੇਜਰੀਵਾਲ ਲੋਕਾਂ ਨਾਲ ਕੀਤੇ ਵਾਅਦੇ ਨਾ ਪੂਰੇ ਕਰਕੇ ਪਹਿਲਾਂ ਹੀ ਬੇਨਕਾਬ ਹੋ ਚੁੱਕੇ ਹਨ। ਸ. ਨਵਜੋਤ ਸਿੰਘ ਸਿੱਧੂ ਨੂੰ ਮੌਕਾਪ੍ਰਸਤ ਕਰਾਰ ਦਿੰਦਿਆਂ ਉਨ੍ਹਾਂ ਵਿਅੰਗ ਕੱਸਦਿਆਂ ਕਿਹਾ ਕਿ ਉਨ੍ਹਾਂ ਦਾ ਕਾਂਗਰਸ ਨਾਲ ਸੌਦਾ ਨੇਪਰੇ ਚੜ ਗਿਆ ਹੈ।ਘੱਟੋ ਘਟ ਸਿੱਧੂ ਬਾਰੇ ਲੋਕਾਂ ਨੂੰ ਇਹ ਤਾਂ ਪਤਾ ਚਲ ਗਿਆ ਹੈ ਕਿ ਕਿਨ੍ਹਾਂ ਸਿਧਾਂਤਾਂ ਦੀ ਗਲ ਕਰਦਾ ਸੀ ਤੇ ਕਿਨ੍ਹਾਂ ਨਾਲ ਜਾ ਰਲਿਆ।ਉਹਨਾਂ ਕਿਹਾ ਕਿ ਇਹ ਤਾਂ ਸ਼ੁਰੂਆਤ ਹੈ ਅਭੀ ਪਿਕਚਰ ਬਾਕੀ ਹੈ ਦੋਸਤੋ।। ਉਹਨਾਂ ਕਿਹਾ ਕਿ ਕੇਜਰੀਵਾਲ ਅਤੇ ਉਸ ਦੀ ਜੁੰਡਲੀ ਜੋ ਵੀ ਬਿਆਨ ਦਿੰਦੀ ਹੈ ਉਸ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਇਹ ਲੋਕ ਬੇਸ਼ਰਮੀ ਨਾਲ ਵਾਰ ਵਾਰ ਸਟੈਂਡ ਬਦਲਣ ਵਿੱਚ ਮਾਹਿਰ ਹਨ। ਭਗਵੰਤ ਮਾਨ ਦਾ ਤਾਂ ਇਹ ਵੀ ਪਤਾ ਨਹੀਂ ਲਗਦਾ ਕਿ ਉਹ ਸੋਫ਼ੀ ਸੀ ਜਾਂ ਕੁੱਝ ਹੋਰ।
ਕਾਂਗਰਸ ਅਤੇ ਕੇਜਰੀਵਾਲ ਦੇ ਚੋਣ ਸਲੋਗਨਾਂ ਬਾਰੇ ਪੁੱਛੇ ਜਾਣ 'ਤੇ ਸ: ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਅਜਿਹੇ ਸਲੋਗਨਾਂ ਦੀ ਕੋਈ ਜ਼ਰੂਰਤ ਨਹੀਂ ਅਕਾਲੀ ਦਲ ਕੰਮ ਕਰਨ ਅਤੇ ਵਿਕਾਸ ਦੀ ਰਾਜਨੀਤੀ ਵਿੱਚ ਵਿਸ਼ਵਾਸ ਰੱਖਦਾ ਹੈ।
ਇਸ ਮੌਕੇ ਉਹਨਾਂ ਕੇਂਦਰੀ ਖ਼ਜ਼ਾਨਾ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਨਾ ਜਿਤਾ ਸਕਣ ਦਾ ਅਫ਼ਸੋਸ ਜ਼ਾਹਿਰ ਕਰਦਿਆਂ ਸਵਾਲ ਕੀਤਾ ਕਿ ਦੱਸਿਆ ਜਾਵੇ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਕਿੱਥੇ ਗਿਆ।ਜਿਸ ਨੇ ਕਿ ਕਲੱਬ ਲਈ ਇੱਕ ਦੁਆਨੀ ਨਹੀਂ ਦਿੱਤੀ।
ਇਸ ਤੋਂ ਪਹਿਲਾਂ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ. ਮਜੀਠੀਆ ਨੇ ਪੱਤਰਕਾਰਾਂ ਨਾਲ ਦਿਲ ਦੀਆਂ ਗੱਲਾਂ ਖੁੱਲ ਕੇ ਸਾਂਝੀਆਂ ਕੀਤੀਆਂ ਅਤੇ ਪੂਰਾ ਸਮਾਂ ਉਹਨਾਂ ਨਾਲ ਹਾਸਾ ਮਜ਼ਾਕ ਚਲਦਾ ਰਿਹਾ। ਉਹਨਾਂ ਕਿਹਾ ਕਿ ਪੱਤਰਕਾਰਾਂ ਦੀਆਂ ਮੁਸ਼ਕਲਾਂ ਨੂੰ ਉਹ ਭਲੀਭਾਂਤ ਸਮਝ ਦੇ ਹਨ ਤੇ ਜਦ ਵੀ ਲੋੜ ਪਈ ਉਹਨਾਂ ਅੱਗੇ ਹੋਕੇ ਪੱਤਰਕਾਰਾਂ ਦੇ ਹੱਕਾਂ ਹਿਤਾਂ ਲਈ ਵਕਾਲਤ ਕੀਤੀ।
ਉਹਨਾਂ ਦੱਸਿਆ ਕਿ ਸਰਕਾਰ ਦੀਆਂ ਮੌਜੂਦਾ ਨਿਯਮਾਂ ਅਨੁਸਾਰ ਪ੍ਰੈੱਸ ਕਲੱਬ ਬਣਾਇਆ ਜਾਣਾ ਅਸੰਭਵ ਸੀ ਪਰ ਉਹਨਾਂ ਨਿਯਮਾਂ ਵਿੱਚ ਲੋੜ ਅਨੁਸਾਰ ਸੋਧ ਕਰਾਉਂਦਿਆਂ ਇਸ ਕੰਮ ਨੂੰ ਨੇਪਰੇ ਚਾੜ੍ਹਿਆ। ਉਹਨਾਂ ਕਿਹਾ ਕਿ ਨਵੀਂ ਬਣਾਈ ਗਈ ਪ੍ਰੈੱਸ ਕਲੱਬ ਦੀ ਇਹ ਇਮਾਰਤ ਆਧੁਨਿਕ ਸਮੇਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤੀ ਗਈ ਹੈ। ਉਨ੍ਹਾਂ ਇਸ ਮੌਕੇ ਪ੍ਰੈੱਸ ਕਲੱਬ 'ਚ ਕੰਪਿਊਟਰਾਂ ਨਾਲ ਲੈਸ ਇੱਕ ਅਤਿ-ਆਧੁਨਿਕ ਪ੍ਰੈੱਸ ਰੂਮ ਅਤੇ ਜਿੰਮ ਸਥਾਪਿਤ ਕਰਨ ਦਾ ਵੀ ਐਲਾਨ ਕੀਤਾ।
ਸ. ਮਜੀਠੀਆ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਤਿੰਨ ਹਫ਼ਤਿਆਂ ਅੰਦਰ ਪ੍ਰੈੱਸ ਕਲੱਬ ਪ੍ਰਬੰਧਕ ਕਮੇਟੀ ਦੀ ਪਾਰਦਰਸ਼ੀ ਢੰਗ ਨਾਲ ਚੋਣ ਕਰਵਾ ਕੇ ਇਸ ਨੂੰ ਮੀਡੀਆ ਭਾਈਚਾਰੇ ਦੇ ਸਿੱਧੇ ਕੰਟਰੋਲ ਹੇਠ ਦੇਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅੰਮ੍ਰਿਤਸਰ ਵਿਖੇ ਪ੍ਰੈੱਸ ਕਲੱਬ ਦੀ ਸਥਾਪਨਾ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਧਾਰਮਿਕ ਤੇ ਇਤਿਹਾਸਕ ਮਹੱਤਵ ਕਾਰਨ ਅੰਮ੍ਰਿਤਸਰ ਇੱਕ ਵਿਸ਼ਵ ਪ੍ਰਸਿੱਧ ਸੈਲਾਨੀ ਕੇਂਦਰ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੈੱਸ ਕਲੱਬ ਗੁਰੂ ਨਗਰੀ ਵਿੱਚ ਆਉਂਦੀਆਂ ਮਹੱਤਵਪੂਰਨ ਸ਼ਖਸੀਅਤਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਅਤੇ ਮੀਡੀਆ ਨਾਲ ਗੱਲਬਾਤ ਕਰਨ ਲਈ ਇੱਕ ਆਦਰਸ਼ ਜਗ੍ਹਾ ਮੁਹੱਈਆ ਕਰਵਾਏਗਾ। ਸ. ਮਜੀਠੀਆ ਨੇ ਕਿਹਾ ਕਿ ਹਾਲ ਹੀ ਵਿੱਚ ਇੱਥੇ ਹੋਈ ਅੰਤਰਰਾਸ਼ਟਰੀ ਕਾਨਫਰੰਸ 'ਹਾਰਟ ਆਫ਼ ਏਸ਼ੀਆ' ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਸਮੇਤ ਅੰਤਰਰਾਸ਼ਟਰੀ ਪਤਵੰਤਿਆਂ ਨੇ ਸ਼ਿਰਕਤ ਕੀਤੀ। ਇਹ ਸਭ ਅਕਾਲੀ-ਭਾਜਪਾ ਸਰਕਾਰ ਵੱਲੋਂ ਇਸ ਪਵਿੱਤਰ ਸ਼ਹਿਰ ਦੇ ਕੀਤੇ ਗਏ ਰਿਕਾਰਡ ਤੋੜ ਵਿਕਾਸ ਕਾਰਨ ਹੀ ਸੰਭਵ ਹੋਇਆ ਹੈ, ਜਿਸ ਤਹਿਤ ਇੱਥੇ ਵਿਸ਼ਵ ਪੱਧਰੀ ਬੁਨਿਆਦੀ ਸੜਕੀ ਢਾਂਚੇ, ਹੈਰੀਟੇਜ ਵਾਕ ਸਟਰੀਟ, ਗੋਲਡਨ ਟੈਂਪਲ ਪਲਾਜ਼ਾ, ਵਾਰ ਹੀਰੋਜ਼ ਮੈਮੋਰੀਅਲ, ਅਰਬਨ ਹਾਟ, ਵਿਰਾਸਤੀ ਪਿੰਡ, ਗੋਬਿੰਦਗੜ੍ਹ ਕਿਲ੍ਹੇ ਦਾ ਨਵੀਨੀਕਰਨ ਅਤੇ ਵਿਸ਼ਾਲ ਐਂਟਰੀ ਗੇਟ ਦੀ ਸਥਾਪਨਾ ਕੀਤੀ ਗਈ ਹੈ।
ਸ੍ਰ ਮਜੀਠੀਆ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਪੱਤਰਕਾਰਾਂ ਦੀ ਭਲਾਈ ਅਤੇ ਉਨ੍ਹਾਂ ਦੇ ਹਿਤਾਂ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੱਤਰਕਾਰਾਂ ਨੂੰ ਅਨੇਕਾਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਮੁਫ਼ਤ ਬੱਸ ਸਫ਼ਰ ਦੀ ਸਹੂਲਤ, 5 ਲੱਖ ਰੁਪਏ ਦਾ ਦੁਰਘਟਨਾ ਬੀਮਾ, ਜ਼ਿਲ੍ਹਿਆਂ ਵਿੱਚ ਪ੍ਰੈੱਸ ਕਲੱਬਾਂ ਦੀ ਸਥਾਪਨਾ, ਸਮਾਰਟ ਕਾਰਡ, ਮਾਨਤਾ ਪ੍ਰਾਪਤ ਪੱਤਰਕਾਰਾਂ ਲਈ ਸਰਕਟ ਹਾਊਸਾਂ ਵਿੱਚ ਰਿਆਇਤੀ ਦਰਾਂ 'ਤੇ ਠਹਿਰਾਅ ਆਦਿ ਵਰਗੀਆਂ ਸਹੂਲਤਾਂ ਸ਼ਾਮਿਲ ਹਨ। ਸ. ਮਜੀਠੀਆ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪੱਤਰਕਾਰਾਂ ਲਈ ਮੁਫ਼ਤ ਬੱਸ ਸਫ਼ਰ ਦੀ ਰਕਮ ਨੂੰ ਵਧਾ ਕੇ ਹੈੱਡ ਕੁਆਰਟਰ ਦੇ ਪੱਤਰਕਾਰਾਂ ਲਈ 1600 ਰੁਪਏ ਅਤੇ ਜ਼ਿਲ੍ਹਿਆਂ ਵਿਚਲੇ ਪੱਤਰਕਾਰਾਂ ਲਈ 1200 ਰੁਪਏ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਨੇ ਮਾਨਤਾ ਪ੍ਰਾਪਤ ਪੱਤਰਕਾਰਾਂ ਅਤੇ ਹੈੱਡ ਕੁਆਰਟਰ 'ਤੇ ਡੈਸਕ ਪੱਤਰਕਾਰਾਂ ਨੂੰ ਸਿਰਫ਼ 1200 ਰੁਪਏ ਅਤੇ ਜ਼ਿਲ੍ਹਿਆਂ ਵਿਚਲੇ ਪੱਤਰਕਾਰਾਂ ਨੂੰ ਕੇਵਲ 800 ਰੁਪਏ ਦੀ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਦਿੱਤੀ ਸੀ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪੱਤਰਕਾਰਾਂ ਨੂੰ ਐਚ. ਵੀ. ਏ. ਸੀ ਏਅਰ ਕੰਡੀਸ਼ਨਰ ਬੱਸਾਂ ਵਿੱਚ ਵੀ ਮੁਫ਼ਤ ਸਫ਼ਰ ਦੀ ਸਹੂਲਤ ਮੁਹੱਈਆ ਕਰਵਾਈ ਹੈ। ਸ. ਮਜੀਠੀਆ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਮੁਫ਼ਤ ਬੱਸ ਸਫ਼ਰ ਸਹੂਲਤ ਦੀ ਰਕਮ ਨੂੰ ਦੁੱਗਣਾ ਕਰਨ ਦੀ ਤਜਵੀਜ਼ ਹੈ ਅਤੇ ਇਸ ਨੂੰ 1200 ਰੁਪਏ ਤੋਂ ਵਧਾ ਕੇ 2400 ਅਤੇ 1600 ਤੋਂ ਵਧਾ ਕੇ 3200 ਰੁਪਏ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੱਤਰਕਾਰਾਂ ਦੀ ਸੁਰੱਖਿਆ ਦੀ ਕੋਈ ਪਰਵਾਹ ਨਹੀਂ ਕੀਤੀ ਜਦਕਿ ਇਹ ਅਕਾਲੀ-ਭਾਜਪਾ ਸਰਕਾਰ ਹੀ ਹੈ, ਜਿਸ ਨੇ ਆਪਣੇ ਪਹਿਲੇ ਕਾਰਜਕਾਲ ਵਿੱਚ ਮਾਨਤਾ ਪ੍ਰਾਪਤ ਪੱਤਰਕਾਰਾਂ ਲਈ 5 ਲੱਖ ਰੁਪਏ ਦਾ ਦੁਰਘਟਨਾ ਬੀਮਾ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਅਤੇ ਹਰੇਕ ਸਾਲ 3900 ਪੱਤਰਕਾਰਾਂ ਨੂੰ ਇਸ ਦੇ ਘੇਰੇ ਵਿੱਚ ਲਿਆਂਦਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮੁੱਖ ਮੰਤਰੀ ਨੇ ਯੈਲੋ ਕਾਰਡ ਵਾਲੇ ਪੱਤਰਕਾਰਾਂ ਲਈ ਵੀ ਇਹ ਸਹੂਲਤ ਸ਼ੁਰੂ ਕਰ ਦਿੱਤੀ ਜਿਸ ਤਹਿਤ ਇਸ ਸਾਲ 4000 ਤੋਂ ਵੱਧ ਪੱਤਰਕਾਰਾਂ ਦਾ 5 ਲੱਖ ਰੁਪਏ ਦਾ ਬੀਮਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਦੁਰਘਟਨਾ ਕਵਰ ਦੇਣ ਲਈ 8.87 ਲੱਖ ਰੁਪਏ ਦਾ ਪ੍ਰੀਮੀਅਮ ਜਮਾਂ ਕਰਵਾਇਆ ਹੈ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਅਤੇ ਜ਼ਿਲ੍ਹਿਆਂ ਵਿੱਚ ਮੀਡੀਆ ਲਈ ਸਰਕਾਰੀ ਘਰ ਉਪਲਬਧ ਕਰਵਾਉਣ ਤੋਂ ਇਲਾਵਾ ਪੰਜਾਬ ਸਰਕਾਰ ਨੇ ਸਾਰੇ ਸਰਕਾਰੀ ਸਰਕਟ ਹਾਊਸਾਂ, ਪੰਜਾਬ ਭਵਨ ਨਵੀਂ ਦਿੱਲੀ ਅਤੇ ਸਿਡਾਰ ਗੈਸਟ ਹਾਊਸ ਸ਼ਿਮਲਾ ਵਿੱਚ ਬਹੁਤ ਘੱਟ ਰੇਟਾਂ 'ਤੇ ਠਹਿਰਾਅ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ। ਸ. ਮਜੀਠੀਆ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪਟਿਆਲਾ ਅਤੇ ਬਠਿੰਡਾ ਵਿੱਚ ਸਰਕਾਰੀ ਇਮਾਰਤਾਂ ਵਿੱਚ ਪ੍ਰੈੱਸ ਕਲੱਬਾਂ ਦੀ ਸਥਾਪਨਾ ਕੀਤੀ ਹੈ ਅਤੇ ਹੋਰਨਾਂ ਜ਼ਿਲ੍ਹਿਆਂ ਵਿੱਚ ਵੀ ਪ੍ਰੈੱਸ ਕਲੱਬ ਸਥਾਪਿਤ ਕੀਤੇ ਜਾਣਗੇ।
ਇਸ ਮੌਕੇ ਅੰਮ੍ਰਿਤਸਰ ਦੇ ਸੀਨੀਅਰ ਪੱਤਰਕਾਰਾਂ ਸ੍ਰੀ ਸ਼ੰਮੀ ਸਰੀਨ, ਸ੍ਰੀ ਦੀਪਕ ਸ਼ਰਮਾ, ਸ. ਜਸਵੰਤ ਸਿੰਘ ਜੱਸ, ਸ. ਜਸਬੀਰ ਸਿੰਘ ਪੱਟੀ, ਸ. ਜਗਮੋਹਨ ਸਿੰਘ, ਸ੍ਰੀ ਰਾਜੇਸ਼ ਗਿੱਲ ਅਤੇ ਸ੍ਰੀ ਸੰਜੀਵ ਪੁੰਜ ਨੇ ਅਤਿ-ਆਧੁਨਿਕ ਪ੍ਰੈੱਸ ਕਲੱਬ ਦੀ ਚਿਰੋਕਣੀ ਮੰਗ ਪੂਰੀ ਕਰਨ ਲਈ ਸ. ਮਜੀਠੀਆ ਦਾ ਧੰਨਵਾਦ ਕੀਤਾ। ਉਪ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ. ਜੰਗਵੀਰ ਸਿੰਘ ਨੇ ਵੀ ਸ. ਮਜੀਠੀਆ ਦਾ ਧੰਨਵਾਦ ਕਰਦਿਆਂ ਮੀਡੀਆ ਭਾਈਚਾਰੇ ਨੂੰ ਵਧਾਈ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ੍ਰੀ ਰਾਜੇਸ਼ ਹਨੀ, ਮੀਡੀਆ ਸਲਾਹਕਾਰ ਪ੍ਰੋ ਸਰਚਾਂਦ ਸਿੰਘ ਤੋਂ ਇਲਾਵਾ ਅੰਮ੍ਰਿਤਸਰ ਦਾ ਸਮੁੱਚਾ ਪੱਤਰਕਾਰ ਭਾਈਚਾਰਾ ਹਾਜ਼ਰ ਸੀ।